ਪੂਛਲ ਤਾਰਿਆਂ ਦੀ ਰਹੱਸਮਈ ਦੁਨੀਆ
ਹਰਜੀਤ ਸਿੰਘ
ਅਸਮਾਨ ਵਿੱਚ ਜੇਕਰ ਕੋਈ ਚੀਜ਼ ਇਨਸਾਨ ਨੂੰ ਇੱਕੋ ਸਮੇਂ ਹੈਰਾਨ ਕਰਦੀ ਅਤੇ ਡਰਾਉਂਦੀ ਹੈ ਤਾਂ ਉਹ ਹਨ ਪੂਛਲ ਤਾਰੇ| ਮੁੱਢ ਕਦੀਮ ਤੋਂ ਲੈ ਕੇ ਲਗਭਗ ਸਾਰੀਆਂ ਸੱਭਿਅਤਾਵਾਂ ਵਿੱਚ ਇਸ ਨੂੰ ਡਰ, ਵਿਨਾਸ਼ ਜਾਂ ਬੁਰੇ ਸਮੇਂ ਦੇ ਆਉਣ ਦਾ ਸੂਚਕ ਮੰਨਿਆ ਜਾਂਦਾ ਰਿਹਾ ਹੈ| ਪੰਜਾਬ ਦੇ ਲੋਕ ਗੀਤਾਂ ਵਿੱਚ ਵੀ ਇਸ ਨੂੰ ਕੁਝ ਇਸ ਤਰ੍ਹਾਂ ਯਾਦ ਕੀਤਾ ਜਾਂਦਾ ਹੈ:
ਬੋਦੀ ਵਾਲਾ ਤਾਰਾ ਚੜਿ੍ਹਆ ਘਰ-ਘਰ ਹੋਣ ਵਿਚਾਰਾਂ
ਕੁਝ ਹੱਦ ਤੱਕ ਅਚੰਭਾ ਤੇ ਡਰ ਜਾਇਜ਼ ਵੀ ਸੀ। ਅਸਮਾਨ ਵਿੱਚ ਦਿਖਣ ਵਾਲੀ ਹਰ ਚੀਜ਼ ਨਿਯਮਬੱਧ ਤਰੀਕੇ ਨਾਲ ਚੱਲਦੀ ਹੈ| ਸੂਰਜ, ਚੰਨ, ਤਾਰੇ, ਗ੍ਰਹਿ ਆਦਿ ਸਭ ਇੱਕ ਮਿਥੇ ਹੋਏ ਪੰਧ ‘ਤੇ ਚੱਲਦੇ ਹਨ| ਖਿੱਤੀਆਂ ਵੀ ਰੁੱਤ ਅਨੁਸਾਰ ਜਗ੍ਹਾ ਬਦਲਦੀਆਂ ਹਨ, ਪਰ ਇਹ ਪੂਛਲ ਤਾਰੇ ਇਸ ਨਿਯਮਬੱਧ ਅਸਮਾਨ ਵਿੱਚ ਬਿਨਾਂ ਕਿਸੇ ਅਗਾਉਂ ਸੂਚਨਾ ਦੇ ਆ ਜਾਂਦੇ ਹਨ ਅਤੇ ਫਿਰ ਮਰਜ਼ੀ ਨਾਲ ਗਾਇਬ ਵੀ ਹੋ ਜਾਂਦੇ ਹਨ| ਖਗੋਲ ਸ਼ਾਸਤਰ ਤੋਂ ਅਣਜਾਣ ਇਨਸਾਨ ਲਈ ਇਹ ਡਰਾਉਣਾ ਹੋ ਸਕਦਾ ਹੈ|
ਅਰਸਤੂ ਅਨੁਸਾਰ ਧਰਤੀ ਅਤੇ ਆਕਾਸ਼ ਅਲੱਗ-ਅਲੱਗ ਗੋਲਿਆਂ ਵਿੱਚ ਵੰਡੇ ਹੋਏ ਸਨ| ਧਰਤੀ ਵਾਲਾ ਗੋਲਾ ਹਮੇਸ਼ਾਂ ਬਦਲਦਾ ਰਹਿੰਦਾ ਸੀ ਅਤੇ ਆਕਾਸ਼ੀ ਗੋਲਾ ਸਦੀਵ ਅਤੇ ਨਾ-ਬਦਲਣਯੋਗ ਸੀ| ਸੂਰਜ, ਚੰਨ, ਤਾਰੇ ਸਭ ਇਸੇ ਗੋਲੇ ਵਿੱਚ ਘੁੰਮਦੇ ਸਨ| ਉਸ ਦੇ ਅਨੁਸਾਰ ਪੂਛਲ ਤਾਰੇ ਧਰਤੀ ਤੋਂ ਉੱਠਦੇ ਵਾਸ਼ਪ ਸਨ ਜੋ ਉੱਪਰਲੇ ਵਾਯੂਮੰਡਲ ਵਿੱਚ ਜਾ ਕੇ ਜਲ ਜਾਂਦੇ ਸਨ| ਅਰਸਤੂ ਦੀ ਇਹ ਵਿਆਖਿਆ ਪੱਛਮੀ ਦਰਸ਼ਨ ਵਿੱਚ ਲਗਭਗ 1500 ਸਾਲ ਤੱਕ ਮੰਨੀ ਜਾਂਦੀ ਰਹੀ| ਇਹ 16ਵੀਂ ਸਦੀ ਦਾ ਇੱਕ ਡੈਨਿਸ਼ ਵਿਗਿਆਨੀ ਟਾਈਕੋ ਬਰਾਹੇ ਸੀ ਜਿਸ ਨੇ ਪੂਛਲ ਤਾਰਿਆਂ ਦਾ ਧਿਆਨ ਨਾਲ ਅਧਿਐਨ ਕੀਤਾ ਅਤੇ ਕਿਹਾ ਕਿ ਇਹ ਤਾਰੇ ਵੀ ਅਸਮਾਨ ਦਾ ਹਿੱਸਾ ਹਨ, ਪਰ ਉਸ ਦੀ ਗੱਲ ਨੂੰ ਕਿਸੇ ਨੇ ਖਾਸ ਤਵੱਜੋ ਨਾ ਦਿੱਤੀ। ਇੱਥੋਂ ਤੱਕ ਕਿ ਕੈਪਲਰ ਅਤੇ ਗੈਲੀਲਿਓ ਵਰਗਿਆਂ ਨੇ ਵੀ| ਖੈਰ, ਉਸ ਤੋਂ ਕੁਝ ਸਮੇਂ ਬਾਅਦ ਹੀ ਅਰਸਤੂ ਦੇ ਗੋਲਿਆਂ ਵਾਲੀ ਵਿਆਖਿਆ ਰੱਦ ਕਰ ਦਿੱਤੀ ਗਈ|
17ਵੀਂ ਸਦੀ ਦੇ ਮੱਧ ਵਿੱਚ ਯੂਰਪ ਵਿੱਚ ਵਿਗਿਆਨ ਅਤੇ ਕਲਾ ਦਾ ਉਥਾਨ ਪੂਰੇ ਜ਼ੋਰ ‘ਤੇ ਸੀ| ਇਸੇ ਦੌਰ ਵਿੱਚ ਐਡਮੰਡ ਹੈਲੇ ਨਾਮ ਦਾ ਇੱਕ ਨੌਜਵਾਨ ਮੁੰਡਾ ਪੂਛਲ ਤਾਰਿਆਂ ਦਾ ਅਧਿਐਨ ਕਰਨਾ ਸ਼ੁਰੂ ਕਰਦਾ ਹੈ| 1682 ਵਿੱਚ ਇੱਕ ਪੂਛਲ ਤਾਰਾ ਯੂਰਪ ਦੇ ਅਸਮਾਨ ਵਿੱਚ ਚਮਕਦਾ ਹੈ| ਹੈਲੇ ਅਤੇ ਨਿਊਟਨ ਸਮੇਤ ਬਹੁਤ ਲੋਕ ਇਸ ਨੂੰ ਦੇਖਦੇ ਹਨ| ਹੈਲੇ ਅਸਮਾਨ ਵਿੱਚ ਇਸ ਦੀ ਗਤੀ ਅਤੇ ਪੰਧ ਦਾ ਪੂਰਾ ਰਿਕਾਰਡ ਰੱਖਦਾ ਹੈ| 1685 ਵਿੱਚ ਫਿਰ ਇੱਕ ਪੂਛਲ ਤਾਰਾ ਦਿਖਦਾ ਹੈ| ਹੈਲੇ ਨੋਟ ਕਰਦਾ ਹੈ ਕਿ 1531, 1607 ਅਤੇ 1682 ਦੇ ਪੂਛਲ ਤਾਰਿਆਂ ਦਾ ਪੰਧ ਲਗਭਗ ਇੱਕੋ ਜਿਹਾ ਸੀ| ਉਹ ਇਨ੍ਹਾਂ ਨੂੰ ਇੱਕੋ ਤਾਰਾ ਮੰਨ ਕੇ ਚੱਲਦਾ ਹੈ ਅਤੇ ਹਿਸਾਬ ਲਗਾ ਕੇ ਦੱਸਦਾ ਹੈ ਕਿ ਇਹ ਤਾਰਾ ਦਸੰਬਰ 1758 ਵਿੱਚ ਫਿਰ ਦਿਖਾਈ ਦੇਵੇਗਾ| ਬਦਕਿਸਮਤੀ ਨਾਲ ਹੈਲੇ 1742 ਵਿੱਚ ਗੁਜ਼ਰ ਗਿਆ, ਪਰ ਉਹ ਤਾਰਾ ਉਸ ਦੇ ਦੱਸੇ ਸਮੇਂ ‘ਤੇ ਪ੍ਰਗਟ ਜ਼ਰੂਰ ਹੋਇਆ| 1759 ਵਿੱਚ ਪੈਰਿਸ ਅਕੈਡਮੀ ਆਫ ਸਾਇੰਸਿਜ਼ ਨੇ ਇਸ ਤਾਰੇ ਦਾ ਨਾਮ ਹੈਲੇ ਦਾ ਤਾਰਾ ਰੱਖਿਆ ਅਤੇ ਇਹ ਅੱਜ ਦੇ ਸਭ ਤੋਂ ਮਸ਼ਹੂਰ ਤਾਰਿਆਂ ਵਿੱਚੋਂ ਇੱਕ ਹੈ|
ਉੱਨ੍ਹੀਵੀਂ ਸਦੀ ਆਉਂਦਿਆਂ-ਆਉਂਦਿਆਂ ਵਿਗਿਆਨੀਆਂ ਕੋਲ ਪੂਛਲ ਤਾਰਿਆਂ ਦਾ ਅਧਿਐਨ ਕਰਨ ਲਈ ਬਿਹਤਰ ਯੰਤਰ ਮੌਜੂਦ ਸਨ| ਸਪੈਕਟ੍ਰੋਸਕੋਪ ਦੀ ਮਦਦ ਨਾਲ ਉਹ ਪੂਛਲ ਤਾਰਿਆਂ ਦੇ ਤੱਤਾਂ ਬਾਰੇ ਜਾਣ ਸਕਦੇ ਸਨ| ਉਨ੍ਹਾਂ ਦੇਖਿਆ ਕਿ ਪੂਛਲ ਤਾਰੇ ਦੇ ਕੇਂਦਰ ਵਿੱਚ ਨਾਭੀ ਦੁਆਲੇ ਵੱਡੀ ਮਾਤਰਾ ਵਿੱਚ ਧੂੜ ਦੇ ਕਣ ਮੌਜੂਦ ਰਹਿੰਦੇ ਹਨ ਜੋ ਸੂਰਜ ਦੀਆਂ ਕਿਰਨਾਂ ਦੇ ਦਬਾਅ ਕਰਕੇ ਪਿੱਛੇ ਵੱਲ ਧੱਕੇ ਜਾਂਦੇ ਹਨ| ਇਹ ਕਣ ਸੂਰਜ ਦੇ ਪ੍ਰਕਾਸ਼ ਨੂੰ ਪਰਿਵਰਤਿਤ ਕਰਦੇ ਹਨ ਅਤੇ ਪੂਛ ਬਣਦੀ ਹੈ| 1950 ਵਿੱਚ ਪਤਾ ਲੱਗਿਆ ਕਿ ਇਸ ਦੀ ਨਾਭੀ ਬਰਫ਼ ਦੇ ਕਣਾਂ ਦੀ ਬਣੀ ਹੁੰਦੀ ਹੈ| ਬਰਫ਼ੀਲੀ ਨਾਭੀ ਵਾਲੀ ਵਿਆਖਿਆ ਇਹ ਦੱਸਣ ਤੋਂ ਅਸਮਰੱਥ ਸੀ ਕਿ ਨਾਭੀ ਇੰਨੀ ਕਮਜ਼ੋਰ ਕਿਉਂ ਹੁੰਦੀ ਹੈ ਕਿ ਸਿਰਫ਼ ਸੂਰਜ ਦੀ ਗਰਮੀ ਨਾਲ ਹੀ ਟੁੱਟ ਜਾਵੇ| ਇਹ ਅਸੀਂ ਕਈ ਪੂਛਲ ਤਾਰਿਆਂ ਵਿੱਚ ਹੁੰਦਿਆਂ ਦੇਖਿਆ ਹੈ| 1986 ਵਿੱਚ ਵਿਗਿਆਨੀਆਂ ਨੇ ਸੁਝਾਅ ਦਿੱਤਾ ਕਿ ਨਾਭੀ ਢਿੱਲੇ ਜਿਹੇ ਤਰੀਕੇ ਨਾਲ ਜੁੜੇ ਹੋਏ ਛੋਟੇ ਪੱਥਰਾਂ ਦਾ ਸਮੂਹ ਹੈ ਜੋ ਆਪਸ ਵਿੱਚ ਬਹੁਤ ਹੌਲੀ ਗਤੀ ‘ਤੇ ਟਕਰਾਏ ਅਤੇ ਜੁੜ ਗਏ| ਇਨ੍ਹਾਂ ਪੱਥਰਾਂ ਦਾ ਆਕਾਰ ਕੁਝ ਮਾਡਲਾਂ ਅਨੁਸਾਰ ਇਕਸਾਰ ਹੈ ਅਤੇ ਕੁਝ ਅਨੁਸਾਰ 1 ਤੋਂ ਲੈ ਕੇ 100 ਮੀਟਰ ਤੱਕ ਅਲੱਗ-ਅਲੱਗ ਹੋ ਸਕਦਾ ਹੈ| ਇਨ੍ਹਾਂ ਤਾਰਿਆਂ ਵੱਲ ਭੇਜੇ ਉਪਗ੍ਰਹਿਾਂ ਨੇ ਕਾਫ਼ੀ ਜਾਣਕਾਰੀ ਭੇਜੀ ਹੈ, ਪਰ ਉਹ ਕਿਸੇ ਨਤੀਜੇ ‘ਤੇ ਪਹੁੰਚਣ ਲਈ ਕਾਫ਼ੀ ਨਹੀਂ ਹੈ| ਇਸ ਦਾ ਇੱਕੋ ਇੱਕ ਤਰੀਕਾ ਤਾਰੇ ‘ਤੇ ਉਤਰ ਕੇ ਉਸ ਨੂੰ ਰਡਾਰ ਨਾਲ ਮਾਪਣਾ ਹੈ| ਇਸ ਕੰਮ ਲਈ ਰੋਸੈਟਾ (rosetta) ਨਾਮ ਦਾ ਉਪਗ੍ਰਹਿ 67P/ Churyumov- Gerasimenko (ਚੂਰੀਯੂਮੋਵ- ਜੇਰਾਸੀਮੇਂਕੋ) ਨਾਮਕ ਪੂਛਲ ਤਾਰੇ ‘ਤੇ ਭੇਜਿਆ ਗਿਆ| ਇਸ ਦਾ ਇੱਕ ਹਿੱਸਾ ਫਿਲੇ (Philae) ਤਾਰੇ ‘ਤੇ ਉਤਾਰਿਆ ਗਿਆ, ਪਰ ਬਦਕਿਸਮਤੀ ਨਾਲ ਇਹ ਛਾਂ ਵਾਲੇ ਇਲਾਕੇ ‘ਚ ਉਤਰ ਗਿਆ ਅਤੇ ਸੂਰਜ ਦੀ ਰੋਸ਼ਨੀ ਦੀ ਅਣਹੋਂਦ ਕਰਕੇ ਆਪਣੀ ਬੈਟਰੀ ਰੀਚਾਰਜ ਨਾ ਕਰ ਸਕਿਆ ਅਤੇ ਕੰਮ ਕਰਨਾ ਬੰਦ ਕਰ ਗਿਆ| ਉਮੀਦ ਹੈ ਭਵਿੱਖ ਵਿੱਚ ਇਸ ਤਰ੍ਹਾਂ ਦੇ ਹੋਰ ਪ੍ਰਯੋਗ ਹੋਣਗੇ ਜਿਨ੍ਹਾਂ ਵਿੱਚੋਂ ਸਾਨੂੰ ਹੋਰ ਜਾਣਕਾਰੀ ਮਿਲ ਸਕੇਗੀ| ਨਾਸਾ ਦਾ ਲੂਸੀ ਅਤੇ ਈਸਾ ਦਾ ਇੱਕ ਮਿਸ਼ਨ ਇਸ ਦਿਸ਼ਾ ਵੱਲ ਕਦਮ ਹਨ|
ਅੱਜ ਸਾਡੇ ਕੋਲ ਲਗਭਗ 3500 ਪੂਛਲ ਤਾਰਿਆਂ ਦੀ ਜਾਣਕਾਰੀ ਹੈ| ਇਨ੍ਹਾਂ ਬਾਰੇ ਮਿਲੀ ਜਾਣਕਾਰੀ ਅਤੇ ਸਮਝ ਨੇ ਬਹੁਤੇ ਭਰਮ ਅਤੇ ਡਰ ਚਾਹੇ ਖਤਮ ਕਰ ਦਿੱਤੇ ਹਨ, ਪਰ ਰੁਮਾਂਚ ਹਾਲੇ ਵੀ ਓਨਾ ਹੀ ਹੈ| ਉਹ ਇਸ ਕਰਕੇ ਕਿ ਪੂਛਲ ਤਾਰੇ ਸਾਡੇ ਸੌਰ ਮੰਡਲ ਦੇ ਮੁੱਢਲੇ ਅੰਗਾਂ ਵਿੱਚੋਂ ਇੱਕ ਹਨ| ਇਨ੍ਹਾਂ ਵਿੱਚੋਂ ਹੀ ਬਹੁਤੇ ਆਪਸ ਵਿੱਚ ਟਕਰਾ ਕੇ ਜੁੜੇ ਅਤੇ ਗ੍ਰਹਿਆਂ ਦਾ ਹਿੱਸਾ ਬਣੇ| ਕੁਝ ਸਮਾਂ ਪਹਿਲਾਂ ਸ਼ੂਮੇਕਰ-ਲੈਵੀ-9 ਨਾਮ ਦਾ ਇੱਕ ਪੂਛਲ ਤਾਰਾ ਬ੍ਰਹਿਸਪਤੀ ਨਾਲ ਟਕਰਾਇਆ| ਇਸ ਟੱਕਰ ਨੇ ਸਾਨੂੰ ਮੁੱਢਲੀ ਧਰਤੀ ਦੇ ਅਜਿਹੇ ਪੂਛਲ ਤਾਰਿਆਂ ਦੀ ਟੱਕਰ ਬਾਰੇ ਸਮਝਣ ਵਿੱਚ ਮਦਦ ਕੀਤੀ| ਇਨ੍ਹਾਂ ਟੱਕਰਾਂ ਕਰਕੇ ਹੀ ਧਰਤੀ ‘ਤੇ ਕਾਰਬਨ, ਹਾਈਡ੍ਰੋਜਨ, ਆਕਸੀਜਨ ਅਤੇ ਨਾਈਟ੍ਰੋਜਨ (CHNO) ਵਰਗੇ ਤੱਤਾਂ ਦੀ ਬਹੁਤਾਤ ਹੋਈ| ਇਨ੍ਹਾਂ ਤੱਤਾਂ ਤੋਂ ਹੀ ਅੱਗੇ ਜਾਂ ਕੇ ਅਮੀਨੋ ਤੇਜ਼ਾਬ ਬਣੇ, ਪ੍ਰੋਟੀਨ ਬਣੇ ਫਿਰ ਆਰਐੱਨਏ ਅਤੇ ਫਿਰ ਡੀਐੱਨਏ| ਸੋ ਇਨ੍ਹਾਂ ਪੂਛਲ ਤਾਰਿਆਂ ਦਾ ਅਧਿਐਨ ਸਾਨੂੰ ਧਰਤੀ ‘ਤੇ ਜੀਵਨ ਦੀ ਉਤਪਤੀ ਬਾਰੇ ਅਧਿਐਨ ਕਰਨ ਵਿੱਚ ਵੀ ਮਦਦ ਕਰਦਾ ਹੈ|
ਪੂਛਲ ਤਾਰੇ ਆਮ ਤੌਰ ‘ਤੇ ਦੋ ਹਿੱਸਿਆਂ ਵਿੱਚ ਵੰਡੇ ਜਾਂਦੇ ਹਨ| ਛੋਟੇ ਪੰਧ ਵਾਲੇ ਪੂਛਲ ਤਾਰੇ (200 ਸਾਲਾਂ ਤੋਂ ਛੋਟਾ) ਅਤੇ ਲੰਮੇ ਪੰਧ ਵਾਲੇ (200 ਸਾਲਾਂ ਤੋਂ ਵੱਧ)| ਛੋਟੇ ਪੰਧ ਵਾਲੇ ਤਾਰੇ ਮੁੱਖ ਉਲਕਾ ਪੱਟੀ, ਜੋ ਕਿ ਵਰੁਣ (Neptune) ਤੋਂ ਬਾਅਦ ਆਉਂਦੀ ਹੈ, ਵਿੱਚੋਂ ਆਉਂਦੇ ਹਨ ਅਤੇ ਲੰਮੇ ਪੰਧ ਵਾਲੇ ਊਰਟ ਬੱਦਲ ਵਿੱਚੋਂ| ਊਰਟ ਬੱਦਲ ਲਗਭਗ 20,000 ਏਯੂ (AU) ਦੂਰ ਸਥਿਤ ਉਲਕਾ ਅਤੇ ਪੂਛਲ ਤਾਰਿਆਂ ਦਾ ਸਮੂਹ ਹੈ| ਇਹ ਸੌਰ ਮੰਡਲ ਦੀ ਬਾਹਰਲੀ ਹੱਦ ਹੈ ਅਤੇ ਬਹੁਤੇ ਲੰਮੇ ਸਮੇਂ ਬਾਅਦ ਵਾਪਸ ਆਉਣ ਵਾਲੇ ਪੂਛਲ ਤਾਰਿਆਂ ਦਾ ਘਰ ਹੈ| ਇਹ ਮੰਨਿਆ ਜਾਂਦਾ ਹੈ ਕਿ ਬਹੁਤੇ ਪੂਛਲ ਤਾਰੇ ਇੱਥੇ ਵੱਡੇ ਗੈਸੀ ਗ੍ਰਹਿਆਂ ਵੱਲੋਂ ਸੁੱਟੇ ਗਏ ਹਨ| ਪੂਛਲ ਤਾਰਿਆਂ ਅਤੇ ਗ੍ਰਹਿਆਂ ਦਾ ਇਹ ਮੇਲ ਗ੍ਰਹਿਆਂ ਦਾ ਪੰਧ ਵੀ ਬਦਲ ਸਕਦਾ ਹੈ| ਸੌਰ ਮੰਡਲ ਦੇ ਸ਼ੁਰੂਆਤੀ ਦੌਰ ਵਿੱਚ ਬਣੇ ਇਹ ਤਾਰੇ ਬਹੁਤ ਠੰਢੇ ਤਾਪਮਾਨ ਵਿੱਚ ਰਹਿਣ ਕਰਕੇ ਆਪਣੇ ਤੱਤਾਂ ਨੂੰ ਮੂਲ ਰੂਪ ਵਿੱਚ ਸੰਭਾਲੀ ਰੱਖਦੇ ਹਨ| ਜਦੋਂ ਵੀ ਇਹ ਸੂਰਜ ਨੇੜੇ ਆਉਂਦੇ ਹਨ ਤਾਂ ਇਨ੍ਹਾਂ ਦਾ ਅਧਿਐਨ ਕਰਕੇ ਅਸੀਂ ਮੁੱਢਲੇ ਸੂਰਜ ਮੰਡਲ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ|
ਜੇ ਪੂਛਲ ਤਾਰਿਆਂ ਨੂੰ ਦੇਖਣ ਦੀ ਗੱਲ ਕਰੀਏ ਤਾਂ ਨੰਗੀ ਅੱਖ ਨਾਲ ਦਿਖਣ ਵਾਲੇ ਤਾਰੇ ਔਸਤਨ 15 ਸਾਲਾਂ ਵਿੱਚ ਇੱਕ ਵਾਰ ਹੀ ਆਉਂਦੇ ਹਨ| ਬਹੁਤੇ ਤਾਰੇ ਦੇਖਣ ਲਈ ਛੋਟੀ ਦੂਰਬੀਨ ਦੀ ਜ਼ਰੂਰਤ ਹੁੰਦੀ ਹੈ| ਅਜਿਹੇ ਪੂਛਲ ਤਾਰਿਆਂ ਨੂੰ ਦੇਖਣ ਲਈ ਤੁਹਾਨੂੰ ਥੋੜ੍ਹਾ ਚੇਤੰਨ ਰਹਿਣਾ ਹੋਵੇਗਾ ਅਤੇ ਅਗਾਉਂ ਜਾਣਕਾਰੀ ਹੋਣੀ ਜ਼ਰੂਰੀ ਹੈ| ਅਜਿਹੀ ਜਾਣਕਾਰੀ ਲਈ ਤੁਸੀਂ ਹਾਰਵਰਡ ਯੂਨੀਵਰਸਿਟੀ ਦੀ ਵੈੱਬਸਾਈਟ ਨੂੰ ਦੇਖ ਸਕਦੇ ਹੋ| (www.icq.eps.harvard.edu) ਪੂਛਲ ਤਾਰੇ ਖੂਬਸੂਰਤ ਹਨ, ਡਰਾਉਣੇ ਨਹੀਂ ਅਤੇ ਨਾ ਹੀ ਕੋਈ ਅਪਸ਼ਗਨ ਹਨ| ਇਨ੍ਹਾਂ ਨੂੰ ਦੇਖੋ ਅਤੇ ਸਮਝੋ ਅਤੇ ਕੁਦਰਤ ਦੇ ਇਸ ਅਜੂਬੇ ਨੂੰ ਨਿਹਾਰੋ|
*ਵਿਗਿਆਨੀ -ਇਸਰੋ, ਤਿਰੂਵਨੰਤਪੁਰਮ|
ਸੰਪਰਕ: 99957-65095