ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਦੌਰਾਨ ਇਕੱਠ ਨੇ ਸਿਆਸੀ ਕਾਨਫਰੰਸ ਦਾ ਰੂਪ ਧਾਰਿਆ
ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਮਾਰਚ
ਅਕਾਲ ਤਖ਼ਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤੀ ਲਈ ਬਣੀ ਪੰਜ ਮੈਂਬਰੀ ਕਮੇਟੀ ਵੱਲੋਂ ਅੱਜ ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂ ਕੀਤੀ ਭਰਤੀ ਮੁਹਿੰਮ ਦੌਰਾਨ ਇਕੱਠ ਨੇ ਸਿਆਸੀ ਕਾਨਫਰੰਸ ਦਾ ਰੂਪ ਧਾਰ ਲਿਆ। ਇਸ ਦੌਰਾਨ ਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਥੀਆਂ ਸਣੇ ਭਰਤੀ ਮੁਹਿੰਮ ’ਚ ਸ਼ਾਮਲ ਹੋ ਕੇ ਮੁਹਿੰਮ ਨੂੰ ਹਰ ਤਰ੍ਹਾਂ ਦਾ ਡਟ ਕੇ ਸਹਿਯੋਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਜ਼ਿਲ੍ਹਾ ਸੰਗਰੂਰ ’ਚੋਂ ਉਠੀ ਲਹਿਰ ਪੂਰੇ ਪੰਜਾਬ ’ਚ ਜਾਵੇਗੀ ਜਿਸ ਅੱਗੇ ਕੋਈ ਵੀ ਟਿਕ ਨਹੀਂ ਸਕੇਗਾ। ਅੱਜ ਸੀਨੀਅਰ ਅਕਾਲੀ ਆਗੂ ਬਲਦੇਵ ਸਿੰਘ ਮਾਨ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਥਾਨਕ ਕੈਲਫੋਰਨੀਆਂ ਰਿਜ਼ੌਰਟ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ `ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਜ਼ਿਲ੍ਹਾ ਸੰਗਰੂਰ ਵਿੱਚੋਂ ਭਰਤੀ ਮੁਹਿੰਮ ਲਈ ਉਠੀ ਲਹਿਰ ਪੂਰੇ ਸਿੱਖ ਜਗਤ ਨੂੰ ਕਲਾਵੇ ਵਿੱਚ ਲਵੇਗੀ।
ਕਮੇਟੀ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 2017 ਤੋਂ ਬਾਅਦ ਮੀਟਿੰਗ ’ਚ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਹੋਣ ਲਈ ਆਖਿਆ ਸੀ ਪਰ ਸੁਖਬੀਰ ਗੁੱਸੇ ਹੋ ਕੇ ਮੀਟਿੰਗ ਵਿੱਚੋਂ ਚਲੇ ਗਿਆ, ਜੇ ਉਦੋਂ ਢੀਂਡਸਾ ਦੀ ਗੱਲ ਮੰਨੀ ਹੁੰਦੀ ਤਾਂ ਅੱਜ ਪਾਰਟੀ ਦੇ ਇਹ ਹਾਲਾਤ ਨਾ ਹੁੰਦੇ। ਕਮੇਟੀ ਮੈਂਬਰ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਜੇ ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕੀਤਾ ਹੁੰਦਾ ਤਾਂ ਇਹ ਸਥਿਤੀ ਨਾ ਆਉਂਦੀ। ਸੰਤਾ ਸਿੰਘ ਉਮੈਦਪੁਰੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਸਮੁੱਚੇ ਪੰਥ ਤੇ ਪੰਜਾਬ ਦੀ ਪਾਰਟੀ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਭਰਤੀ ਨੂੰ ਭਰਵਾਂ ਹੁੰਗਾਰਾ ਦੇਣ ਲਈ ਲੋਕਾਂ ਦਾ ਧੰਨਵਾਦ ਕੀਤਾ। ਮੰਚ ਤੋਂ ਝੂੰਦਾਂ ਕਮੇਟੀ ਦੀ ਰਿਪੋਰਟ ਜਨਤਕ ਕਰਨ ਬਾਰੇ ਵੀ ਕਈ ਆਗੂਆਂ ਨੇ ਗੱਲ ਰੱਖੀ। ਇਸ ਦੌਰਾਨ ਗਗਨਜੀਤ ਸਿੰਘ ਬਰਨਾਲਾ, ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ, ਤੇਜਾ ਸਿੰਘ ਕਮਾਲਪੁਰ, ਸੁਖਵੰਤ ਸਿੰਘ ਸਰਾਓ, ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਰਾਮਪਾਲ ਬਹਿਣੀਵਾਲ, ਨਰੰਜਣ ਸਿੰਘ ਭੁਟਾਲ ਨੇ ਸੰਬੋਧਨ ਕੀਤਾ।