ਪੰਜਾਬ ਤੇ ਹਰਿਆਣਾ ’ਚ ਗਰਮੀ ਨੇ ਜ਼ੋਰ ਫੜਿਆ
ਆਤਿਸ਼ ਗੁਪਤਾ
ਚੰਡੀਗੜ੍ਹ, 7 ਅਪਰੈਲ
ਪੰਜਾਬ ਤੇ ਹਰਿਆਣਾ ਵਿੱਚ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ਹੀ ਗਰਮੀ ਨੇ ਲੋਕਾਂ ਦੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਹਨ ਅਤੇ ਅੱਜ ਪੰਜਾਬ ਤੇ ਹਰਿਆਣਾ ਦੇ ਸ਼ਹਿਰਾਂ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਦੋਵਾਂ ਸੂਬਿਆਂ ਵਿੱਚ 8 ਤੇ 9 ਅਪਰੈਲ ਨੂੰ ਅਤਿ ਦੀ ਗਰਮੀ ਪੈਣ ਸਬੰਧੀ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਨਾਲ ਹੀ 10 ਅਪਰੈਲ ਨੂੰ ਪੱਛਮੀ ਗੜਬੜੀ ਦੇ ਚਲਦਿਆਂ ਕਿਣਮਿਣ ਹੋਣ ਤੇ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਹੈ।
ਅੱਜ ਪੰਜਾਬ ’ਚ ਬਠਿੰਡਾ ਏਅਰਪੋਰਟ ਨੇੜਲਾ ਇਲਾਕਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 41.9 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜੋ ਆਮ ਨਾਲੋਂ 8.2 ਡਿਗਰੀ ਸੈਲਸੀਅਸ ਵੱਧ ਸੀ। ਇਸੇ ਤਰ੍ਹਾਂ ਹਰਿਆਣਾ ਦਾ ਰੋਹਤਕ ਸ਼ਹਿਰ ਸਭ ਤੋਂ ਗਰਮ ਰਿਹਾ ਹੈ, ਜਿੱਥੇ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 6.6 ਡਿਗਰੀ ਸੈਲਸੀਅਸ ਵੱਧ ਸੀ। ਪੰਜਾਬ ਵਿੱਚ ਗਰਮੀ ਵਧਣ ਦੇ ਨਾਲ-ਨਾਲ ਲੋਕਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ ਤੇ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 37.6 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 37, ਲੁਧਿਆਣਾ ਵਿੱਚ 39.2, ਪਟਿਆਲਾ ਵਿੱਚ 38.6, ਪਠਾਨਕੋਟ ਵਿੱਚ 37, ਬਠਿੰਡਾ ਸ਼ਹਿਰ ਵਿੱਚ 40, ਫਰੀਦਕੋਟ ਵਿੱਚ 39.5, ਗੁਰਦਾਸਪੁਰ ਵਿੱਚ 35.5, ਨਵਾਂ ਸ਼ਹਿਰ ਵਿੱਚ 35.8, ਫਤਹਿਗੜ੍ਹ ਸਾਹਿਬ ਵਿੱਚ 37.1, ਫਿਰੋਜ਼ਪੁਰ ਵਿੱਚ 38, ਹੁਸ਼ਿਆਰਪੁਰ ਵਿੱਚ 35.9, ਜਲੰਧਰ ਵਿੱਚ 37.3, ਮੋਗਾ ਵਿੱਚ 37.2, ਮੁਹਾਲੀ ਵਿੱਚ 36.4 ਅਤੇ ਰੋਪੜ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਹਰਿਆਣਾ ਦੇ ਅੰਬਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 38.4 ਡਿਗਰੀ ਸੈਲਸੀਅਸ, ਹਿਸਾਰ ਵਿੱਚ 41.5, ਕਰਨਾਲ ਵਿੱਚ 37.6, ਮਹਿੰਦਰਗੜ੍ਹ ਵਿੱਚ 40.6, ਭਿਵਾਨੀ ਵਿੱਚ 38.4, ਸਿਰਸਾ ਵਿੱਚ 41, ਚਰਖੀ ਦਾਦਰੀ ਵਿੱਚ 39.9, ਫਤਿਹਾਬਾਦ ਵਿੱਚ 38.8, ਗੁਰੂਗ੍ਰਾਮ ਵਿੱਚ 38.5, ਜੀਂਦ ਵਿੱਚ 40, ਕਰਨਾਲ ਵਿੱਚ 37.7, ਪਾਣੀਪਤ ਵਿੱਚ 37.9, ਸੋਨੀਪਤ ’ਚ 38.4 ਅਤੇ ਮੇਵਾਤ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ਵਿੱਚ ਲੂ ਚੱਲਣ ਦੀ ਚਿਤਾਵਨੀ
ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਅੱਜ ਕੌਮੀ ਰਾਜਧਾਨੀ ਲਈ ‘ਯੈਲੋ’ ਅਲਰਟ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਵਿੱਚ ਅਗਲੇ ਦੋ ਦਿਨਾਂ ’ਚ ਤਾਪਮਾਨ ਕਾਫੀ ਵੱਧ ਸਕਦਾ ਹੈ ਅਤੇ ਲੂ ਚੱਲ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਦਿੱਲੀ ਅੱਜ ਸਵੇਰੇ ਮੌਸਮ ਗਰਮ ਰਿਹਾ। ਕੌਮੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 20.2 ਤੇ ਵੱਧ ਤੋਂ ਵੱਧ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਪੰਜ ਸੂਬਿਆਂ ਦੇ ਲਗਭਗ 21 ਸ਼ਹਿਰਾਂ ਵਿੱਚ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਟੱਪ ਗਿਆ ਹੈ। ਰਾਜਸਥਾਨ ਦੇ ਬਾੜਮੇਰ ’ਚ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 45.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਅਪਰੈਲ ਦੇ ਪਹਿਲੇ ਹਫ਼ਤੇ ਵਿੱਚ ਸਭ ਤੋਂ ਵੱਧ ਹੈ। -ਏਐੱਨਆਈ