ਪੰਜਾਬ ਭਰ ’ਚ ਮੌਕ ਡਰਿੱਲ ਤੋਂ ਬਾਅਦ ਬਲੈਕਆਊਟ
ਆਤਿਸ਼ ਗੁਪਤਾ
ਚੰਡੀਗੜ੍ਹ, 7 ਮਈ
ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਕੇਂਦਰ ਵੱਲੋਂ ਕੀਤੇ ਗਏ ਐਲਾਨ ਤਹਿਤ ਅੱਜ ਪੰਜਾਬ ਭਰ ਵਿੱਚ ਮੌਕ ਡਰਿੱਲ ਕੀਤੀ ਗਈ। ਇਸ ਦੌਰਾਨ ਸਾਇਰਨ ਵਜਦੇ ਹੀ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਪੁਰ, ਬਰਨਾਲਾ, ਨੰਗਲ, ਹਲਵਾਰਾ, ਕੋਟਕਪੂਰਾ, ਬਟਾਲਾ, ਮੁਹਾਲੀ, ਅਬੋਹਰ, ਰੋਪੜ, ਸੰਗਰੂਰ ਅਤੇ ਹੋਰ ਸ਼ਹਿਰਾਂ ਵਿੱਚ ਬਲੈਕਆਊਟ ਹੋ ਗਿਆ। ਸ਼ਹਿਰਾਂ ਵਿੱਚ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਲੋਕਾਂ ਦੇ ਵਾਹਨ ਵੀ ਸੜਕਾਂ ’ਤੇ ਹੀ ਰੋਕ ਦਿੱਤੇ ਗਏ। ਅੱਜ ਹੋਈ ਮੌਕ ਡਰਿੱਲ ਦੌਰਾਨ ਪੰਜਾਬ ਪੁਲੀਸ, ਕੇਂਦਰੀ ਸੁਰੱਖਿਆ ਬਲ, ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐੱਨਡੀਆਰਐਫ), ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਨਗਰ ਨਿਗਮ, ਸਿਹਤ ਵਿਭਾਗ, ਸਿਵਲ ਡਿਫੈਂਸ ਅਤੇ ਐੱਨਸੀਸੀ ਸਮੇਤ ਕਈ ਏਜੰਸੀਆਂ ਵੱਖ-ਵੱਖ ਥਾਵਾਂ ’ਤੇ ਡਟੀਆਂ ਰਹੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪਰਮਾਣੂ ਪਲਾਟਾਂ, ਰਿਫਾਇਨਰੀ ਤੇ ਪਣ-ਬਿਜਲੀ ਡੈਮਾਂ ਵਰਗੀਆਂ ਸੰਵੇਦਨਸ਼ੀਲ ਥਾਵਾਂ ’ਤੇ ਹਵਾਈ ਹਮਲਿਆਂ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਦੀ ਰਿਹਰਸਲ ਕਰਵਾਉਣ ਲਈ ਮੌਕ ਡਰਿੱਲ ਕਰਵਾਈ ਗਈ। ਇਸ ਦੌਰਾਨ ਪੰਜਾਬ ਪੁਲੀਸ, ਸੁਰੱਖਿਆ ਬਲਾਂ ਤੇ ਆਫਤ ਪ੍ਰਬੰਧਨ ਟੀਮਾਂ ਨੇ ਸੂਬੇ ਵਿੱਚ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਥਾਵਾਂ ’ਤੇ ਮੌਕ ਡਰਿੱਲ ਕੀਤੀ। ਮੌਕ ਡਰਿੱਲ ਸਮੇਂ ਸੁਰੱਖਿਆ ਬਲਾਂ ’ਚ ਤਾਇਨਾਤ ਮੁਲਾਜ਼ਮਾਂ ਅਤੇ ਹੋਰ ਨੌਜਵਾਨਾਂ ਨੂੰ ਜੰਗ ਵਰਗੇ ਹਾਲਾਤ ਬਣਨ ’ਤੇ ਲੋੜੀਂਦੇ ਕਦਮ ਚੁੱਕਣ ਬਾਰੇ ਜਾਣੂ ਕਰਵਾਇਆ ਗਿਆ। ਇਸ ਦੌਰਾਨ ਕਈ ਸਕੁੂਲਾਂ ਤੇ ਕਾਲਜਾਂ ਵਿੱਚ ਵੀ ਨੌਜਵਾਨਾਂ ਨੂੰ ਐਮਰਜੈਂਸੀ ਵਰਗੇ ਹਾਲਾਤ ਬਣਨ ’ਤੇ ਉਸ ਨਾਲ ਨਜਿੱਠਣ ਬਾਰੇ ਜਾਗਰੂਕ ਕੀਤਾ ਗਿਆ। ਪੁਲੀਸ ਨੇ ਵੀ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਬਾਰੇ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਸ਼ਾਮ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੁਰੱਖਿਆ ਸਾਇਰਨ ਵੱਜਣ ’ਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਤੇ ਹਨੇਰਾ ਛਾ ਗਿਆ। ਇਸ ਦੌਰਾਨ ਸੜਕਾਂ ’ਤੇ ਜਾਂਦੇ ਵਾਹਨ ਵੀ ਉੱਥੇ ਹੀ ਰੋਕ ਦਿੱਤੇ ਗਏ। ਉਨ੍ਹਾਂ ਦੀਆਂ ਲਾਈਟਾਂ ਵੀ ਬੰਦ ਕਰਵਾ ਦਿੱਤੀਆਂ ਹਨ, ਤਾਂ ਜੋ ਹਵਾਈ ਹਮਲਿਆਂ ਦੌਰਾਨ ਦੁਸ਼ਮਣਾਂ ਨੂੰ ਰਿਹਾਇਸ਼ੀ ਇਲਾਕਿਆਂ ਬਾਰੇ ਸੂਹ ਨਾ ਲੱਗ ਸਕੇ।