ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਵੈਟਰਨਰੀ ’ਵਰਸਿਟੀ ਦਾ ਦੌਰਾ ਕੀਤਾ
ਪੰਜਾਬ ਸਰਕਾਰ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਅੱਜ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦਾ ਦੌਰਾ ਕੀਤਾ। ’ਵਰਸਿਟੀ ਦੇ ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਉਨ੍ਹਾਂ ਨੂੰ ਕੈਂਪਸ ਦੇ ਵੱਖ-ਵੱਖ ਕਾਲਜਾਂ, ਫਾਰਮਾਂ ਅਤੇ ਹੋਰ ਬੁਨਿਆਦੀ ਢਾਂਚਾਗਤ ਸਹੂਲਤਾਂ ਦਾ ਦੌਰਾ ਕਰਵਾਇਆ।
ਇਸ ਦੌਰੇ ਦੌਰਾਨ ਸ੍ਰੀ ਭੰਡਾਰੀ ਨੂੰ ਪਸ਼ੂ ਹਸਪਤਾਲ ਵਿੱਚ ਮੌਜੂਦ ਡਾਇਲੇਸਿਸ ਯੂਨਿਟ, ਪ੍ਰਯੋਗਸ਼ਾਲਾਵਾਂ, ਨਿਰੀਖਣ ਸਹੂਲਤਾਂ, ਕਿਸਾਨ ਸੂਚਨਾ ਕੇਂਦਰ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਤੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਸਾਹਿਤ ਬਾਰੇ ਜਾਣੂ ਕਰਵਾਇਆ ਗਿਆ। ਡੇਅਰੀ ਫਾਰਮ ਵਿੱਚ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਉੱਤਮ ਪਸ਼ੂ, ਉਨ੍ਹਾਂ ਦੀ ਸੰਭਾਲ, ਜਲਵਾਯੂ ਅਨੁਕੂਲ ਸ਼ੈਡਾਂ ਤੇ ਭਰੂਣ ਤਬਾਦਲਾ ਵਿਧੀ ਨਾਲ ਨਸਲ ਸੁਧਾਰ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਪ੍ਰਮੁੱਖ ਸਕੱਤਰ ਨੇ ਮੱਛੀ ਪਾਲਣ ਵਿੱਚ ਰੀਸਰਕੁਲੇਟਰੀ ਮੱਛੀ ਪਾਲਣ ਵਿਧੀਆਂ ਅਤੇ ਬਾਇਓਫਲਾਕ ਢੰਗ ਬਾਰੇ ਰੁਚੀ ਦਿਖਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧੀਆਂ ਨਾਲ ਜ਼ਮੀਨ ਅਤੇ ਪਾਣੀ ਦੇ ਸਰੋਤਾਂ ਦੀ ਸੰਭਾਲ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਉਨ੍ਹਾਂ ਸਟੈੱਮ ਸੈੱਲ ਥੈਰੇਪੀ ਤੇ ਟਿਊਮਰ ਦੇ ਇਲਾਜ ਲਈ ਨਵੀਨਕਾਰੀ ਖੋਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਪ੍ਰਮੁੱਖ ਸਕੱਤਰ ਵੱਲੋਂ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਵਿੱਚ ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਨੇ ਯੂਨੀਵਰਸਿਟੀ ਦੀਆਂ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ਼੍ਰੀ ਭੰਡਾਰੀ ਨੇ ਯੂਨੀਵਰਸਿਟੀ ਦੇ ਲਟਕਦੇ ਆ ਰਹੇ ਮਸਲੇ ਸੁਣੇ ਤੇ ਉਨ੍ਹਾਂ ਦੇ ਹੱਲ ਲਈ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।