ਪੈਟਰੋਲ ਪੰਪ ਤੇ ਕਰਿਆਨਾ ਸਟੋਰਾਂ ’ਤੇ ਲੋਕਾਂ ਦੀ ਭੀੜ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 7 ਮਈ
ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਦੀ ਅਸ਼ੰਕਾ ਨੂੰ ਦੇਖਦਿਆਂ ਲੋਕਾਂ ਵੱਲੋਂ ਅੱਜ ਵੱਡੇ ਪੱਧਰ ਤੇ ਕਰਿਆਨੇ ਦੀ ਖਰੀਦਦਾਰੀ ਕੀਤੀ ਗਈ ਹੈ। ਜਿਸ ਕਾਰਨ ਰਾਸ਼ਨ ਦੀਆਂ ਦੁਕਾਨਾਂ ਤੇ ਰਾਸ਼ਨ ਖਤਮ ਹੋ ਗਿਆ। ਇਸੇ ਤਰ੍ਹਾਂ ਪੈਟਰੋਲ ਪੰਪਾਂ ਦੇ ਵੀ ਪੈਟਰੋਲ ਭਰਵਾਉਣ ਵਾਲਿਆਂ ਦੀਆਂ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ ਹਨ। ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਲਦੀ ਜੰਗ ਸ਼ੁਰੂ ਹੋਣ ਦੀ ਸਥਿਤੀ ਦਾ ਅਨੁਮਾਨ ਲਾ ਕੇ ਤੁਰੰਤ ਹੀ ਲੋੜੀਂਦੀ ਖਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਸਵੇਰੇ 7 ਵਜੇ ਹੀ ਰਾਸ਼ਨ ਦੀਆਂ ਦੁਕਾਨਾਂ ਖੁੱਲ ਗਈਆਂ ਅਤੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਲੋੜੀਂਦਾ ਰਾਸ਼ਨ ਖਰੀਦਣਾ ਸ਼ੁਰੂ ਕਰ ਦਿੱਤਾ। ਇੱਥੇ ਸਥਾਨਕ 100 ਫੁੱਟੀ ਰੋਡ ਤੇ ਕੁਝ ਵੱਡੀਆਂ ਰਾਸ਼ਨ ਦੀਆਂ ਦੁਕਾਨਾਂ ਹਨ, ਜਿੱਥੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਸ਼ੱਟਰ ਸੁੱਟ ਦਿੱਤੇ ਅਤੇ 10-10 ਦੀ ਗਿਣਤੀ ਵਿੱਚ ਲੋਕਾਂ ਨੂੰ ਦੁਕਾਨ ਦੇ ਅੰਦਰ ਭੇਜਣਾ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਪੈਟਰੋਲ ਪੰਪਾਂ ਤੇ ਵੀ ਲੋਕਾਂ ਦੀਆਂ ਵੱਡੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਅਤੇ ਲੋਕ ਆਪਣੇ ਵਾਹਨਾਂ ਦੀਆਂ ਟੈਂਕੀਆਂ ਭਰਵਾ ਰਹੇ ਸਨ।
ਬੈਂਕਾਂ ਦੇ ਏਟੀਐਮ ਅਤੇ ਬੈਂਕਾਂ ਵਿੱਚ ਵੀ ਲੋਕਾਂ ਦੀਆਂ ਵੱਡੀਆਂ ਕਤਾਰਾਂ ਦੇਖੀਆਂ ਗਈਆਂ ਹਨ, ਜਿੱਥੇ ਲੋਕ ਬੈਂਕ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਲਈ ਪੁੱਜੇ ਹੋਏ ਸਨ। ਇਸੇ ਤਰ੍ਹਾਂ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਦਵਾਈਆਂ ਆਦਿ ਵੀ ਖਰੀਦੀਆਂ ਗਈਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਕੁਝ ਅਜਿਹੇ ਸੁਨੇਹੇ ਵੀ ਵਾਇਰਲ ਹੋਏ ਹਨ, ਜਿਸ ਵਿੱਚ ਸਰਹੱਦ ’ਤੇ ਤਣਾਅਪੂਰਨ ਸਥਿਤੀ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਨਕਦੀ, ਰਾਸ਼ਨ, ਬਾਲਣ, ਦਵਾਈਆਂ ਅਤੇ ਐਮਰਜੈਂਸੀ ਵਸਤਾਂ ਭੰਡਾਰ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤਰ੍ਹਾਂ ਲੋਕਾਂ ਵੱਲੋਂ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵਧਾਏ ਜਾਣ ਤੇ ਕਾਲਾਬਾਜ਼ਾਰੀ ਦੀ ਸ਼ਿਕਾਇਤ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅਜਿਹੀਆਂ ਅਫਵਾਹਾਂ ਦਾ ਨੋਟਿਸ ਲੈਂਦਿਆਂ ਲੋਕਾਂ ਨੂੰ ਤਣਾਅ ’ਚ ਨਾ ਆਉਣ ਦੀ ਅਪੀਲ ਕੀਤੀ। ਉਨ੍ਹਾਂ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਅਜਿਹੇ ਸਮੇਂ ਵਿੱਚ ਕਾਲਾਬਾਜ਼ਾਰੀ ਨਾ ਕਰਨ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਕਿਹਾ ਕਿ ਉਹ ਇਸ ਸਬੰਧੀ ਭਲਕੇ ਖੁਦ ਦੌਰਾ ਕਰਨਗੇ ਅਤੇ ਜੇਕਰ ਕੋਈ ਸ਼ਿਕਾਇਤ ਮਿਲੀ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।