ਪੁਲੀਸ ਅਧਿਕਾਰੀ ਕੰਧਾਂ ਟੱਪ ਕੇ ਲਤੀਫ਼ਪੁਰਾ ਮੋਰਚੇ ਦੇ ਆਗੂ ਦੇ ਘਰ ਪੁੱਜੇ
ਪਾਲ ਸਿੰਘ ਨੌਲੀ
ਜਲੰਧਰ, 31 ਜਨਵਰੀ
ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੇ ਘੋਲ਼ ਨੂੰ ਅਸਫ਼ਲ ਬਣਾਉਣ ਲਈ ਸੂਬਾ ਸਰਕਾਰ, ਇੰਮਰੂਵਮੈਂਟ ਟਰੱਸਟ, ਪ੍ਰਸ਼ਾਸਨ ਅਤੇ ਮਾਫ਼ੀਆ ਦੇ ਗੱਠਜੋੜ ਵਲੋਂ ਕਥਿਤ ਕੋਝੀ ਸਾਜ਼ਿਸ਼ ਤਹਿਤ ਮੋਰਚੇ ਦੇ ਮੈਂਬਰ ਪਰਮਿੰਦਰ ਸਿੰਘ ਮਿੰਟੂ ਦੀ ਪਤਨੀ ਮਨਪ੍ਰੀਤ ਕੌਰ, ਨਾਬਾਲਗ ਬੱਚੀ ਸੁਖਪ੍ਰੀਤ (ਸੁੱਖੂ) ਅਤੇ ਭੈਣ ਰਣਜੀਤ ਕੌਰ ਨਾਲ ਉਨ੍ਹਾਂ ਦੀ ਠਾਹਰ ਵਡਾਲਾ ਚੌਕ ਵਿੱਚ 30-31 ਦੀ ਦਰਮਿਆਨੀ ਰਾਤ ਨੂੰ ਦਸਤਕ ਦਿੱਤੀ ਗਈ। ਪੁਲੀਸ ਵਰਦੀ ਵਿੱਚ ਇਨ੍ਹਾਂ 6-7 ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਵਧੀਕੀ ਕਰਨ ਲਈ ਕੰਧਾਂ ਟੱਪ ਕੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ। ਮੋਰਚੇ ਦੇ ਆਗੂਆਂ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਸਾੜਨ ਮੌਕੇ ਪੁਲੀਸ ਪ੍ਰਸ਼ਾਸਨ ਖਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਜਦੋਂ ਪੁਲੀਸ ਵਲੋਂ ਗੁੰਡਾਗਰਦੀ ਕੀਤੀ ਜਾ ਰਹੀ ਸੀ ਤਾਂ ਖ਼ਬਰ ਮਿਲਣ ‘ਤੇ ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਆਗੂ ਪਰਮਜੀਤ ਸਿੰਘ ਜੱਬੋਵਾਲ ਅਤੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਆਗੂ ਲਖਵੀਰ ਸਿੰਘ ਸੌਂਟੀ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲੀਸ ਵਾਲੇ ਮੌਕੇ ਤੋਂ ਖਿਸਕ ਗਏ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਸਰਕਾਰ,ਟਰੱਸਟ, ਮਾਫ਼ੀਆ ਦੇ ਗੱਠਜੋੜ ਦੀ ਕਠਪੁਤਲੀ ਬਣ ਕੇ ਕੋਝੀ ਸਾਜ਼ਿਸ਼ ਤਹਿਤ ਲਤੀਫ਼ਪੁਰਾ ਦੇ ਉਜਾੜੇ ਪਰਿਵਾਰਾਂ ਨੂੰ ਡਰਾ,ਧਮਕਾ ਕੇ ਚੱਲ ਰਹੇ ਘੋਲ਼ ਨੂੰ ਅਸਫ਼ਲ ਬਣਾਉਣ ਲਈ ਹੇਠਲੇ ਪੱਧਰ ਦੀਆਂ ਹਰਕਤਾਂ ਉੱਤੇ ਉੱਤਰ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਕੋਝੀ ਹਰਕਤ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕੰਧ ਉੱਪਰ ਲਿਖਿਆ ਪੜ੍ਹ ਲਵੇ ਕਿ ਡਰਾਉਣ, ਧਮਕਾਉਣ ਨਾਲ ਚਲ ਰਿਹਾ ਸੰਘਰਸ਼ ਰੁਕੇਗਾ ਨਹੀਂ ਸਗੋਂ ਹੋਰ ਤੇਜ਼ ਹੋਵੇਗਾ।
ਆਗੂਆਂ ਨੇ ਮੌਕੇ ਉੱਤੇ ਆਏ ਪੁਲੀਸ ਅਧਿਕਾਰੀ ਨੂੰ ਲੰਘੀ ਰਾਤ ਗੁੰਡਾਗਰਦੀ ਕਰਨ ਵਾਲੇ ਪੁਲੀਸ ਅਧਿਕਾਰੀਆਂ, ਕਰਮਚਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਗੁੰਡਾ ਅਨਸਰਾਂ ਵਿਰੁੱਧ ਕਾਰਵਾਈ ਨਾ ਕਤਿੀ ਗਈ ਤਾਂ ਇਸ ਦੇ ਖਿਲਾਫ਼ ਵੀ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਇਸ ਮੌਕੇ ਮੋਰਚੇ ਦੇ ਆਗੂ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਬਖਸ਼ ਸਿੰਘ, ਪਰਮਿੰਦਰ ਸਿੰਘ ਮਿੰਟੂ, ਬਲਜਿੰਦਰ ਕੌਰ ਅਤੇ ਹੰਸ ਰਾਜ ਨੇ ਸੰਬੋਧਨ ਕੀਤਾ।