ਪੁਲੀਸ ਵੱਲੋਂ ਚੀਨੀ ਡੋਰ ਸਮੇਤ ਦੋ ਕਾਬੂ
ਪਾਬੰਦੀਸ਼ੁਦਾ ਚੀਨੀ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਦਿਆਂ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਪਾਬੰਦੀਸ਼ੁਦਾ ਚੀਨੀ ਡੋਰ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਲੇਮ ਟਾਬਰੀ ਦੇ ਥਾਣੇਦਾਰ ਜਿੰਦਰ ਲਾਲ ਨੇ ਦੱਸਿਆ ਕਿ ਪੁਲੀਸ ਗਸ਼ਤ ਸਬੰਧੀ ਜਲੰਧਰ ਬਾਈਪਾਸ ਚੌਕ ’ਤੇ ਮੌਜੂਦ ਸੀ ਤਾਂ ਹਿਮਾਂਸ਼ੂ ਵਾਸੀ ਹਜ਼ੂਰੀ ਬਾਗ ਕਲੋਨੀ ਭੱਟੀਆਂ ਨੂੰ ਆਪਣੀ ਕਰਿਆਨਾ ਦੁਕਾਨ ਅੰਦਰ ਪਾਬੰਦੀਸ਼ੁਦਾ ਚੀਨੀ ਡੋਰ ਰੱਖ ਕੇ ਵੇਚਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਉਸ ਕੋਲੋਂ 20 ਗੱਟੂ ਚੀਨੀ ਡੋਰ ਬਰਾਮਦ ਕੀਤੀ ਹੈ।
ਇਸੇ ਤਰ੍ਹਾਂ ਥਾਣਾ ਡਿਵੀਜਨ ਨੰਬਰ 3 ਦੇ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਕਮਲਜੋਤ ਸਿੰਘ ਉਰਫ਼ ਸਾਜਨ ਵਾਸੀ ਜਮਾਲਪੁਰ ਕਲੋਨੀ ਨੂੰ ਸਮਰਾਲਾ ਚੌਕ ਠੇਕੇ ਨੇੜੇ ਅਹਾਤਾ ਦੀ ਆੜ ਵਿੱਚ ਪਾਬੰਦੀਸ਼ੁਦਾ ਡੋਰ ਵੇਚਦਿਆਂ ਕਾਬੂ ਕਰ ਕੇ ਉਸ ਕੋਲੋਂ 48 ਗੱਟੂ ਡੋਰ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਕਿਸੇ ਵੀ ਕੀਮਤ ’ਤੇ ਚੀਨੀ ਡੋਰ ਦੀ ਵਿਕਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੀ ਵਿਕਰੀ, ਭੰਡਾਰ ਅਤੇ ਵਰਤੋਂ ਸਬੰਧੀ ਸਬੰਧਿਤ ਥਾਣੇ ਦੀ ਪੁਲੀਸ ਨੂੰ ਜਾਣਕਾਰੀ ਦੇਣ।