ਪੇਂਡੂ ਮਜ਼ਦੂਰ ਯੂਨੀਅਨ ਨੇ ਮਜੀਠੀਆ ਦਾ ਪੁਤਲਾ ਫੂਕਿਆ
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 8 ਮਈ
ਦਿਆਲਪੁਰ ਵਿੱਚ ਅਕਾਲੀ ਆਗੂ ਤੇ ਬਿਰਕਮ ਸਿੰਘ ਮਜੀਠੀਆ ਨੂੰ ਲੈਂਡ ਸੀਲਿੰਗ ਐਕਟ ਤਹਿਤ ਸਾਢੇ ਸਤਾਰਾਂ ਏਕੜ ਜ਼ਮੀਨ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਨੂੰ ਵੰਡਣ ਵਾਲਾ ਸਵਾਲ ਪੁੱਛਣ ਵਾਲੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ, ਕਾਰਕੁਨਾਂ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਦੀ ਕਥਿਤ ਕੁੱਟਮਾਰ ਕੀਤੀ ਗਈ। ਇਸ ਦੇ ਵਿਰੋਧ ਵਜੋਂ ਪੇਂਡੂ ਮਜ਼ਦੂਰਾਂ ਵੱਲੋਂ ਅਕਾਲੀ ਆਗੂ ਦੀ ਗੱਡੀ ਦਾ ਘਿਰਾਓ ਕੀਤਾ ਗਿਆ। ਸਰਕਾਰੀ ਐਂਬੂਲੈਂਸ ਵੱਲੋਂ ਜ਼ਖ਼ਮੀ ਨੌਜਵਾਨ ਲੜਕੀ ਨੂੰ ਸਿਵਲ ਹਸਪਤਾਲ ਕਰਤਾਰਪੁਰ ਵਿੱਚ ਭਰਤੀ ਕਰਵਾਇਆ ਗਿਆ। ਵਿਰੋਧ ਦੇ ਮੱਦੇਨਜ਼ਰ ਭਾਰੀ ਪੁਲੀਸ ਫੋਰਸ ਦੀ ਮਦਦ ਨਾਲ ਮਜੀਠੀਆ ਨੂੰ ਘਟਨਾ ਵਾਲੀ ਥਾਂ ਤੋਂ ਸੁਰੱਖਿਅਤ ਕੱਢਿਆ ਗਿਆ ਸੀ।
ਯੂਨੀਅਨ ਵੱਲੋਂ ਕੁੱਟਮਾਰ ਦੇ ਵਿਰੋਧ ਵਿੱਚ ਥਾਣਾ ਕਰਤਾਰਪੁਰ ਅੱਗੇ ਬੀਤੀ ਰਾਤ 12 ਵਜੇ ਤੱਕ ਧਰਨਾ ਮੁਜ਼ਾਹਰਾ ਕਰ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਪੁਲੀਸ ਅਧਿਕਾਰੀਆਂ ਨੇ ਸਵੇਰੇ 11 ਵਜੇ ਤੱਕ ਦਾ ਸਮਾਂ ਲੈ ਕੇ ਪ੍ਰਦਰਸ਼ਨ ਖ਼ਤਮ ਕਰਵਾ ਦਿੱਤਾ ਸੀ ਪਰ ਕਾਰਵਾਈ ਨਾ ਹੋਣ ‘ਤੇ ਅੱਜ ਦੁਪਹਿਰ 12 ਵਜੇ ਯੂਨੀਅਨ ਵੱਲੋਂ ਥਾਣੇ ਦਾ ਘਿਰਾਓ ਕਰ ਕੇ ਸ਼ਾਮ ਵੇਲੇ ਚੋਣ ਪ੍ਰਚਾਰ ਕਰਨ ਆ ਰਹੇ ਸੁਖਬੀਰ ਸਿੰਘ ਬਾਦਲ ਦੇ ਵਿਰੋਧ ਦਾ ਐਲਾਨ ਕਰ ਦਿੱਤਾ ਗਿਆ। ਯੂਨੀਅਨ ਨੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਸਥਾਨ ਵੱਲ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਮੁਜ਼ਾਹਰਾਕਾਰੀ ਨੂੰ ਜਰਨੈਲੀ ਸੜਕ ਉੱਪਰ ਰੋਕ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਐੱਸਸੀ, ਐੱਸਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਮੰਨ ਲਈ ਗਈ। ਉਨ੍ਹਾਂ ਉੱਥੇ ਹੀ ਧਰਨਾ ਲਗਾ ਕੇ ਮਜੀਠੀਆ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।