ਪੁਲੀਸ ਨਾਲ ਮੁਕਾਬਲੇ ਵਿੱਚ ਨਸ਼ਾ ਤਸਕਰ ਜ਼ਖ਼ਮੀ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਪਰੈਲ
ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਬੀਤੀ ਰਾਤ ਕੀਤੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਨਾਲ ਮੁਲਜ਼ਮ ਜ਼ਖਮੀ ਹੋ ਗਿਆ। ਇਸ ਮਗਰੋਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਕਸੋਵਾਲ ਧੁੱਸੀ ਤੋਂ 523 ਗ੍ਰਾਮ ਹੈਰੋਇਨ ਅਤੇ ਪਿਸਤੌਲ ਬਰਾਮਦ ਕੀਤਾ। ਇਸ ਸਬੰਧੀ ਡੀਐੱਸਪੀ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਬੀਤੇ ਦਿਨ ਘੋਨੇਵਾਲ ਤੋਂ ਪੁਲੀਸ ਨੇ ਦੋ ਨੌਜਵਾਨਾਂ ਨੂੰ 30 ਬੋਰ ਦੇ ਗਲੋਕ ਪਿਸਤੌਲ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਖ਼ਿਲਾਫ਼ ਥਾਣਾ ਰਮਦਾਸ ਵਿੱਚ ਕੇਸ ਦਰਜ ਕਰ ਕੇ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਿਆ। ਤਫਤੀਸ਼ ਦੌਰਾਨ ਮੁਲਜ਼ਮ ਪਲਵਿੰਦਰ ਸਿੰਘ ਪਾਲਾ ਵਾਸੀ ਜੱਟਾ ਨੇ ਦੱਸਿਆ ਕਿ ਉਨ੍ਹਾਂ ਨੇ ਕੱਸੋਵਾਲ ਧੁੱਸੀ ’ਚ ਹੈਰੋਇਨ ਅਤੇ ਹਥਿਆਰ ਲੁਕੋ ਕੇ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਇਹ ਬਰਾਮਦਗੀ ਲਈ ਜਦ ਪੁਲੀਸ ਉਸ ਨੂੰ ਉਕਤ ਸਥਾਨ ਉੱਤੇ ਲੈ ਕੇ ਆਈ ਤਾਂ ਇਸ ਨੇ 523 ਗ੍ਰਾਮ ਹੈਰੋਇਨ ਦੀ ਰਿਕਵਰੀ ਕਰਵਾਈ। ਇਸੇ ਦੌਰਾਨ ਜਦ ਇਹ ਪਿਸਤੌਲ ਦੀ ਰਿਕਵਰੀ ਕਰਵਾਉਣ ਲੱਗਾ ਤਾਂ ਇਸ ਨੇ ਉਕਤ ਪਿਸਤੌਲ ਹੱਥ ਵਿੱਚ ਆਉਂਦੇ ਸਾਰ ਹੀ ਪੁਲੀਸ ਉੱਤੇ ਗੋਲੀ ਚਲਾਈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਪਲਵਿੰਦਰ ਸਿੰਘ ਦੀ ਲੱਤ ਵਿੱਚ ਗੋਲੀ ਵੱਜ ਗਈ, ਜਿਸ ਨੂੰ ਤੁਰੰਤ ਰਮਦਾਸ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।