'How to steal an election' 2024 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਜਮਹੂਰੀਅਤ ਨਾਲ ਧੋਖਾਧੜੀ ਦਾ ਬਲੂਪ੍ਰਿੰਟ: ਰਾਹੁਲ ਗਾਂਧੀ
ਨਵੀਂ ਦਿੱਲੀ, 7 ਜੂਨ
'How to steal an election' ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਸਾਲ ਨਵੰਬਰ ਵਿਚ ਹੋਈਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ’ਚ ‘ਧੋਖਾਧੜੀ’ ਹੋਈ ਸੀ ਤੇ ਇਸ ਸਾਲ ਦੇ ਅਖੀਰ ਵਿਚ ਆਗਾਮੀ ਬਿਹਾਰ ਅਸੈਂਬਲੀ ਚੋਣਾਂ ਵਿਚ ਉਹੀ ਕੁਝ ਦੁਹਰਾਇਆ ਜਾਵੇਗਾ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਅਖ਼ਬਾਰ ’ਚ ਪ੍ਰਕਾਸ਼ਿਤ ਆਪਣਾ ਮਜ਼ਮੂਨ ਸਾਂਝਾ ਕੀਤਾ ਹੈ, ਜਿਸ ਵਿਚ ਮਹਾਰਾਸ਼ਟਰ ਅਸੈਂਬਲੀ ਚੋਣਾਂ ਵਿਚ ਹੋਈ ‘ਹੇਰਾਫਾਰੀ’ ਬਾਰੇ ਵਿਸਥਾਰ ’ਚ ਦੱਸਿਆ ਹੈ। ਗਾਂਧੀ ਨੇ ਐਕਸ ’ਤੇ ਕਿਹਾ, ‘‘2024 ਦੀਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਜਮਹੂਰੀਅਤ ਨਾਲ ਧੋਖਾਧੜੀ ਦਾ ਬਲੂਪ੍ਰਿੰਟ ਸਨ। ਮੇਰਾ ਮਜ਼ਮੂਨ ਦਰਸਾਉਂਦਾ ਹੈ ਕਿ ਕਦਮ ਦਰ ਕਦਮ ਇਹ ਕਿਵੇਂ ਹੋਇਆ।’’
How to steal an election?
Maharashtra assembly elections in 2024 were a blueprint for rigging democracy.
My article shows how this happened, step by step:
Step 1: Rig the panel for appointing the Election Commission
Step 2: Add fake voters to the roll
Step 3: Inflate voter… pic.twitter.com/ntCwtPVXTu— Rahul Gandhi (@RahulGandhi) June 7, 2025
ਸਾਬਕਾ ਕਾਂਗਰਸ ਪ੍ਰਧਾਨ ਨੇ ਪੰਜ-ਨੁਕਾਤੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲੇ ਕਦਮ ਵਜੋਂ ਚੋਣ ਕਮਿਸ਼ਨ ਦੀ ਨਿਯੁਕਤੀ ਕਰਨ ਵਾਲੇ ਪੈਨਲ ਵਿੱਚ ਹੇਰਾਫੇਰੀ ਹੋਈ, ਉਸ ਤੋਂ ਬਾਅਦ ਵੋਟਰ ਸੂਚੀ ਵਿੱਚ ਫ਼ਰਜ਼ੀ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ। ਗਾਂਧੀ ਨੇ ਦਾਅਵਾ ਕੀਤਾ ਕਿ ਇਸ ਤੋਂ ਅਗਲੀ ਪੇਸ਼ਕਦਮੀ ਵਿੱਚ ਵੋਟਰਾਂ ਦੀ ਗਿਣਤੀ ਵਧਾਉਣਾ, ਫ਼ਰਜ਼ੀ ਵੋਟਿੰਗ ਨੂੰ ਉਸੇ ਥਾਂ ’ਤੇ ਨਿਸ਼ਾਨਾ ਬਣਾਉਣਾ ਜਿੱਥੇ ਭਾਜਪਾ ਨੂੰ ਜਿੱਤਣ ਦੀ ਲੋੜ ਹੈ ਅਤੇ ਸਬੂਤ ਲੁਕਾਉਣਾ ਸ਼ਾਮਲ ਹੈ। ਗਾਂਧੀ ਨੇ ਕਿਹਾ, ‘‘ਪਹਿਲਾ ਕਦਮ: ਚੋਣ ਕਮਿਸ਼ਨ ਦੀ ਨਿਯੁਕਤੀ ਵਾਲੀ ਕਮੇਟੀ ’ਚ ਹੇਰਾਫੇਰੀ, ਦੂਜਾ ਕਦਮ: ਚੋਣ ਸੂਚੀਆਂ ਵਿਚ ਫ਼ਰਜ਼ੀ ਵੋਟਰ ਸ਼ਾਮਲ ਕਰਨਾ, ਤੀਜਾ ਕਦਮ: ਵੋਟਰਾਂ ਦੀ ਗਿਣਤੀ ਵਧਾਉਣਾ, ਚੌਥਾ ਕਦਮ: ਭਾਜਪਾ ਨੂੰ ਜਿੱਥੇ ਜਿੱਤਣ ਦੀ ਲੋੜ ਹੈ ਉਥੇ ਫ਼ਰਜ਼ੀ ਵੋਟਿੰਗ ਨੂੰ ਨਿਸ਼ਾਨਾ ਬਣਾਉਣਾ, ਪੰਜਵਾਂ ਕਦਮ: ਸਬੂਤ ਲੁਕਾਉਣਾ।’
ਗਾਂਧੀ ਨੇ ਧੋਖਾਧੜੀ ਨੂੰ ‘ਮੈਚ ਫਿਕਸਿੰਗ’ ਕਰਾਰ ਦਿੱਤਾ। ਰਾਏਬਰੇਲੀ ਤੋਂ ਸੰਸਦ ਮੈਂਬਰ ਨੇ ਕਿਹਾ, ‘‘ਇਹ ਸਮਝਣਾ ਔਖਾ ਨਹੀਂ ਹੈ ਕਿ ਭਾਜਪਾ ਮਹਾਰਾਸ਼ਟਰ ਵਿੱਚ ਇੰਨੀ ਬੇਚੈਨ ਕਿਉਂ ਸੀ। ਪਰ ਹੇਰਾਫੇਰੀ/ਤਿਗਮੜਬਾਜ਼ੀ ਮੈਚ ਫਿਕਸਿੰਗ ਵਾਂਗ ਹੈ- ਧੋਖਾਧੜੀ ਕਰਨ ਵਾਲੀ ਧਿਰ ਖੇਡ ਜਿੱਤ ਸਕਦੀ ਹੈ ਪਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਏਗੀ ਅਤੇ ਚੋਣ ਨਤੀਜਿਆਂ ਵਿੱਚ ਲੋਕਾਂ ਦੇ ਭਰੋਸੇ ਨੂੰ ਢਾਹ ਲਾਏਗੀ। ਸਾਰੇ ਸਬੰਧਤ ਭਾਰਤੀਆਂ ਨੂੰ ਸਬੂਤ ਦੇਖਣੇ ਚਾਹੀਦੇ ਹਨ। ਖੁਦ ਫ਼ੈਸਲਾ ਕਰੋ। ਜਵਾਬ ਮੰਗੋ।’’ ਗਾਂਧੀ ਨੇ ਚੇਤਾਵਨੀ ਦਿੱਤੀ ਕਿ ਮਹਾਰਾਸ਼ਟਰ ਦੀ ‘ਮੈਚ ਫਿਕਸਿੰਗ’ ਅੱਗੇ ਬਿਹਾਰ (ਜਿੱਥੇ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ) ਅਤੇ ਉਨ੍ਹਾਂ ਥਾਵਾਂ ’ਤੇ ਨਜ਼ਰ ਆਏਗੀ ਜਿੱਥੇ ਭਾਜਪਾ ਚੋਣਾਂ ਹਾਰ ਰਹੀ ਹੈ। ‘‘ਮੈਚ-ਫਿਕਸਿੰਗ ਵਾਲੀਆਂ ਚੋਣਾਂ ਕਿਸੇ ਵੀ ਜਮਹੂਰੀਅਤ ਲਈ ਜ਼ਹਿਰ ਹਨ।’’
ਮਹਾਰਾਸ਼ਟਰ ਅਸੈਂਬਲੀ ਚੋਣਾਂ 2024 ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗਠਜੋੜ ਨੇ 235 ਸੀਟਾਂ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ ਸੀ। ਨਤੀਜੇ ਭਾਜਪਾ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸਨ, ਜੋ 132 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ। ਮਹਾਯੁਤੀ ਗਠਜੋੜ ਦਾ ਹਿੱਸਾ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੀ ਕ੍ਰਮਵਾਰ 57 ਅਤੇ 41 ਸੀਟਾਂ ਜਿੱਤੀਆਂ। ਮਹਾਂ ਵਿਕਾਸ ਅਘਾੜੀ (MVA) ਨੂੰ ਵੱਡਾ ਝਟਕਾ ਲੱਗਾ ਜਦੋਂ ਕਾਂਗਰਸ ਸਿਰਫ਼ 16 ਸੀਟਾਂ ਜਿੱਤ ਸਕੀ। ਇਸ ਦੇ ਗੱਠਜੋੜ ਭਾਈਵਾਲ, ਸ਼ਿਵ ਸੈਨਾ (UBT) ਨੇ 20 ਸੀਟਾਂ ਜਿੱਤੀਆਂ, ਜਦੋਂ ਕਿ NCP (ਸ਼ਰਦ ਪਵਾਰ ਧੜਾ) ਸਿਰਫ਼ 10 ਸੀਟਾਂ ਹੀ ਜਿੱਤ ਸਕਿਆ।
ਭਾਰਤੀ ਚੋਣ ਕਮਿਸ਼ਨ (ECI) ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਜਤਾਏ ਗਏ ਫ਼ਿਕਰਾਂ ਦਰਮਿਆਨ ਵੋਟਰ ਮਤਦਾਨ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਸੀ। ਕਾਂਗਰਸ ਪਾਰਟੀ ਨੂੰ ਆਪਣੇ ਵਿਸਥਾਰਤ ਜਵਾਬ ਵਿੱਚ, ਸਿਖਰਲੀ ਚੋਣ ਸੰਸਥਾ ਨੇ ਚੋਣਾਂ ਦੌਰਾਨ ਵੋਟਰ ਮਤਦਾਨ ਡੇਟਾ ਦੇ ਇਕੱਠੇ ਕਰਨ ਦੇ ਪਿੱਛੇ ਦੀ ਪ੍ਰਕਿਰਿਆ ਬਾਰੇ ਦੱਸਿਆ ਸੀ। -ਏਐੱਨਆਈ
ਉਧਰ ਭਾਜਪਾ ਨੇ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਨੂੰ ‘ਸ਼ਰਮਨਾਕ’ ਕਰਾਰ ਦਿੱਤਾ ਹੈ। ਐੱਨਡੀਟੀਵੀ ਨੇ ਆਪਣੀ ਇਕ ਰਿਪੋਰਟ ਵਿਚ ਭਾਜਪਾ ਆਗੂ ਤੁਹਿਨ ਸਿਨਹਾ (Tuhin Sinha) ਦੇ ਹਵਾਲੇ ਨਾਲ ਕਿਹਾ, ‘‘ਰਾਹੁਲ ਗਾਂਧੀ ਦੇਸ਼ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀਆਂ ਆਪਣੀਆਂ ਘਿਣਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਹਨ। ਇਨ੍ਹਾਂ ਮੁੱਦਿਆਂ ਨੂੰ ਚੋਣ ਕਮਿਸ਼ਨ ਵੱਲੋਂ ਵਾਰ-ਵਾਰ ਪੂਰੇ ਵਿਸਥਾਰ ਵਿੱਚ ਸੰਬੋਧਤ ਕੀਤਾ ਗਿਆ ਹੈ।’’ ਸਿਨਹਾ ਨੇ ਕਿਹਾ, ‘‘ਇਹ ਆਮ ਪ੍ਰਕਿਰਿਆ ਹੈ। ਕਰਨਾਟਕ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਅਮਲ ਅਪਣਾਇਆ ਗਿਆ ਸੀ, ਜਿਸ ਵਿੱਚ ਕਾਂਗਰਸ ਜਿੱਤੀ ਸੀ। ਇਸ ਤੋਂ ਇਲਾਵਾ, ਰਾਹੁਲ ਗਾਂਧੀ ਨੇ ਖੁਦ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਅੰਕੜਿਆਂ ਦਾ ਹਵਾਲਾ ਦਿੱਤਾ ਹੈ।’’