ਪੰਜਾਬ ਵਿੱਚ ਐੱਮਐੱਸਪੀ ਤੋਂ ਵੱਧ ਭਾਅ ਵਿਕਣ ਲੱਗੀ ਕਣਕ
ਜੋਗਿੰਦਰ ਸਿੰਘ ਮਾਨ
ਮਾਨਸਾ, 26 ਅਪਰੈਲ
ਪੰਜਾਬ ਵਿੱਚ ਕਣਕ ਦੀ ਫ਼ਸਲ ਐਤਕੀਂ ਐੱਮਐੱਸਪੀ ਤੋਂ ਵੱਧ ਕੀਮਤ ’ਤੇ ਵਿਕ ਰਹੀ ਹੈ। ਜ਼ਿਲ੍ਹਾ ਸੰਗਰੂਰ, ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਮਾਨਸਾ ਵਿੱਚ ਲਗਾਤਾਰ ਇੱਕ ਹਫ਼ਤੇ ਤੋਂ ਪ੍ਰਾਈਵੇਟ ਵਪਾਰੀ ਕਣਕ ਦੀ ਫ਼ਸਲ 5 ਤੋਂ 10 ਰੁਪਏ ਪ੍ਰਤੀ ਕੁਇੰਟਲ ਵਧ ਕੇ ਖਰੀਦ ਰਹੇ ਹਨ। ਉਪ ਜ਼ਿਲ੍ਹਾ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਮੰਨਿਆ ਕਿ ਇਸ ਵਾਰ ਮੰਡੀਆਂ ਵਿੱਚ ਆ ਰਹੀ ਕਣਕ ਨੂੰ ਪ੍ਰਾਈਵੇਟ ਵਪਾਰੀ ਬੜੇ ਹੌਸਲੇ ਨਾਲ ਖਰੀਦਣ ਲੱਗੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਵੱਲੋਂ ਐੱਮਐੱਸਪੀ ਤੋਂ 5 ਤੋਂ 10 ਰੁਪਏ ਪ੍ਰਤੀ ਕੁਇੰਟਲ ਵਧ ਕੇ ਕਣਕ ਦੀ ਬੋਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 14656 ਮੀਟ੍ਰਿਕ ਟਨ ਕਣਕ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਜਾ ਚੁੱਕੀ ਹੈ। ਇਸੇ ਦੌਰਾਨ ਮੰਡੀ ਵਿੱਚ ਕਣਕ ਲੈ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦਾ ਝਾੜ ਚੰਗਾ ਹੈ। ਕਿਸਾਨ ਬਲਵੀਰ ਸਿੰਘ ਮੂਸਾ ਤੇ ਗੁਰਮਹਿੰਦਰ ਸਿੰਘ ਮੀਆਂ ਦਾ ਕਹਿਣਾ ਹੈ ਕਿ ਕਣਕ ਦਾ ਦਾਣਾ ਇਸ ਵਾਰ ਮੋਟਾ ਹੈ ਅਤੇ 60 ਤੋਂ 65 ਮਣ ਦੇ ਵਿਚਕਾਰ ਕਣਕ ਦਾ ਪ੍ਰਤੀ ਏਕੜ ਝਾੜ ਨਿਕਲ ਰਿਹਾ ਹੈ। ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਅਤੇ ਸਰਦੂਲਗੜ੍ਹ ਦੇ ਆੜ੍ਹਤੀਏ ਸੰਤ ਰਾਮ ਮੀਰਪੁਰ ਨੇ ਕਿਹਾ ਕਿ ਚੰਗੇ ਭਾਅ ਦੀ ਉਮੀਦ ਨਾਲ ਕਿਸਾਨ ਕਣਕ ਨੂੰ ਘਰਾਂ ਵਿੱਚ ਸਟੋਰ ਕਰਨ ਲੱਗੇ ਹਨ।
ਪੰਜਾਬ ਮੰਡੀ ਬੋਰਡ ਅਨੁਸਾਰ ਸੰਗਰੂਰ ਜ਼ਿਲ੍ਹੇ ਵਿੱਚ 193000 ਮੀਟਰਕ ਟਨ, ਬਠਿੰਡਾ ਜ਼ਿਲ੍ਹੇ ਵਿੱਚ 41000 ਮੀਟਰ ਟਨ ਕਣਕ ਅਤੇ ਮਾਨਸਾ ’ਚ 15900 ਮੀਟਰਕ ਟਨ ਕਣਕ ਪ੍ਰਾਈਵੇਟ ਵਪਾਰੀਆਂ ਵੱਲੋਂ ਐੱਮਐੱਸਪੀ ਤੋਂ ਉਪਰ ਖਰੀਦੀ ਗਈ ਹੈ। ਇਸੇ ਤਰ੍ਹਾਂ ਬਰਨਾਲਾ, ਮੋਗਾ, ਫਰੀਦਕੋਟ, ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਵਿੱਚ ਵੀ ਪ੍ਰਾਈਵੇਟ ਵਪਾਰੀਆਂ ਵੱਲੋਂ ਸਰਕਾਰੀ ਭਾਅ ਤੋਂ ਉਪਰ ਕਣਕ ਨੂੰ ਖਰੀਦਿਆ ਜਾ ਰਿਹਾ ਹੈ।