ਪੰਜਾਬ ਵੱਲੋਂ ਨੰਗਲ ਡੈਮ ’ਤੇ ਹਮੇਸ਼ਾ ਪੁਲੀਸ ਤਾਇਨਾਤ ਰਹਿਣ ਦਾ ਦਾਅਵਾ
ਚੰਡੀਗੜ੍ਹ (ਚਰਨਜੀਤ ਭੁੱਲਰ): ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ ਨੰਗਲ ਡੈਮ ਨੇੜੇ ਪੰਜਾਬ ਪੁਲੀਸ ਦੀ ਤਾਇਨਾਤੀ ਦਾ ਮੁੱਦਾ ਉਠਾਏ ਜਾਣ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਪੰਜਾਬ ਪੁਲੀਸ ਹਮੇਸ਼ਾ ਲੋਹਾਂਦ ਅਤੇ ਨੰਗਲ ਹੈੱਡ ਵਰਕਸ ’ਤੇ ਤਾਇਨਾਤ ਰਹੀ ਹੈ। ਬੀਬੀਐੱਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਨੇ ਸ਼ਨਿਚਰਵਾਰ ਦੀ ਮੀਟਿੰਗ ਮਗਰੋਂ ਮੁੱਖ ਸਕੱਤਰ ਨੂੰ ਪੱਤਰ ਲਿਖਿਆ ਸੀ, ਜਿਸ ਦੇ ਜਵਾਬ ਵਿੱਚ ਹੁਣ ਪੰਜਾਬ ਦੇ ਮੁੱਖ ਸਕੱਤਰ ਨੇ ਬੀਬੀਐੱਮਬੀ ਨੂੰ ਪੱਤਰ ਭੇਜਿਆ ਹੈ। ਮੁੱਖ ਸਕੱਤਰ ਕੇਏਪੀ ਸਿਨਹਾ ਨੇ ਪੱਤਰ ’ਚ ਲਿਖਿਆ ਕਿ ਪੁਲੀਸ ਡਾਇਰੈਕਟਰ ਜਨਰਲ ਦੀ ਰਿਪੋਰਟ ਅਨੁਸਾਰ ਪੰਜਾਬ ਪੁਲੀਸ ਲੋਹਾਂਦ ਅਤੇ ਨੰਗਲ ਹੈੱਡ ਵਰਕਸ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਨੰਗਲ ਵਾਟਰ ਵਰਕਸ ’ਤੇ ਪੁਲੀਸ ਫੋਰਸ ਦੀ ਤਾਇਨਾਤੀ 1950 ਤੋਂ ਹੀ ਹੈ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਕੁੱਲ 136 ਪੁਲੀਸ ਕਰਮਚਾਰੀ ਨੰਗਲ ਹੈੱਡ ਵਰਕਸ ’ਤੇ ਤਾਇਨਾਤ ਹਨ। ਮੁੱਖ ਸਕੱਤਰ ਨੇ ਪੱਤਰ ’ਚ ਲਿਖਿਆ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਵਧਦੇ ਤਣਾਅ ਅਤੇ ਡੈਮਾਂ ਸਮੇਤ ਅਹਿਮ ਅਦਾਰਿਆਂ ਦੀ ਸੁਰੱਖਿਆ ਮਜ਼ਬੂਤ ਕਰਨ ਲਈ ਫ਼ੌਜੀ ਅਧਿਕਾਰੀਆਂ ਦੀਆਂ ਸਲਾਹਾਂ ਦੇ ਮੱਦੇਨਜ਼ਰ ਐੱਸਐੱਸਪੀ ਰੋਪੜ ਅਤੇ ਡੀਆਈਜੀ ਰੋਪੜ ਰੇਂਜ ਨੇ ਕ੍ਰਮਵਾਰ 30 ਅਪਰੈਲ ਅਤੇ ਪਹਿਲੀ ਮਈ ਨੂੰ ਦੋਵਾਂ ਥਾਵਾਂ ਦਾ ਦੌਰਾ ਕੀਤਾ ਸੀ। ਮੁੱਖ ਸਕੱਤਰ ਨੇ ਪੰਜਾਬ ਸਰਕਾਰ ਦੇ ਸਟੈਂਡ ਨੂੰ ਦੁਹਰਾਇਆ ਹੈ। ਮੁੱਖ ਸਕੱਤਰ ਨੇ ਪੱਤਰ ’ਚ ਕਿਹਾ ਹੈ ਕਿ ਪੰਜਾਬ ਨੇ ਹਰਿਆਣਾ ਰਾਜ ਦੇ ਨਿਰਧਾਰਿਤ ਹਿੱਸੇ ਤੋਂ ਵੱਧ 4000 ਕਿਊਸਕ ਵਾਧੂ ਛੱਡਣ ਲਈ ਸਹਿਮਤੀ ਦੇ ਕੇ ਉਦਾਰਤਾ ਦਿਖਾਈ ਹੈ ਤਾਂ ਜੋ ਹਰਿਆਣਾ ਦੀਆਂ ਪੀਣ ਵਾਲੇ ਪਾਣੀ ਦੀਆਂ ਲੋੜਾਂ ਪੂਰੀਆਂ ਹੋ ਸਕਣ। ਪੰਜਾਬ ਇਹ ਸਮਝਣ ਵਿੱਚ ਅਸਮਰਥ ਰਿਹਾ ਹੈ ਕਿ ਹਰਿਆਣਾ ਰਾਜ ਨੇ ਆਪਣੀ ਮੰਗ ਅਚਾਨਕ 4000 ਕਿਊਸਕ ਤੋਂ ਵਧਾ ਕੇ 8500 ਕਿਊਸਕ ਕਰ ਦਿੱਤੀ।