ਪੁਲੀਸ ਮੁਕਾਬਲੇ ’ਚ ਸਕਾਰਪੀਓ ਖੋਹਣ ਵਾਲਾ ਜ਼ਖ਼ਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਮਈ
ਇਸ ਸ਼ਹਿਰ ਵਿੱਚੋਂ ਸਕਾਰਪੀਓ ਖੋਹਣ ਵਾਲਾ ਮੁਲਜ਼ਮ ਅੱਜ ਸ਼ਾਮੀ ਇਥੇ ਸਰਹਿੰਦ ਰੋਡ ’ਤੇ ਸਥਿਤ ਪਿੰਡ ਫੱਗਣਮਾਜਰਾ ਕੋਲ ਪੁਲੀਸ ਮੁਕਾਬਲੇ ਦੌਰਾਨ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਲੱਤ ’ਚ ਗੋਲੀ ਲੱਗਣ ਮਗਰੋਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਦੀ ਪਛਾਣ ਗੁਰਚਰਨ ਸਿੰਘ ਕਾਲੂ ਵਾਸੀ ਪਿੰਡ ਬਜਹੇੜੀ (ਥਾਣਾ ਘੜੂੰਆਂ) ਜ਼ਿਲ੍ਹਾ ਮੁਹਾਲੀ ਵਜੋਂ ਹੋਈ ਹੈ।ਘਟਨਾ ਸਥਾਨ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਅੱਜ ਐੱਸਪੀ (ਇਨਵੈਸਟੀਗੇਸ਼ਨ) ਗੁਰਬੰਸ ਸਿੰਘ ਬੈਂਸ ਦੀ ਅਗਵਾਈ ਹੇਠ ਸੀਆਈਏ ਪਟਿਆਲਾ ਦੇ ਇੰਚਾਰਜ ਪ੍ਰਦੀਪ ਬਾਜਵਾ ਦੀ ਟੀਮ ਸਰਹਿੰਦ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸੂਹ ਮਿਲੀ ਕਿ ਪਟਿਆਲਾ ਤੋਂ ਸਕਾਰਪੀਓ ਖੋਹਣ ਵਾਲਾ ਮੁਲਜ਼ਮ ਉਸ ਸਕਾਰਪੀਓ ਰਾਹੀਂ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਆ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲੀਸ ਨੇ ਉਸ ਨੂੰ ਫੱਗਣਮਾਜਰਾ ਨੇੜੇ ਏਸ਼ੀਅਨ ਕਾਲਜ ਰੋਡ ’ਤੇ ਘੇਰਾ ਪਾ ਲਿਆ। ਆਪਣੇ ਆਪ ਨੂੰ ਘਿਰਿਆ ਦੇਖਦਿਆਂ ਉਸ ਨੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਚਾਰ ਫਾਇਰ ਕੀਤੇ। ਜਵਾਬੀ ਕਾਰਵਾਈ ਦੌਰਾਨ ਉਸ ਦੀ ਲੱਤ ’ਤੇ ਗੋਲੀ ਲੱਗੀ। ਇਸ ਮਗਰੋਂ ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਐੱਸਪੀ ਡੀ ਗੁਰਬੰਸ ਬੈਂਸ ਦਾ ਕਹਿਣਾ ਸੀ ਕਿ ਮੁਲਜ਼ਮ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ