ਪੋਲੋ ਖੇਡ ਰਹੇ ਦੋ ਸਿੱਖ ਘੋੜਸਵਾਰਾਂ ਦੇ ਬੁੱਤਾਂ ’ਚੋਂ ਇਕ ਗਾਇਬ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 6 ਜਨਵਰੀ
ਇੱਥੇ ਪਟਿਆਲਾ-ਰਾਜਪੁਰਾ ਰੋਡ ’ਤੇ ਵੱਡੀ ਨਦੀ ਦੇ ਪੁਲ ਉਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਵਾਏ ਹੌਰਸ ਪੋਲੋ ਖੇਡ ਰਹੇ ਦੋ ਸਿੱਖ ਖਿਡਾਰੀਆਂ ਦੇ ਬੁੱਤਾਂ ’ਚੋਂ ਇਕ ਬੁੱਤ ਗਾਇਬ ਹੈ ਅਤੇ ਦੂਜੇ ਬੁੱਤ ’ਤੇ ਖਿਡਾਰੀ ਦੇ ਹੱਥ ’ਚੋਂ ਕੋਈ ਪੋਲੋ ਸਟਿੱਕ ਹੀ ਚੋਰੀ ਕਰ ਕੇ ਲੈ ਗਿਆ। ਪਤਾ ਲੱਗਾ ਹੈ ਕਿ ਇਹ ਸਟਿੱਕ ਨਸ਼ੇ ਦੇ ਆਦੀ ਵਿਅਕਤੀਆਂ ਵੱਲੋਂ ਚੋਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪਟਿਆਲਾ ਹੌਰਸ ਪੋਲੋ ਦਾ ਗੜ੍ਹ ਰਿਹਾ ਹੈ, ਜਿਸ ਕਰ ਕੇ ਇੱਥੇ ਪੋਲੋ ਗਰਾਊਂਡ ਬਣਿਆ ਹੈ। ਪੋਲੋ ਗਰਾਊਂਡ ਵਿੱਚ ਖੇਡਾਂ ਤੋਂ ਇਲਾਵਾ ਸਰਕਾਰੀ ਸਮਾਗਮ ਵੀ ਹੁੰਦੇ ਹਨ। ਜ਼ਿਕਰਯੋਗ ਹੈ ਕਿ ਪਟਿਆਲਾ ਰਿਆਸਤ ਦੇ ਮਹਾਰਾਜਾ ਰਾਜਿੰਦਰ ਸਿੰਘ (1876-1900) ਨੇ ਪੋਲੋ ਖੇਡਣ ਦਾ ਸ਼ੌਕ ਪੂਰਾ ਕਰਨ ਲਈ ਇੱਥੇ ਪੋਲੋ ਦੇ ਕਈ ਮੈਚ ਵੀ ਕਰਵਾਏ ਸਨ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੋਲੋ ਨੂੰ ਉਤਸ਼ਾਹਿਤ ਕਰਨ ਲਈ ਚੰਡੀਗੜ੍ਹ ਰੋਡ ’ਤੇ ਪਟਿਆਲਾ ਨਦੀ ਦੇ ਪੁਲ ’ਤੇ ਹੌਰਸ ਪੋਲੋ ਖੇਡ ਰਹੇ ਸਿੱਖ ਖਿਡਾਰੀਆਂ ਦੇ ਦੋ ਬੁੱਤ ਲਾਏ ਸਨ। ਹੁਣ ਇਨ੍ਹਾਂ ’ਚੋਂ ਇਕ ਬੁੱਤ ਗਾਇਬ ਹੈ ਤੇ ਦੂਜੇ ਖਿਡਾਰੀ ਦੇ ਹੱਥ ’ਚ ਸਟਿੱਕ ਨਹੀਂ। ਇਸ ਸਬੰਧੀ ਪ੍ਰੋ. ਜਸਵੰਤ ਸਿੰਘ ਪੂਨੀਆ ਨੇ ਕਿਹਾ ਇਸ ਤੋਂ ਪਹਿਲਾਂ ਸ਼ੇਰਾਂਵਾਲੇ ਗੇਟ ’ਤੇ ਲਗਾਏ ਤਾਂਬੇ ਦੇ ਸ਼ੇਰਾਂ ਦੇ ਬੁੱਤ ਦੀਆਂ ਪੂਛਾਂ ਹੀ ਕੋਈ ਵੱਢ ਲੈ ਗਿਆ ਸੀ। ਪਟਿਆਲਾ ਦੀ ਵਿਰਾਸਤ ਅੱਜ ਕੱਲ੍ਹ ਅਮਲੀਆਂ ਦੇ ਕਹਿਰ ਦਾ ਸ਼ਿਕਾਰ ਬਣ ਰਹੀ ਹੈ। ਉਨ੍ਹਾਂ ਕਿਹਾ ਿਕ ਪ੍ਰਸ਼ਾਸਨ ਵੱਲੋਂ ਇਨ੍ਹਾਂ ਬੁੱਤਾਂ ਦੀ ਦੁਬਾਰਾ ਮੁਰੰਮਤ ਜਾਂ ਗਾਇਬ ਹੋਏ ਬੁੱਤ ਦੀ ਥਾਂ ਹੋਰ ਬੁੱਤ ਲਗਵਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆ। ਏਡੀਸੀ ਜਨਰਲ ਈਸ਼ਾ ਸਿੰਗਲ ਨੇ ਕਿਹਾ ਕਿ ਵੱਡੀ ਨਦੀ ਦੇ ਪੁਲ ਤੋਂ ਇਕ ਬੁੱਤ ਤੇ ਦੂਜੇ ਬੁੱਤ ’ਤੇ ਖਿਡਾਰੀ ਦੇ ਹੱਥ ’ਚੋਂ ਸਟਿੱਕ ਗਾਇਬ ਹੋਣ ਬਾਰੇ ਉਸ ਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਵਾਉਣਗੇ।