ਪੁਲੀਸ ਮੁਕਾਬਲੇ ਮਗਰੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 9 ਅਪਰੈਲ
ਇਥੇ ਲੁਧਿਆਣਾ ਸੜਕ ’ਤੇ ਪੁਲੀਸ ਮੁਕਾਬਲੇ ’ਚ ਦੋ ਨਸ਼ਾ ਤਸਕਰ 96 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਗੁਰਸਤਕੀਰਤਪਾਲ ਸਿੰਘ ਉਰਫ ਗੋਪੀ ਵਾਸੀ ਪਿੰਡ ਮੁਹੰਮਦਪੁਰਾ (ਨਵਾਂ ਪਿੰਡ) ਅਤੇ ਤਰਨਜੀਤ ਸਿੰਘ ਉਰਫ ਸੋਨੂੰ ਵਾਸੀ ਭਾਈ ਹਿੰਮਤ ਸਿੰਘ ਨਗਰ ਲੁਧਿਆਣਾ ਵਜੋਂ ਕੀਤੀ ਗਈ ਹੈ। ਪੁਲੀਸ ਨੇ ਪਿੰਡ ਅਕਬਰਪੁਰ ਛੰਨਾਂ ਕੋਲ ਬੀਤੀ ਰਾਤ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਉੱਥੇ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਪੁਲੀਸ ’ਤੇ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਵੱਲੋਂ ਜਵਾਬੀ ਕਾਰਵਾਈ ’ਚ ਮੋਟਰਸਾਈਕਲ ਦੇ ਪਿੱਛੇ ਬੈਠੇ ਗੁਰਸਤਕੀਰਤਪਾਲ ਦੀ ਖੱਬੀ ਲੱਤ ’ਚ ਗੋਲੀ ਲੱਗੀ।
ਐੱਸਐੱਸਪੀ ਗਗਨਅਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਗੁਰਸਤਕੀਰਤਪਾਲ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਲੇਰਕੋਟਲਾ ਲਿਆਂਦਾ ਗਿਆ। ਜਲੰਧਰ ਵਿੱਚ ਧਮਾਕੇ ਕਾਰਨ ਚੌਕਸੀ ਵਜੋਂ ਡੀਐੱਸਪੀ ਮਾਲੇਰਕੋਟਲਾ ਸਤੀਸ਼ ਕੁਮਾਰ, ਡੀਐੱਸਪੀ ਅਹਿਮਦਗੜ੍ਹ ਰਾਜਨ ਸ਼ਰਮਾ, ਸੀਆਈਏ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਐੱਸਐੱਚਓ ਥਾਣਾ ਸਦਰ ਅਹਿਮਦਗੜ੍ਹ ਇੰਸਪੈਕਟਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਪਿੰਡ ਅਕਬਰਪੁਰ ਛੰਨਾ ਕੋਲ ਨਾਕਾ ਲਾਇਆ ਹੋਇਆ ਸੀ। ਰਾਤ ਕਰੀਬ ਸਾਢੇ ਦਸ ਵਜੇ ਲੁਧਿਆਣੇ ਵੱਲੋਂ ਆ ਰਹੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ਉਪਰ ਤਿੰਨ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲੀਸ ਵੱਲੋਂ ਜਵਾਬੀ ਕਾਰਵਾਈ ਦੌਰਾਨ ਗੁਰਸਤਕੀਰਤਪਾਲ ਸਿੰਘ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ। ਪੁਲੀਸ ਨੇ ਦੋਵਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ 96 ਗ੍ਰਾਮ ਹੈਰੋਇਨ, ਪਿਸਤੌਲ, ਕਾਰਤੂਸ, ਤਿੰਨ ਖੋਲ, ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਅਹਿਮਦਗੜ੍ਹ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਸਿਵਲ ਹਸਪਤਾਲ ਦੇ ਡਾਕਟਰ ਐਮਰਜੈਂਸੀ ਡਿਊਟੀ ’ਤੇ ਸੱਦੇ
ਮਾਲੇਰਕੋਟਲਾ: ਨਸ਼ਾ ਤਸਕਰਾਂ ਨਾਲ ਪੁਲੀਸ ਮੁਕਾਬਲੇ ਮਗਰੋਂ ਸਿਵਲ ਹਸਪਤਾਲ ਮਾਲੇਰਕੋਟਲਾ ਦੇ ਐਮਰਜੈਂਸੀ ਵਿਭਾਗ ਨੂੰ ਅਲਰਟ ’ਤੇ ਕਰ ਦਿੱਤਾ ਗਿਆ। ਕਈ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਸਣੇ ਐਂਬੂਲੈਂਸ ਡਰਾਈਵਰਾਂ ਨੂੰ ਤੁਰੰਤ ਐਮਰਜੈਂਸੀ ਡਿਊਟੀ ’ਤੇ ਬੁਲਾ ਲਿਆ ਗਿਆ। ਐਮਰਜੈਂਸੀ ਵਿਭਾਗ ਵਿੱਚ ਦਾਖ਼ਲ ਮਰੀਜ਼ਾਂ ਨੂੰ ਜ਼ੱਚਾ-ਬੱਚਾ ਵਿਭਾਗ ਵਿੱਚ ਬਦਲ ਦਿੱਤਾ ਗਿਆ। ਰਾਤ ਕਰੀਬ 11 ਵਜੇ ਦੇ ਪੁਲੀਸ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲੈ ਕੇ ਪਹੁੰਚੀ।
ਮੋਗਾ ਪੁਲੀਸ ਵੱਲੋਂ ਅਸਲੇ ਤੇ ਨਗਦੀ ਸਣੇ ਤਿੰਨ ਗੈਂਗਸਟਰ ਕਾਬੂ
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਸਿਟੀ ਪੁਲੀਸ ਨਾਲ ਮੁਕਾਬਲੇ ’ਚ ਗੈਂਗਸਟਰ ਜ਼ਖ਼ਮੀ ਹੋ ਗਿਆ। ਪੁਲੀਸ ਟੀਮ ਮੁਲਜ਼ਮ ਨੂੰ ਅਸਲਾ ਰਿਕਵਰ ਕਰਨ ਲਈ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ। ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਐੱਸਐੱਸਪੀ ਅਜੇ ਗਾਂਧੀ, ਐੱਸਪੀ (ਜਾਂਚ) ਡਾ. ਬਾਲ ਕ੍ਰਿਸ਼ਨ ਅਤੇ ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਪੁਲੀਸ ਚੌਕੀ ਫੋਕਲ ਪੁਆਇੰਟ ਦੇ ਇੰਚਾਰਜ ਏਐੱਸਆਈ ਮੋਹਕਮ ਸਿੰਘ ਨੇ ਗੈਂਗਸਟਰ ਰੋਸ਼ਨਦੀਪ ਸਿੰਘ ਵਾਸੀ ਹਕੂਮਤਵਾਲਾ (ਫ਼ਿਰੋਜ਼ਪੁਰ) ਅਤੇ ਉਸ ਦੇ ਦੋ ਸਾਥੀਆਂ ਅਕਾਸ਼ਦੀਪ ਸਿੰਘ ਵਾਸੀ ਭੰਗਾਲੀ ਨਰਾਇਣਗੜ੍ਹ (ਫ਼ਿਰੋਜ਼ਪੁਰ) ਅਤੇ ਗੁਰਜੰਟ ਸਿੰਘ ਖ਼ਿਆਲਾ ਕਲਾਂ (ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਇੱਥੇ ਕੋਟਕਪੂਰਾ ਹਾਈਵੇਅ ਨੇੜੇ ਅਤੇ ਸਾਈਂ ਧਾਮ ਮੰਦਰ ਦੇ ਪਿੱਛੇ ਰਣਦੀਪ ਸਿੰਘ ਨਾਮ ਦੇ ਵਿਅਕਤੀ ਦੇ ਘਰ ਰੁਕੇ ਹੋਏ ਸਨ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਦੋ ਪਿਸਤੌਲ ਅਤੇ ਨੌਂ ਲੱਖ ਰੁਪਏ ਦੀ ਭਾਰਤੀ ਕਰੰਸੀ ਤੇ ਇੱਕ ਕਾਰ ਜ਼ਬਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੜਤਾਲ ਮਗਰੋਂ ਅੱਜ ਜਦੋਂ ਚੌਕੀ ਇੰਚਾਰਜ ਮੋਹਕਮ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਉਨ੍ਹਾਂ ਨੂੰ ਅਸਲਾ ਰਿਕਵਰੀ ਲਈ ਲੈ ਕੇ ਗਈ ਤਾਂ ਮੁਲਜ਼ਮ ਗੁਰਜੰਟ ਸਿੰਘ ਨੇ ਲੁਕਾ ਕੇ ਰੱਖਿਆ ਪਿਸਤੌਲ ਕੱਢ ਕੇ ਪੁਲੀਸ ਟੀਮ ’ਤੇ ਦੋ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਾਰਵਾਈ ’ਚ ਮੁਲਜ਼ਮ ਗੁਰਜੰਟ ਦੀ ਖੱਬੀ ਲੱਤ ’ਚ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਖ਼ਿਲਾਫ਼ ਥਾਣਾ ਸਿਟੀ ਵਿੱਚ ਵੱਖਰਾ ਕੇਸ ਦਰਜ ਕੀਤਾ ਗਿਆ ਹੈ।