ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਛੱਤਬੀੜ ਚਿੜੀਆਘਰ ਦਾ ਦੌਰਾ
ਹਰਜੀਤ ਸਿੰਘ
ਜ਼ੀਰਕਪੁਰ, 6 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰੇ ਅਚਾਨਕ ਆਪਣੇ ਪਰਿਵਾਰਕ ਮੈਂਬਰਾਂ ਨਾਲ ਛੱਤਬੀੜ ਚਿੜੀਆਘਰ ਦੀ ਨਿੱਜੀ ਫੇਰੀ ਲਈ ਪਹੁੰਚੇ। ਇਸ ਦੌਰਾਨ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਵੀ ਨਾਲ ਸੀ। ਉਨ੍ਹਾਂ ਨੇ ਛੱਤਬੀੜ ਚਿੜੀਆਘਰ ਦੇ ਅਧਿਕਾਰੀਆਂ ਤੋਂ ਜੰਗਲੀ ਜਾਨਵਰਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਹ ਦੌਰਾ ਤਜਵੀਜ਼ਤ ਨਹੀਂ ਸੀ ਅਤੇ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਬਾਰੇ ਅਗਾਊਂ ਕੋਈ ਜਾਣਕਾਰੀ ਨਹੀਂ ਸੀ। ਹਾਲਾਂਕਿ ਮੁੱਖ ਮੰਤਰੀ ਦੀ ਨਿੱਜੀ ਫੇਰੀ ਦੌਰਾਨ ਮੀਡੀਆ ਨੂੰ ਵੀ ਦੂਰ ਹੀ ਰੱਖਿਆ ਗਿਆ ਅਤੇ ਕਿਸੇ ਵੀ ਅਧਿਕਾਰੀ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ। ਛੱਤਬੀੜ ਦੀ ਫੇਰੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਦਿਨੇਂ ਪਰਿਵਾਰ ਸਮੇਤ ਰੋਪੜ ਦੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਵੀ ਨਤਮਸਤਕ ਹੋਏ। ਛੱਤਬੀੜ ਚਿੜੀਆਘਰ ਦੀ ਇਸ ਅਚਾਨਕ ਫੇਰੀ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਕੋਈ ਅਗਾਊਂ ਜਾਣਕਾਰੀ ਨਾ ਹੋਣ ਕਾਰਨ ਮੁਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਹਲੀ ਵਿਚ ਤਿਆਰੀਆਂ ਕਰਨੀਆਂ ਪਈਆਂ। ਮੁੱਖ ਮੰਤਰੀ ਦੀ ਫੇਰੀ ਨੇ ਚਿੜੀਆਘਰ ਦੇ ਜਾਨਵਰਾਂ ਅਤੇ ਇਨ੍ਹਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਅਤੇ ਸੁਰੱਖਿਆ ਦੀ ਮਹੱਤਤਾ ਵੱਲ ਵੀ ਧਿਆਨ ਦਿਵਾਇਆ। ਇਸ ਫੇਰੀ ਉਪਰੰਤ ਸ਼ਾਮ ਨੂੰ ਮੁੱਖ ਮੰਤਰੀ ਕਾਫਲੇ ਸਮੇਤ ਮੁੱਖ ਮੰਤਰੀ ਨਿਵਾਸ ਲਈ ਰਵਾਨਾ ਹੋ ਗਏ। ਇਸ ਮੌਕੇ ਉਨ੍ਹਾਂ ਨਾਲ ਮੁਹਾਲੀ ਦੇ ਐੱਸਐੱਸਪੀ ਦੀਪਕ ਪਾਰਿਕ, ਡੀ.ਸੀ. ਆਸ਼ਿਕਾ ਜੈਨ, ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਨੀਰਜ ਗੁਪਤਾ, ਐਸਡੀਐਮ ਡੇਰਾਬਸੀ ਅਮਿਤ ਗੁਪਤਾ, ਡੀਐੱਸਪੀ ਸਬ ਡਵੀਜ਼ਨ ਜਸਪਿੰਦਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।