ਪੁਲੀਸ-ਪਬਲਿਕ ਮੀਟਿੰਗ ’ਚ ਉੱਠੇ ਪੀਜੀ, ਟਰੈਫ਼ਿਕ ਸਮੱਸਿਆ ਤੇ ਸਾਈਬਰ ਧੋਖਾਧੜੀ ਦੇ ਮਸਲੇ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 4 ਜਨਵਰੀ
ਰੂਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਇੱਥੋਂ ਦੇ ਸੈਕਟਰ-68 ਸਥਿਤ ਪੰਚਮ ਸੁਸਾਇਟੀ ਵਿਖੇ ਪੁਲੀਸ-ਪਬਲਿਕ ਮੀਟਿੰਗ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ ਵੀ ਮੌਜੂਦ ਰਹੇ। ਉਨ੍ਹਾਂ ਦੱਸਿਆ ਕਿ ਪੁਲੀਸ-ਪਬਲਿਕ ਸੰਪਰਕ ਮੁਹਿੰਮ ਤਹਿਤ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸ਼ਹਿਰ ਵਾਸੀਆਂ ਨੇ ਡੀਆਈ ਅੱਗੇ ਸਮੱਸਿਆਵਾਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਸਾਈਬਰ ਧੋਖਾਧੜੀ ਮਾਮਲੇ ਲਗਾਤਾਰ ਵਧ ਰਹੇ ਹਨ। ਸ਼ਹਿਰ ਵਿੱਚ ਟਰੈਫ਼ਿਕ ਸਮੱਸਿਆ ਗੰਭੀਰ ਚੁਣੌਤੀ ਬਣ ਗਈ ਹੈ। ਜਦੋਂ ਲੋਕ ਆਨਲਾਈਨ ਸ਼ਿਕਾਇਤ ਦਰਜ ਕਰਵਾਉਂਦੇ ਹਨ ਤਾਂ ਉਸ ਦਾ ਜਵਾਬ ਨਹੀਂ ਆਉਂਦਾ, ਜਿਸ ਕਾਰਨ ਪਤਾ ਨਹੀਂ ਚਲਦਾ ਕਿ ਉਨ੍ਹਾਂ ਦੀ ਸ਼ਿਕਾਇਤ ਦਰਜ ਹੋਈ ਵੀ ਹੈ ਜਾਂ ਨਹੀਂ? ਪੀਜੀ ਵਿੱਚ ਰਹਿਣ ਵਾਲੇ ਮੁੰਡੇ-ਕੁੜੀਆਂ ਦੀ ਪੁਲੀਸ ਵੈਰੀਫਿਕੇਸ਼ਨ ਅਤੇ ਰਾਤ 11 ਵਜੇ ਤੋਂ ਬਾਅਦ ਸੁਸਾਇਟੀ ਵਿੱਚ ਫੂਡ ਵੇਚਣ ਵਾਲਿਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ। ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲੀਸ ਵੱਲੋਂ ਮੀਟਿੰਗਾਂ ਕਰਨ ਦਾ ਮੰਤਵ ਪੁਲੀਸ ਤੇ ਪਬਲਿਕ ਵਿੱਚ ਨੇੜਤਾ ਵਧਾਉਣਾ ਹੈ।
ਐੱਸਐੱਸਪੀ ਦੀਪਕ ਪਾਰਿਕ ਨੇ ਕਿਹਾ ਕਿ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਅਤੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਜੁਰਮ ਨੂੰ ਠੱਲ੍ਹ ਪਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਤੋਂ ਪਹਿਲਾਂ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਪੁਲੀਸ-ਪਬਲਿਕ ਮੀਟਿੰਗ ਦੀ ਸ਼ੁਰੂ ਕਰਵਾਈ ਅਤੇ ਡੀਆਈਜੀ ਅਤੇ ਐੱਸਐੱਸਪੀ ਦਾ ਸਵਾਗਤ ਕੀਤਾ।