ਪੈਰੋਲ ’ਤੇ ਆਇਆ ਕੈਦੀ ਫ਼ਰਾਰ
ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੂੰ ਨਿਯਮਾਂ ਮੁਤਾਬਕ 4 ਹਫ਼ਤੇ ਦੀ ਜੇਲ੍ਹ ਤੋਂ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ, ਪਰ ਉਮਰ ਕੈਦੀ ਜੇਲ੍ਹ ਪੈਰੋਲ ਕੱਟ ਕੇ ਭਗੌੜਾ ਹੋ ਗਿਆ। ਉਸ ਖ਼ਿਲਾਫ਼ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਕਪੂਰਥਲਾ ਨੇ 3 ਜਨਵਰੀ 2025 ਨੂੰ ਜੇਰੇ ਧਾਰਾ 8, 8 (2), 9 ਪੰਜਾਬ ਗੁਡ ਕੰਡਕਟ ਪ੍ਰਿਜਨਰਜ਼ ਟੈਂਪਰੇਰੀ ਰਿਲੀਜ਼ ਐਕਟ 1962 ਤਹਿਤ ਕੇਸ ਦਰਜ ਕਰ ਕੇ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਧਿਕਾਰੀ ਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਪਾਸੋਂ ਪੱਤਰ ਪ੍ਰਾਪਤ ਹੋਇਆ ਸੀ ਕਿ ਮੁਲਜ਼ਮ ਕੈਦੀ ਗੌਰਵ ਸ਼ਰਮਾ ਵਾਸੀ ਜਰਮਨੀ ਦਾਸ ਪਾਰਕ ਕਪੂਰਥਲਾ ਨੂੰ ਮੁਕੱਦਮੇ ਵਿੱਚ ਅਦਾਲਤ ਵੱਲੋਂ ਕਤਲ ਕੇਸ ਵਿੱਚ ਉਮਰ ਕੈਦ (25) ਦੀ ਸਜ਼ਾ 2014-15 ਵਿੱਚ ਹੋਈ ਸੀ। ਮੁਲਜ਼ਮ ਨੇ ਜੇਲ੍ਹ ਤੋਂ ਪੈਰੋਲ ਛੁੱਟੀ ਲਈ ਬੇਨਤੀ ਕੀਤੀ ਸੀ ਜੋ ਮੁਲਜ਼ਮ ਨੂੰ ਨਿਯਮਾਂ ਅਨੁਸਾਰ ਸਾਰੀਆਂ ਕਾਰਵਾਈਆਂ ਮੁਕੰਮਲ ਕਰਨ ਤੇ ਚਾਰ ਹਫਤੇ ਲਈ ਪੈਰੋਲ 4-9-2024 ਨੂੰ ਦਿੱਤੀ ਗਈ ਜਿਸ ਦੀ ਜੇਲ੍ਹ ਵਿੱਚ ਵਾਪਸੀ 28 -9-2024 ਨੂੰ ਹੋਣੀ ਸੀ। ਉਕਤ ਬੰਦੀ ਨੇ ਜੇਲ੍ਹ ਤੋਂ ਪੈਰੋਲ ਕੱਟ ਕੇ ਵਾਪਸ ਆਤਮ ਸਮਰਪਣ ਨਹੀਂ ਕੀਤਾ ਤੇ ਭਗੌੜਾ ਹੋ ਗਿਆ। ਪੁਲੀਸ ਵੱਲੋਂ ਕਥਿਤ ਦੋਸ਼ੀ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ।