ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਵਧੀਕ ਨਿਗਰਾਨ ਇੰਜਨੀਅਰ ਨੂੰ ਪੱਤਰ
ਮਾਲੇਰਕੋਟਲਾ, 8 ਮਈ
ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਯੂਨਿਟ ਮਾਲੇਰਕੋਟਲਾ ਵੱਲੋਂ ਜਰਨੈਲ ਸਿੰਘ ਪੰਜਗਰਾਈਆਂ ਦੀ ਅਗਵਾਈ ਹੇਠ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਮੰਡਲ ਦਫ਼ਤਰ ਮਾਲੇਰਕੋਟਲਾ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸਰਕਲ ਆਗੂ ਸੁਖਵਿੰਦਰ ਸਿੰਘ, ਸਰਕਲ ਬਰਨਾਲਾ ਦੇ ਪ੍ਰਧਾਨ ਪਿਆਰਾ ਲਾਲ ਤੇ ਸਰਕਲ ਆਗੂ ਸੁਖਵਿੰਦਰ ਸਿੰਘ, ਗੋਬਿੰਦ ਕਾਂਤ ਝਾਅ ਸਰਕਲ ਆਗੂ, ਰਤਨ ਸਿੰਘ ਮੰਡਲ ਆਗੂ ਅਤੇ ਦੇਵੀ ਦਿਆਲ ਕਮੇਟੀ ਮੈਂਬਰ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੇਅ-ਰਵੀਜ਼ਨ ਦਾ ਏਰੀਅਰ ਪੈਨਸ਼ਨਰਜ਼ ਦੇ ਖਾਤਿਆਂ ਵਿੱਚ ਨਾ ਪਾਉਣ, ਲੀਵ-ਇਨਕੈਸ਼ਮੈਂਟ ਏਰੀਅਰ ਦੀ ਪਹਿਲੀ ਕਿਸ਼ਤ ਕੁਝ ਪੈਨਸ਼ਨਰਜ਼ ਨੂੰ ਨਾ ਪਾਉਣ, ਮੀਟਿੰਗ ਦੌਰਾਨ ਹੋਈਆਂ ਸਹਿਮਤੀਆਂ ਲਾਗੂ ਨਾ ਕਰਨ, 13 ਫ਼ੀਸਦੀ ਮਹਿੰਗਾਈ ਭੱਤਾ ਰਿਲੀਜ਼ ਨਾ ਕਰਨ ਦੀ ਨਿਖੇਧੀ ਕਰਦਿਆਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਧਰਨੇ ਮੁਜ਼ਾਹਰੇ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮਾਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਹੁਕਮਾਂ ਨੂੰ ਲੋਕਾਂ ਦੇ ਸੰਘਰਸ਼ ਕਰਨ ਦੇ ਸੰਵਿਧਾਨਕ ਹੱਕ ’ਤੇ ਹਮਲਾ ਕਰਾਰ ਦਿੱਤਾ। ਧਰਨੇ ਤੋਂ ਬਾਅਦ ਆਗੂ ਪਰਮਜੀਤ ਸ਼ਰਮਾ, ਬਸ਼ੀਰ ਉਲ ਹੱਕ, ਗੁਰਚਰਨ ਸਿੰਘ, ਅਨਵਾਰ ਅਹਿਮਦ, ਅਵਿਨਾਸ਼ ਚੋਪੜਾ, ਬਲਦੇਵ ਸਿੰਘ ਅਲੀਪੁਰ, ਹਰਮਿੰਦਰ ਕੁਮਾਰ ਭਾਰਦਵਾਜ ਨੇ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਮਾਲੇਰਕੋਟਲਾ ਨੂੰ ਮੰਗ ਪੱਤਰ ਦਿੱਤਾ ਗਿਆ।