ਹਰਿਦੁਆਰ ’ਚ ਗੁਦਾਮ ਤੋਂ ਕੋਡੀਨ ਸੀਰਪ ਦੀਆਂ ਬੋਤਲਾਂ ਤੇ ਤਿੰਨ ਕਿਲੋ ਨਸ਼ੀਲਾ ਪਾਊਡਰ ਬਰਾਮਦ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 21 ਅਪਰੈਲ
ਨਾਰਕੋਟਿਕਸ ਕੰਟਰੋਲ ਬਿਊਰੋ, ਅੰਮ੍ਰਿਤਸਰ ਜ਼ੋਨ ਨੇ ਵੱਡੀ ਕਾਰਵਾਈ ਵਿੱਚ ਉੱਤਰਾਖੰਡ ਦੇ ਹਰਿਦੁਆਰ ਵਿੱਚ ਇੱਕ ਗੁਦਾਮ ਤੋਂ 11,000 ਤੋਂ ਵੱਧ ਕੋਡੀਨ ਸੀਰਪ ਦੀਆਂ ਬੋਤਲਾਂ ਤੋਂ ਇਲਾਵਾ ਲਗਭਗ 3 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਹ ਬਰਾਮਦਗੀ ਰਾਮ ਧਾਮ ਕਲੋਨੀ ਦੇ ਅੰਕਿਤ ਪਟੇਲ ਅਤੇ ਸਿੰਹਨੀਵਾਲਾ ਦੇ ਅਜੀਤ ਸਿੰਘ ਤੋਂ ਪੁੱਛ ਪੜਤਾਲ ਤੋਂ ਬਾਅਦ ਕੀਤੀ ਗਈ। ਉਨ੍ਹਾਂ ਨੂੰ ਇਸ ਸਾਲ ਫਰਵਰੀ ਵਿੱਚ ਐੱਨਸੀਬੀ ਨੇ ਗ੍ਰਿਫ਼ਤਾਰ ਕੀਤਾ ਸੀ ਪਰ ਫਰਮ ਦਾ ਮਾਲਕ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ। ਐੱਨਸੀਬੀ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਉਨ੍ਹਾਂ ਨੂੰ ਵਧੇਰੇ ਜਾਂਚ ਲਈ ਪੁਲੀਸ ਰਿਮਾਂਡ ’ਤੇ ਲਿਆਂਦਾ ਗਿਆ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਇੱਕ ਹੋਰ ਗੁਦਾਮ ਬਾਰੇ ਪਤਾ ਲੱਗਾ, ਜਿੱਥੋਂ ਮੌਜੂਦਾ ਸਾਮਾਨ ਜ਼ਬਤ ਕੀਤਾ ਹੈ ।
ਸੂਤਰਾਂਦੱਸਿਆ ਕਿ ਬਰਾਮਦ ਕੀਤੀਆਂ ਗਈਆਂ 11,000 ਕੋਡੀਨ ਸੀਰਪ ਦੀਆਂ ਬੋਤਲਾਂ ਵਿੱਚੋਂ 2400 ਬੋਤਲਾਂ 'ਤੇ ਬੈਚ ਨੰਬਰ ਲਿਖਿਆ ਹੋਇਆ ਸੀ ਜਦੋਂ ਕਿ ਬਾਕੀ ਬੋਤਲਾਂ ਦਾ ਕੋਈ ਬੈਚ ਨੰਬਰ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਫਾਰਮਾਸਿਊਟੀਕਲ ਫਰਮ ਦੇ ਹਰਿਦੁਆਰ ਵਿੱਚ ਚਾਰ ਗੁਦਾਮ ਹਨ। ਸੂਤਰਾਂ ਦੱਸਿਆ ਕਿ ਫਰਮ ਨਾਈਜ਼ੀਰੀਆ ਸਮੇਤ ਹੋਰ ਦੇਸ਼ਾਂ ਵਿੱਚ ਵੀ ਸੀਰਪ ਦਾ ਨਿਰਯਾਤ ਕਰ ਰਹੀ ਸੀ।
ਮਿਲੀ ਜਾਣਕਾਰੀ ਦੇ ਮੁਤਾਬਕ ਇਹ ਸਿਲਸਿਲਾ 4 ਜਨਵਰੀ ਨੂੰ ਉਸ ਵੇਲੇ ਸ਼ੁਰੂ ਹੋਇਆ ਸੀ ਜਦੋਂ ਐੱਨਸੀਬੀ ਨੇ ਨਵੀਨ ਨਾਂਅ ਦੇ ਵਿਅਕਤੀ ਨੂੰ ਦਵਾਈਆਂ ਦੀ ਦੁਕਾਨ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੇ ਕਬਜ਼ੇ ਵਿੱਚੋਂ 24,000 ਨਸ਼ੀਲੀਆ ਗੋਲੀਆਂ ਬਰਾਮਦ ਕੀਤੀਆਂ ਸਨ। ਉਸ ਕੋਲੋਂ ਕੀਤੀ ਪੁੱਛ ਪੜਤਾਲ ਤੋਂ ਬਾਅਦ ਗੇਟ ਹਕੀਮਾ ਦੇ ਸੋਨੂੰ ਅਤੇ ਹਰਸ਼ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹੋਰ ਜਾਂਚ ਤੋਂ ਬਾਅਦ ਬਿਆਸ ਦੇ ਸੁਖਪਾਲ ਸਿੰਘ ਅਤੇ ਹਰਵਿੰਦਰ ਸਿੰਘ ਤੋਂ 34,000 ਗੋਲੀਆਂ ਬਰਾਮਦ ਹੋਈਆਂ ਸਨ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਨਿਊ ਅੰਮ੍ਰਿਤਸਰ ਦੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਅਨੁਸਾਰ ਉਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਐਨਸੀਬੀ ਟੀਮ ਵਲੋਂ ਦੇਹਰਾਦੂਨ ਸਥਿਤ ਫਾਰਮਾਸਿਊਟੀਕਲ ਫਰਮ ਦੇ ਛਾਪਾ ਮਾਰਿਆ ਗਿਆ ਜਿਥੋ ਮੌਕੇ ਤੋਂ ਦੋ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ।