ਪੰਜਾਬੀ ’ਵਰਸਿਟੀ ਵਿੱਚ ਵਿਸ਼ਵ ਸਿੱਖ ਕਾਨਫਰੰਸ ਸਮਾਪਤ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੀ ਗੁਰੂ ਗੋਬਿੰਦ ਸਿੰਘ ਚੇਅਰ ਵੱਲੋਂ ਕਰਵਾਈ ਗਈ ‘ਵਿਸ਼ਵ ਸਿੱਖ ਕਾਨਫਰੰਸ’ ਇਸ ਐਲਾਨ ਨਾਲ ਸਮਾਪਤ ਹੋ ਗਈ ਕਿ ਇਹ ਕਾਨਫਰੰਸ ਹਰ ਸਾਲ ਕਰਵਾਈ ਜਾਵੇਗੀ। ਇਸ ਕਾਨਫਰੰਸ ਦੀ ਅਗਵਾਈ ਕਰਦਿਆਂ ਚੇਅਰ ਦੇ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸ਼ਾਮਲ ਹੋਏ ਵਿਦਵਾਨਾਂ ਦੀ ਮੰਗ ’ਤੇ ਕੀਤੀ ਗਈ ਇਸ ਕਾਨਫਰੰਸ ’ਚ ਪਹਿਲੀ ਵਾਰ ਸੀ ਜਦੋਂ ਸਿੱਧ ਧਰਮ ਨਾਲ ਸਬੰਧਤ ਅਹਿਮ ਕਥਾਵਾਚਕ, ਪ੍ਰਚਾਰਕ, ਵਿਦਵਾਨ ਤੇ ਖੋਜਾਰਥੀ ਆਦਿ ਸਭ ਇੱਕ ਮੰਚ ’ਤੇ ਇਕੱਠੇ ਹੋਏ। ਕਾਨਫਰੰਸ ਦੇ ਵਿਦਾਇਗੀ ਭਾਸ਼ਣ ਦੌਰਾਨ ਡਾ. ਸੁਖਦਿਆਲ ਸਿੰਘ ਨੇ ਸਿੱਖ ਅਧਿਐਨ ਦੇ ਮੌਜੂਦਾ ਰੁਝਾਨਾਂ ਬਾਰੇ ਵੱਖ-ਵੱਖ ਕੋਣਾਂ ਤੋਂ ਗੱਲ ਕਰਦਿਆਂ ਇਸ ਗੱਲ ਨੂੰ ਉਭਾਰਦਿਆਂ ਦੱਸਿਆ ਕਿ ਸਿੱਖ ਅਧਿਐਨ ਦੇ ਵੱਖ-ਵੱਖ ਰੁਝਾਨਾਂ ਬਾਰੇ ਸੰਵਾਦ ਲਗਾਤਾਰ ਜਾਰੀ ਰਹਿਣਾ ਬਹੁਤ ਜ਼ਰੂਰੀ ਹੈ। ਸੋਸ਼ਲ ਸਾਇੰਸਜ਼ ਫ਼ੈਕਲਟੀ ਦੇ ਡੀਨ ਡਾ. ਧਰਮਪਾਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿੱਚ ਧਰਮ, ਸਮਾਜਿਕ ਵਿਗਿਆਨ, ਆਧੁਨਿਕਤਾ ਆਦਿ ਦੇ ਹਵਾਲੇ ਨਾਲ ਮਹੱਤਵਪੂਰਨ ਗੱਲਾਂ ਕੀਤੀਆਂ। ਕਾਨਫਰੰਸ ਦੀ ਰਿਪੋਰਟ ਡਾ. ਪਰਦੀਪ ਕੌਰ ਨੇ ਪੇਸ਼ ਕੀਤੀ। ਇਸ ਤੋਂ ਪਹਿਲਾਂ ਕਾਨਫਰੰਸ ਦੇ ਤੀਜੇ ਦਿਨ ਹੋਏ ਸੱਤਵੇਂ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਜਸਪ੍ਰੀਤ ਕੌਰ ਸੰਧੂ ਨੇ ਕੀਤੀ। ਸਵਾਗਤੀ ਭਾਸ਼ਣ ਡਾ. ਪਰਦੀਪ ਕੌਰ ਨੇ ਦਿੱਤਾ ਅਤੇ ਇਸ ਸੈਸ਼ਨ ਵਿੱਚ ਕਨਵੀਨਰ ਦੀ ਭੂਮਿਕਾ ਡਾ. ਤੇਜਿੰਦਰ ਕੌਰ ਧਾਲੀਵਾਲ ਵੱਲੋਂ ਨਿਭਾਈ ਗਈ। ਇਸ ਸੈਸ਼ਨ ਵਿੱਚ ਛੇ ਪਰਚੇ ਪੜ੍ਹੇ ਗਏ। ਅੱਠਵਾਂ ਅਕਾਦਮਿਕ ਸੈਸ਼ਨ ‘ਸਿੱਖ ਸੰਪਰਦਾਵਾਂ’ ਨਾਲ ਸਬੰਧਤ ਰਿਹਾ ਜਿਸ ਦੀ ਪ੍ਰਧਾਨਗੀ ਡਾ. ਪਰਮਵੀਰ ਸਿੰਘ ਨੇ ਕੀਤੀ। ਇਸ ਮੌਕੇ ਨਿਰਮਲ ਕੁਟੀਆ ਤ੍ਰਿਪੜੀ ਤੋਂ ਬਾਬਾ ਹਰਚਰਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੈਸ਼ਨ ਦੇ ਸਵਾਗਤੀ ਸ਼ਬਦ ਡਾ. ਰਮਿੰਦਰਜੀਤ ਕੌਰ ਨੇ ਆਖੇ। ਇਸ ਸੈਸ਼ਨ ਵਿੱਚ ਸੱਤ ਪਰਚੇ ਪੜ੍ਹੇ ਗਏ।