ਪੁਲੀਸ ਨੇ ਡੱਲੇਵਾਲ ਪਿੰਡ ਨੂੰ ਸੀਲ ਕੀਤਾ
ਕਮਲਜੀਤ ਕੌਰ
ਫ਼ਰੀਦਕੋਟ, 26 ਮਾਰਚ
ਜ਼ਿਲ੍ਹਾ ਪੁਲੀਸ ਨੇ ਅੱਜ ਫ਼ਰੀਦਕੋਟ ਨੇੜਲੇ ਪਿੰਡ ਡੱਲੇਵਾਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ। ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਰਿਹਾਅ ਕਰਵਾਉਣ ਲਈ ਪਿੰਡ ਵਾਸੀਆਂ ਅਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਪਿੰਡ ਡੱਲੇਵਾਲ ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਡੱਲੇਵਾਲ ਜਗਜੀਤ ਸਿੰਘ ਦਾ ਜੱਦੀ ਪਿੰਡ ਹੈ। ਕੱਲ੍ਹ ਮੀਟਿੰਗ ਲਈ ਆਏ ਕਿਸਾਨਾਂ ਨੇ ਇੱਥੇ ਧਰਨਾ ਦਿੱਤਾ ਸੀ, ਉਸ ਤੋਂ ਬਾਅਦ ਅੱਜ ਪੁਲੀਸ ਨੇ ਪਿੰਡ ਡੱਲੇਵਾਲ ਨੂੰ ਜਾਂਦੀਆਂ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਸੀਲ ਕਰ ਦਿੱਤੀਆਂ ਅਤੇ ਪਿੰਡ ਵਿੱਚ ਜਾਣ ਵਾਲੇ ਹਰ ਬੰਦੇ ਦਾ ਸ਼ਨਾਖ਼ਤੀ ਪੱਤਰ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਿੰਡ ਤੋਂ ਬਾਹਰ ਜਾਣ ਵਾਲਿਆਂ ਉੱਪਰ ਵੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਓਪਰੇ ਬੰਦੇ ਨੂੰ ਪੁਲੀਸ ਨੇ ਪਿੰਡ ਵਿੱਚ ਨਹੀਂ ਵੜਨ ਦਿੱਤਾ।
ਕਿਸਾਨ ਆਗੂ ਅੰਗਰੇਜ਼ ਸਿੰਘ ਗੋਲੇਵਾਲਾ, ਚਰਨਜੀਤ ਸਿੰਘ ਸੁੱਖਣਵਾਲਾ ਅਤੇ ਬੋਹੜ ਸਿੰਘ ਰੁਪਈਆਂ ਵਾਲਾ ਨੇ ਕਿਹਾ ਕਿ ਪੁਲੀਸ ਬਿਨਾਂ ਵਜ੍ਹਾ ਦਹਿਸ਼ਤ ਦਾ ਮਾਹੌਲ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਪਰਿਵਾਰ ਜਾਂ ਜਥੇਬੰਦੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਕਿਸਾਨ ਆਗੂਆਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਡੱਲੇਵਾਲ ਪਿੰਡ ਵਿੱਚ ਜਾਣ ਵਾਲੇ ਕਿਸਾਨ ਆਗੂਆਂ ਨੂੰ ਪੁਲੀਸ ਨਿਸ਼ਾਨਾ ਬਣਾ ਰਹੀ ਹੈ। ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਦੀ ਸੁਰੱਖਿਅਤ ਰਿਹਾਈ ਤੱਕ ਪਿੰਡ ਵਿੱਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਪੰਜਾਬ ਭਰ ਤੋਂ ਇੱਥੇ ਕਿਸਾਨ ਆਗੂ ਅਤੇ ਵਰਕਰ ਆਉਣਾ ਚਾਹੁੰਦੇ ਸਨ ਪਰ ਪੁਲੀਸ ਦੇ ਸਖ਼ਤ ਪਹਿਰੇ ਕਾਰਨ ਅੱਜ ਡੱਲੇਵਾਲ ਪਿੰਡ ਵਿੱਚ ਕੋਈ ਵੀ ਬਾਹਰਲਾ ਬੰਦਾ ਦਾਖ਼ਲ ਨਹੀਂ ਹੋ ਸਕਿਆ।