ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ; ਦੁਕਾਨਾਂ, ਕਾਰੋਬਾਰ ਤੇ ਬਾਜ਼ਾਰ ਬੰਦ ਰਹੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਦਸੰਬਰ
ਇਥੇ ਕਿਸਾਨ-ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਵਿਆਪਕ ਪੱਧਰ ’ਤੇ ਭਰਵਾਂ ਹੁੰਗਾਰਾ ਮਿਲਿਆ ਅਤੇ ਇਸ ਬੰਦ ਦੇ ਸੱਦੇ ਨੂੰ ਹਰ ਵਰਗ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਦੇ ਸਿੱਟੇ ਵਜੋਂ ਰੇਲ ’ਤੇ ਸੜਕ ਆਵਾਜਾਈ ਬੰਦ ਰਹੀ ਅਤੇ ਕਾਰੋਬਾਰ ਤੇ ਦੁਕਾਨਾਂ ਬੰਦ ਰਹੀਆਂ। ਇਸ ਸਬੰਧੀ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ ਗੋਲਡਨ ਗੇਟ ’ਤੇ ਧਰਨਾ ਦਿੱਤਾ ਗਿਆ ਸੀ, ਜਿੱਥੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੱਜ ਦੇ ਬੰਦ ਨੂੰ ਸਮੂਹ ਪੰਜਾਬੀਆਂ ਵੱਲੋਂ ਮਿਲੇ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਸ਼ੰਭੂ, ਖਨੌਰੀ ਅਤੇ ਰਤਨਪੁਰਾ (ਰਾਜਸਥਾਨ) ਬਾਡਰਾਂ ’ਤੇ ਚੱਲ ਰਹੇ ਦਿੱਲੀ ਅੰਦੋਲਨ 2 ਦੀਆਂ ਮੰਗਾਂ ਨਾਲ ਸਮੁੱਚੇ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ 23 ਜਿਲ੍ਹਿਆਂ ਵਿੱਚ 200 ਤੋਂ ਵੱਧ ਥਾਵਾਂ ’ਤੇ ਧਰਨੇ ਪ੍ਰਦਰਸ਼ਨ ਕੀਤਾ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੇਂਦਰ ਜਾਂ ਪੰਜਾਬ ਸਰਕਾਰ ਵੱਲੋਂ ਖਨੌਰੀ ਬਾਡਰ ’ਤੇ ਕੋਈ ਪੁਲੀਸ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ। ਇਸ ਦੌਰਾਨ ਸ਼ਹਿਰ ਵਿਚ ਗੋਲਡਨ ਗੇਟ ਸਮੇਤ ਬਸ ਅੱਡੇ ਨੇੜੇ, ਭੰਡਾਰੀ ਪੁਲ ਤੇ ਹੋਰ ਕਈ ਥਾਵਾਂ ਤੇ ਕਿਸਾਨਾ ਨੇ ਧਰਨੇ ਦਿੱਤੇ ਅਤੇ ਆਵਾਜਾਈ ਰੋਕੀ ਗਈ। ਇਸ ਦੌਰਾਨ ਸ਼ਹਿਰ ਵਿਚ ਪੁਲੀਸ ਵੀ ਵੱਡੇ ਪੱਧਰ ’ਤੇ ਤਾਇਨਾਤ ਸੀ ਤਾਂ ਜੋ ਕੋਈ ਅਣਸੁਖਾਵੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਇਸੇ ਤਰ੍ਹਾਂ ਅੱਜ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਦੂਸਰੇ ਫੋਰਮ ਦੇ ਸੱਦੇ ’ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਟਰੈਕਟਰ ਮਾਰਚ ਕੀਤਾ ਅਤੇ ਰੇਲ ਪਟੜੀਆਂ ਤੇ ਸੜਕੀ ਆਵਾਜਾਈ ਬੰਦ ਕੀਤੀ। ਇਸ ਮੌਕੇ ਜਥੇਬੰਦੀ ਸੂਬਾ ਆਗੂ ਦਵਿੰਦਰ ਸਿੰਘ ਚਾਟੀਵਿੰਡ, ਕਾਰਜ ਸਿੰਘ ਰਾਮਪੁਰਾ ,ਰੁਪਿੰਦਰਜੀਤ ਸਿੰਘ ਸੁਲਤਾਨਵਿੰਡ ਨੇ ਸੰਬੋਧਨ ਕੀਤਾ। ਧਰਨੇ ਵਿਚ ਸਰਪੰਚ ਸੰਦੀਪ ਸਿੰਘ ਮਿੱਠਾ ,ਸਰਬਜੀਤ ਸਿੰਘ ਰਾਮਪੁਰਾ ,ਸੁਖਦੇਵ ਸਿੰਘ ,ਹਰਪਾਲ ਸਿੰਘ ਝੀਤੇ ,ਸੰਤੋਖ ਸਿੰਘ, ਅੰਗਰੇਜ਼ ਸਿੰਘ ਚਾਟੀਵਿੰਡ, ਮਿਲਖਾ ਸਿੰਘ ਹਾਜ਼ਰ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਅੱਜ ਇਲਾਕੇ ਦੇ ਕਿਸਾਨਾਂ-ਮਜ਼ਦੂਰਾਂ ਨੇ ਮੰਨਣ ਟੌਲ ਪਲਾਜ਼ਾ ’ਤੇ ਧਰਨਾ ਦਿੱਤਾ ਅਤੇ ਕੇਂਦਰ ਸਰਕਾਰ ਵੱਲੋਂ ਸੰਘਰਸ਼ ਕਰਦੀਆਂ ਜਥੇਬੰਦੀਆਂ ਨਾਲ ਗੱਲ ਬਾਤ ਤੱਕ ਵੀ ਕਰਨ ਤੋਂ ਇਨਕਾਰ ਕਰਨ ਦੀ ਨਿਖੇਧੀ ਕੀਤੀ| ਜਥੇਬੰਦੀ ਨੇ ਸਰਕਾਰ ਨੂੰ ਆਪਣਾ ਸੰਘਰਸ਼ ਜਿੱਤ ਤੱਕ ਜਾਰੀ ਰੱਖਣ ਦੀ ਵਿਤਾਵਨੀ ਦਿੱਤੀ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਕਰਨਬੀਰ ਸਿੰਘ ਬੁਰਜ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂ ਹਰਪਾਲ ਸਿੰਘ ਪੰਡੋਰੀ ਸਿਧਵਾ, ਜ਼ੋਨ ਪ੍ਰਧਾਨ ਕੁਲਵਿੰਦਰ ਸਿੰਘ ਕੈਰੋਵਾਲ, ਪਰਮਜੀਤ ਸਿੰਘ ਛੀਨਾ, ਹਰਦੀਪ ਸਿੰਘ ਜੌਹਲ ਆਦਿ ਨੇ ਵੀ ਸੰਬੋਧਨ ਕੀਤਾ।
ਪਠਾਨਕੋਟ(ਐੱਨਪੀ ਧਵਨ): ਪੰਜਾਬ ਬੰਦ ਕਾਰਨ ਅੰਮ੍ਰਿਤਸਰ-ਪਠਾਨਕੋਟ ਵਿਚਾਲੇ ਰੇਲਾਂ ਅਤੇ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹੇ ਵਿੱਚ 4 ਥਾਵਾਂ ’ਤੇ ਧਰਨੇ ਦਿੱਤੇ। ਜਿਸ ਵਿੱਚ ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਲਦਪਾਲਵਾਂ, ਜੰਮੂ-ਦਿੱਲੀ ਨੈਸ਼ਨਲ ਹਾਈਵੇਅ ’ਤੇ ਮਾਧੋਪੁਰ, ਪਠਾਨਕੋਟ-ਬਮਿਆਲ ਸੜਕ ’ਤੇ ਸਥਿਤ ਕਥਲੌਰ ਪੁਲ ਉਪਰ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਰੋਟ ਜੈਮਲ ਸਿੰਘ ਦੇ ਅੱਡਾ ਫਤਹਿਪੁਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ। ਕਿਸਾਨਾਂ ਨੇ ਪਠਾਨਕੋਟ ਸ਼ਹਿਰ ਵਿੱਚ ਟਰੈਕਟਰ ਮਾਰਚ ਵੀ ਕੀਤਾ। ਇਸ ਦੌਰਾਨ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਵੀ ਕੀਤੇ ਗਏ ਸਨ ਅਤੇ ਕਿਸੇ ਵੀ ਜਗ੍ਹਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਬਹੁਤ ਸਾਰੇ ਯਾਤਰੀ ਬੱਸਾਂ ਅਤੇ ਰੇਲ ਗੱਡੀਆਂ ਦਾ ਇੰਤਜ਼ਾਰ ਕਰਦੇ ਰਹੇ, ਪਰ ਟਰਾਂਸਪੋਰਟ ਸੇਵਾਵਾਂ ਬੰਦ ਹੋਣ ਕਾਰਨ ਆਪਣਾ ਸਫ਼ਰ ਸਮੇਂ ਸਿਰ ਪੂਰਾ ਨਹੀਂ ਕਰ ਸਕੇ। ਲੰਬੀ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀ ਜਾਂ ਜਿੰਨ੍ਹਾਂ ਦੀਆਂ ਰੇਲਾਂ ਅਤੇ ਬੱਸਾਂ ਰੱਦ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਲਈ ਸਥਿਤੀ ਖਾਸ ਤੌਰ ’ਤੇ ਮੁਸ਼ਕਲ ਹੋ ਗਈ ਸੀ। ਪੰਜਾਬ ਬੰਦ ਕਾਰਨ ਅੰਮ੍ਰਿਤਸਰ-ਪਠਾਨਕੋਟ ਵਿਚਾਲੇ ਇਕ ਵੀ ਟਰੇਨ ਨਹੀਂ ਚੱਲੀ। ਅੰਮ੍ਰਿਤਸਰ ਅਤੇ ਪਠਾਨਕੋਟ ਵਿਚਕਾਰ ਸਾਰੀਆਂ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਅਤੇ ਯਾਤਰੀ ਸਟੇਸ਼ਨ ’ਤੇ ਰੇਲ ਗੱਡੀਆਂ ਦਾ ਇੰਤਜ਼ਾਰ ਕਰਦੇ ਰਹੇ ਪਰ ਰਾਹਤ ਨਹੀਂ ਮਿਲੀ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਹੁਸ਼ਿਆਰਪੁਰ ’ਚ ਪੂਰਾ ਸਮਰਥਨ ਮਿਲਿਆ। ਸ਼ਾਮ 4 ਵਜੇ ਤੱਕ ਸਾਰੇ ਵਪਾਰਕ ਅਦਾਰੇ ਬੰਦ ਰਹੇ। ਇੱਕਾ-ਦੁੱਕਾ ਜੋ ਦੁਕਾਨਾਂ ਖੁੱਲ੍ਹੀਆਂ ਸਨ, ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਵਲੋਂ ਬੰਦ ਕਰਵਾ ਦਿੱਤਾ ਗਿਆ। ਪਬਲਿਕ ਤੇ ਪ੍ਰਾਈਵੇਟ ਬੱਸਾਂ, ਟਰੱਕ, ਟੈਕਸੀਆਂ ਆਦਿ ਸੜਕਾਂ ’ਤੇ ਨਦਾਰਦ ਰਹੇ। ਕਿਸਾਨਾਂ ਵਲੋਂ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਨੂੰ ਬੰਦ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਗਏ। ਪੁਰਹੀਰਾਂ ਬਾਈਪਾਸ ’ਤੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਜ਼ਿੰਦਗੀਆਂ ਦੀ ਕੋਈ ਪ੍ਰਵਾਹ ਨਹੀਂ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੁੱਲ੍ਹੋਵਾਲ ਵਿੱਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਸ਼ਿੰਗਾਰਾ ਸਿੰਘ ਅਤੇ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਸਰਕਲ ਪ੍ਰਧਾਨ ਜਤਿੰਦਰ ਬੱਧਣ ਦੀ ਅਗਵਾਈ ਵਿੱਚ ਮੋਦੀ ਸਰਕਾਰ ਖਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਇਸੇ ਤਰ੍ਹਾਂ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਪੰਜਾਬ ਬੰਦ ਦੇ ਸੱਦੇ ’ਤੇ ਅੱਡਾ ਲਾਚੋਵਾਲ ਵਿੱਚ ਸੰਘਰਸ਼ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਪ੍ਰੀਤ ਸਿੰਘ ਲਾਲੀ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਇਥੇ ਦੋਆਬਾ ਕਿਸਾਨ ਵੈੱਲਫੇਅਰ ਕਮੇਟੀ, ਨੌਜਵਾਨ ਕਿਸਾਨ ਮਜ਼ਦੂਰ ਕਮੇਟੀ (ਸ਼ਹੀਦਾਂ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ), ਭਾਰਤੀ ਕਿਸਾਨ ਯੂਨੀਅਨ (ਦੋਆਬਾ) ਨੇ ਕੌਮੀ ਮਾਰਗ ’ਤੇ ਸਥਿੱਤ ਟੀ ਪੁਆਇੰਟ ਉੱਪਰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਦਿੱਤਾ। ਇਸ ਤੋਂ ਇਲਾਵਾ ਮਾਰਕੀਟ ਫੈਡਰੇਸ਼ਨ ਭੋਗਪੁਰ ਅਤੇ ਬਿਜਲੀ ਬੋਰਡ ਦੀ ਐਂਪਲਾਈਜ਼ ਫੈਡਰੇਸ਼ਨ ਪਹਿਲਵਾਨ ਨੇ ਕਿਸਾਨਾਂ ਨੂੰ ਹਮਾਇਤ ਦਿੱਤੀ।
ਸ਼ਾਹਕੋਟ (ਗੁਰਮੀਤ ਖੋਸਲਾ): ਇਥੇ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਅਤੇ ਕਈ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ’ਤੇ ਅੱਜ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ ਅਤੇ ਮਹਿਤਪੁਰ ਮੁਕੰਮਲ ਬੰਦ ਰਿਹਾ। ਕਿਸਾਨ ਜਥੇਬੰਦੀਆਂ ਤੋਂ ਇਲਾਵਾ ਮੁਲਾਜ਼ਮ, ਮਜ਼ਦੂਰ ਅਤੇ ਕਈ ਹੋਰ ਵਰਗਾਂ ਦੀਆਂ ਜਥੇਬੰਦੀਆਂ ਵੱਲੋਂ ਵੀ ਭਰਪੂਰ ਸਮਰਥਨ ਦਿੱਤਾ ਗਿਆ।
ਜਲੰਧਰ ’ਚ ਵੱਖ-ਵੱਖ ਥਾਈਂ ਧਰਨੇ ਲਾ ਕੇ ਕੀਤਾ ਬੰਦ ਦਾ ਸਮਰਥਨ
ਜਲੰਧਰ (ਹਤਿੰਦਰ ਮਹਿਤਾ): ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ’ਚ ਧਰਨੇ ਲਾ ਕੇ ਮੁਕੰਮਲ ਪੰਜਾਬ ਬੰਦ ਕੀਤਾ ਗਿਆ। ਇਹ ਧਰਨੇ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਲਗਾਏ ਗਏ ਅਤੇ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਸੜਕੀ ਤੇ ਰੇਲ ਆਵਾਜਾਈ ਬੰਦ ਕਰਨ ਦੇ ਨਾਲ ਬਾਜ਼ਾਰ ਤੇ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰੇ ਵੀ ਬੰਦ ਰਹੇ। ਜਲੰਧਰ-ਲੁਧਿਆਣਾ ਮੁੱਖ ਮਾਰਗ ’ਤੇ ਪੈਂਦੇ ਧੰਨੋਵਾਲੀ ਪਿੰਡ ਸਾਹਮਣੇ ਹਾਈਵੇ ਅਤੇ ਰੇਲਵੇ ਲਾਇਨ ਧਰਨਾ ਦਿੱਤਾ ਗਿਆ। ਸਹਿਯੋਗੀ ਕਿਸਾਨ ਯੂਨੀਅਨਾਂ ਵੱਲੋਂ ਆਦਮਪੁਰ, ਕਿਸ਼ਨਗੜ, ਮੱਖੂ ਰੋਡ ਲੋਹੀਆ, ਮਲਸੀਆ ਨੇੜੇ ਹਾਈਵੇ ਦੇ ਚੌਕ, ਮਹਿਤਪੁਰ, ਸ਼ਾਹਕੋਟ , ਕਠਾਰ, ਅਲਾਵਲਪੁਰ, ਜਮਸ਼ੇਰ, ਨੂਰਮਹਿਲ ਭੋਗਪੁਰ ਤੋਂ ਇਲਾਵਾ ਹੋਰ ਵੀ ਥਾਵਾਂ ’ਤੇ ਧਰਨੇ ਦੇ ਕੇ ਮੁਕੰਮਲ ਬੰਦ ਕੀਤਾ। ਕੁਲਵਿੰਦਰ ਸਿੰਘ ਮਸ਼ਿਆਣਾ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਉੱਪਰ ਬੈਠਿਆਂ 34 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਚਿੰਤਾਜਨਕ ਬਣੀ ਹੋਈ ਹੈ ਪਰ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਵੱਲੋ ਕਾਰਪੋਰੇਟ ਘਰਾਣਿਆ ਦਾ ਪੱਖ ਪੂਰਨ ਦੀਆਂ ਹੀ ਕੋਸ਼ਿਸ਼ਾਂ ਕੀਤੀਆ ਜਾ ਰਹੀਆ ਹਨ। ਇਸ ਮੌਕੇ ਐਬੂਲੈਂਸ ਤੇ ਵਿਆਹ ਜਾਣ ਵਾਲਿਆਂ ਨੂੰ ਜਾਣ ਦਿੱਤਾ ਗਿਆ।ਗੁਰਦਾਸਪੁਰ ’ਚ ਥਾਂ-ਥਾਂ ਮੋਦੀ ਸਰਕਾਰ ਦੇ ਪੁਤਲੇ ਸਾੜੇ
ਗੁਰਦਾਸਪੁਰ(ਜਤਿੰਦਰ ਬੈਂਸ): ਕੇਂਦਰ ਸਰਕਾਰ ਦੇ ਕਿਸਾਨ ਅੰਦੋਲਨ ਪ੍ਰਤੀ ਧਾਰਨ ਕੀਤੇ ਅੜੀਅਲ ਰਵਈਏ ਖ਼ਿਲਾਫ਼ ਕਿਸਾਨਾਂ ਦਾ ਬੰਦ ਦਾ ਸੱਦਾ ਸਫ਼ਲ ਰਿਹਾ। ਕਿਸਾਨ ਜਥੇਬੰਦੀਆਂ ਨੇ ਇਲਾਕੇ ਅੰਦਰ ਵੱਖ-ਵੱਖ ਥਾਵਾਂ ’ਤੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸਾੜੇ ਅਤੇ ਪ੍ਰਦਰਸ਼ਨ ਕੀਤਾ। ਅੱਡਾ ਗਾਲੜੀ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਚੰਨਣ ਸਿੰਘ ਦੋਰਾਂਗਲਾ, ਮੁਖਤਿਆਰ ਸਿੰਘ ਮੱਲੀਆਂ, ਤਰਸੇਮ ਸਿੰਘ, ਸਰੂਪ ਸਿੰਘ ਸੰਘੌਰ ਨੇ ਸੰਬੋਧਨ ਕੀਤਾ। ਆਗੂਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਅੰਦੋਲਨਕਾਰੀ ਕਿਸਾਨ ਆਗੂਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕੀਤੇ ਵਾਅਦੇ ਮੁਤਾਬਕ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ, ਖਰੀਦ ਦੀ ਗਾਰੰਟੀ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਅਤੇ ਬਿਜਲੀ ਸੋਧ ਬਿੱਲ 2020 ਤੁਰੰਤ ਵਾਪਸ ਲੈਣ ਦਾ ਐਲਾਨ ਕੀਤਾ ਜਾਵੇ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਲਾਨੌਰ ਚੌਕ ਵਿੱਚ ਧਰਨਾ ਲਾਇਆ। ਕਿਸਾਨ ਮਜ਼ਦੂਰ ਮੋਰਚਾ ਅਤੇ ਕਿਸਾਨ ਸੰਯੁਕਤ ਮੋਰਚਾ (ਗੈਰ ਰਾਜਨੀਤਿਕ)ਦੇ ਸੱਦੇ ’ਤੇ ਬੱਬਰੀ ਬਾਈ ਪਾਸ ’ਤੇ ਰੋਡ ਜਾਮ ਕਰਕੇ ਬੈਠੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਧਰਨਾ ਲਾਇਆਬੰਦ ਦੌਰਾਨ ਬਟਾਲਾ ’ਚ ਕਰਫਿਊ ਵਰਗਾ ਮਾਹੌਲ ਬਣਿਆ
ਬਟਾਲਾ (ਹਰਜੀਤ ਸਿੰਘ ਪਰਮਾਰ): ਇਥੇ ਕਿਸਾਨ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਬਟਾਲਾ ਅੰਮ੍ਰਿਤਸਰ-ਪਟਾਨਕੋਟ ਹਾਈਵੇਅ, ਬਟਾਲਾ-ਗੁਰਦਾਸਪੁਰ ਬਾਈਪਾਸ, ਬਟਾਲਾ-ਅੰਮ੍ਰਿਤਸਰ ਬਾਈਪਾਸ, ਕਾਦੀਆਂ ਚੁੰਗੀ, ਉਮਰਪੁਰਾ ਚੌਕ ਅਤੇ ਸੁੱਖਾ ਸਿੰਘ-ਮਹਿਤਾਬ ਸਿੰਘ ਚੌਕ ਤੋਂ ਇਲਾਵਾ ਬਾਹਰੀ ਖੇਤਰਾਂ ਵਿੱਚ ਵੀ ਕਿਸਾਨਾਂ ਨੇ ਧਰਨੇ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਕੁੱਝ ਥਾਂਵਾਂ ’ਤੇ ਕਿਸਾਨ ਗਰੁੱਪਾਂ ਵੱਲੋਂ ਬੈਂਕ ਵੀ ਬੰਦ ਕਰਵਾ ਦਿੱਤੇ ਗਏ ਤੇ ਪੈਟਰੋਲ ਪੰਪ, ਗੈਸ ਏਜੰਸੀਆਂ, ਰੇਲ ਸੇਵਾਵਾਂ ਅਤੇ ਸੜਕੀ ਆਵਾਜਾਈ ਵੀ ਪੂਰਨ ਤੌਰ ’ਤੇ ਬੰਦ ਰਹੀ। ਸਾਰਾ ਦਿਨ ਸੜਕਾਂ ਖਾਲੀ ਰਹੀਆਂ ਅਤੇ ਸਾਰੇ ਬਾਜ਼ਾਰਾਂ ਦੀਆਂ ਦੁਕਾਨਾਂ ਵੀ ਸ਼ਾਮ ਤੱਕ ਨਹੀਂ ਖੁਲ੍ਹੀਆਂ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸ਼ਹਿਰ ਅੰਦਰ ਕਰਫਿਊ ਲਗਾ ਦਿੱਤਾ ਗਿਆ ਹੋਵੇ। ਇਸੇ ਤਰ੍ਹਾਂ ਹੀ ਪੰਜਾਬ ਰੋਡਵੇਜ਼, ਪਨਬਸ ਠੇਕਾ ਮੁਲਾਜ਼ਮਾਂ ਨੇ ਵੀ ਕਿਸਾਨਾਂ ਦੀ ਹਮਾਇਤ ’ਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਸ਼ਾਮ ਹੋਣ ਤੱਕ ਵੀ ਸਾਰੇ ਬਾਜ਼ਾਰ ਅਤੇ ਦੁਕਾਨਾਂ ਬੰਦ ਰਹੀਆਂ ਅਤੇ ਲੋਕ ਆਪਣੇ ਘਰਾਂ ਅੰਦਰ ਹੀ ਬੈਠੇ ਰਹੇ ਪਰ ਸ਼ਾਮ ਨੂੰ ਸੜਕਾਂ ’ਤੇ ਥੋੜ੍ਹੀ-ਬਹੁਤ ਆਵਾਜਾਈ ਵੇਖਣ ਨੂੰ ਜ਼ਰੂਰ ਮਿਲੀ। ਦੂਸਰੇ ਪਾਸੇ ਬਟਾਲਾ ਦਾ ਰੇਲਵੇ ਸਟੇਸ਼ਨ ਵੀ ਸਾਰਾ ਦਿਨ ਸੁੰਨਸਾਨ ਰਿਹਾ।ਕਪੂਰਥਲਾ ਦੇ ਬਾਜ਼ਾਰਾਂ ’ਚ ਪੱਸਰੀ ਰਹੀ ਸੁੰਨ
ਕਪੂਰਥਲਾ(ਧਿਆਨ ਸਿੰਘ ਭਗਤ): ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਫਸਲਾਂ ਤੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦੇ ਸਮਰਥਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਬੰਦ ਦੀ ਕਾਲ ਵਿੱਚ ਕਪੂਰਥਲਾ ਮੁਕੰਮਲ ਬੰਦ ਰਿਹਾ। ਕਿਸਾਨਾਂ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੱਖ ਵੱਖ 6 ਥਾਂਵਾਂ ’ਤੇ ਧਰਨਾ ਪ੍ਰਦਰਸ਼ਨ ਕੀਤਾ। ਬੰਦ ਕਾਰਨ ਬਜ਼ਾਰਾਂ ਵਿੱਚ ਸੁੰਨ ਸਾਨ ਰਹੀ। ਉਥੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਵੀ ਲੌਕਡਾਊਨ ਵਰਗਾ ਮਾਹੌਲ ਸੀ। ਦੂਸਰੇ ਪਾਸੇ ਕਿਸਾਨਾਂ ਦੇ ਸਮਰਥਨ ਵਿਚ ਸਰਕਾਰੀ, ਗੈਰ-ਸਰਕਾਰੀ ਅਤੇ ਹੋਰ ਯੂਨੀਅਨਾਂ ਨੇ ਵੀ ਸਮਰਥਨ ਦਿਤਾ। ਐੱਸ ਪੀ ਸਰਬਜੀਤ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਬੰਦ ਦੌਰਾਨ ਲੋਕਾਂ ਦੀ ਜਾਨ ਮਾਲ ਦੀ ਹਿਫ਼ਾਜ਼ਤ ਲਈ 800 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ। ਸੁਲਤਾਨਪੁਰ ਲੋਧੀ ਵਿੱਚ ਪ੍ਰਧਾਨ ਸਰਵਣ ਸਿੰਘ ਬਾਊਪੁਰ, ਤਾਸ਼ਪੁਰ ਅਤੇ ਤਲਵੰਡੀ ਚੌਧਰੀਆਂ ਵਿੱਚ ਪ੍ਰਧਾਨ ਸ਼ੇਰ ਸਿੰਘ ਮਹੀਵਾਲ ਦੀ ਅਗਵਾਈ ਦੇ ਨਾਲ ਨਾਲ ਹਮੀਰਾ, ਕਰਤਾਰਪੁਰ, ਢਿੱਲਵਾਂ ਟੋਲ ਪਲਾਜਾ, ਸ਼ੂਗਰ ਮਿਲ ਚੌਂਕ ਫਗਵਾੜਾ ਵਿੱਚ ਵੀ ਪ੍ਰਦਰਸ਼ਨ ਕੀਤਾ ਗਿਆ।