ਪੈਨਸ਼ਨਰਾਂ ਦੀ ਮੀਟਿੰਗ ਦੌਰਾਨ ਕੇਂਦਰ ਤੇ ਸੂਬਾ ਸਰਕਾਰ ਦੀ ਆਲੋਚਨਾ
ਪੱਤਰ ਪ੍ਰੇਰਕ
ਤਰਨ ਤਾਰਨ, 5 ਫਰਵਰੀ
ਪੈਨਸ਼ਨਰਜ਼ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਦੀ ਅੱਜ ਇਥੇ ਮੀਟਿੰਗ ਵਿੱਚ ਆਗੂਆਂ ਨੇ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ‘ਤੇ ਕੇਂਦਰ ਅਤੇ ਸੂਬਾ ਸਰਕਾਰ ਦੀ ਆਲੋਚਨਾ ਕੀਤੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫਤਿਹਚੱਕ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਅਜੀਤ ਸਿੰਘ ਤੋਂ ਇਲਾਵਾ ਜਨਰਲ ਸਕੱਤਰ ਯੋਧਬੀਰ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰ, ਖਜ਼ਾਨਚੀ ਕੁਲਵੰਤ ਸਿੰਘ, ਚਾਨਣ ਸਿੰਘ, ਕਸ਼ਮੀਰ ਸਿੰਘ ਬੁਰਜ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਬਜਟ ਵਿੱਚ ਆਮਦਨ ਟੈਕਸ ਲਈ ਦਿੱਤੀ ਛੋਟ ਭਾਵੇਂ ਕਿ ਸਾਲ 2023-24 ਲਈ ਹੈ ਪਰ ਬੈਂਕਾਂ ਵਾਲਿਆਂ ਨੇ ਪੈਨਸ਼ਨਰਜ਼ ਦੇ ਵਾਧੇ ਅਤੇ ਬਕਾਏ ਆਦਿ ‘ਤੇ ਬਣਦਾ ਟੀਡੀਐੱਸ ਪਹਿਲਾਂ ਹੀ ਕੱਟ ਲਿਆ ਹੈ ਜਿਸ ਨੂੰ ਵਾਪਸ ਲੈਣ ਲਈ ਪੈਨਸ਼ਨਰਾਂ ਨੂੰ ਬੈਕਾਂ ਤੱਕ ਪਹੁੰਚ ਕਰਨ ਲਈ ਖੱਜਲ ਖੁਆਰ ਹੋਣਾ ਹੋਵੇਗਾ| ਆਗੂਆਂ ਨੇ ਸੂਬਾ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਤੁਰੰਤ ਦੂਰ ਕਰਨ, ਮੈਡੀਕਲ ਭੱਤਾ ਵਧਾਉਣ ‘ਤੇ ਜ਼ੋਰ ਦਿੱਤਾ|