ਪੀਸੀਐੱਸ ਨਤੀਜਿਆਂ ’ਚ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੀ ਝੰਡੀ
ਕੁਲਦੀਪ ਸਿੰਘ
ਚੰਡੀਗੜ੍ਹ, 26 ਦਸੰਬਰ
ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਰਜਿਸਟਰ ਏ-2 ਅਤੇ ਸੀ ਦੀਆਂ 26 ਅਸਾਮੀਆਂ ਪੀਸੀਐੱਸ ਐਗਜ਼ੀਕਿਯੂਟਿਵ ਲਈ ਪਿਛਲੇ ਦਿਨੀਂ ਐਲਾਨੇ ਨਤੀਜਿਆਂ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਦੀ ਝੰਡੀ ਰਹੀ। ਇਨ੍ਹਾਂ 26 ਅਸਾਮੀਆਂ ਦੇ ਨਤੀਜਿਆਂ ਵਿੱਚ ਸਿਵਲ ਸਕੱਤਰੇਤ ਦੇ ਕੁੱਲ ਅੱਠ ਕਰਮਚਾਰੀ ਚੁਣੇ ਗਏ। ਇਸੇ ਤਰ੍ਹਾਂ ਚੰਡੀਗੜ੍ਹ ਅਤੇ ਮੁਹਾਲੀ ਡਾਇਰੈਕਟੋਰੇਟਾਂ ਦੇ ਕੁੱਲ ਅੱਠ ਮੁਲਾਜ਼ਮ ਚੁਣੇ ਗਏ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਪੰਜਾਬ ਸਿਵਲ ਸਕੱਤਰੇਤ ਵਿਖੇ ਵਿੱਤ ਮੰਤਰੀ ਦੇ ਸਟਾਫ਼ ਵਿੱਚੋਂ ਗੁਰਮੀਤ ਸਿੰਘ ਸਮੇਤ ਖੁਸ਼ਪ੍ਰੀਤ ਸਿੰਘ, ਕੁਲਦੀਪ ਸਿੰਘ, ਜਗਦੀਪ ਸਿੰਘ, ਲਵਪ੍ਰੀਤ ਸਿੰਘ, ਸਤੀਸ਼ ਚੰਦਰ, ਕੁਲਦੀਪ ਚੰਦ, ਕਪਿਲੇਸ਼ ਗੁਪਤਾ ਤੇ ਡਾਇਰੈਕਟੋਰੇਟਾਂ ਤੋਂ ਅਮਨਦੀਪ ਸਿੰਘ ਮਾਵੀ (ਡਾਇਰੈਕਟਰ ਉਦਯੋਗ ਤੇ ਕਮਰਸ ਵਿਭਾਗ), ਜਸਜੀਤ ਸਿੰਘ (ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ), ਜੁਗਰਾਜ ਸਿੰਘ ਕਾਹਲੋਂ (ਡਾਇਰੈਕਟਰ, ਆਬਾਦਕਾਰੀ ਨਿਊ ਮੰਡੀ ਟਾਊਨਸ਼ਿਪਸ), ਵਿਸ਼ਾਲ ਵਤਸ, ਪਰਮਵੀਰ ਸਿੰਘ (ਡਾਇਰੈਕਟਰ ਸਿਹਤ ਵਿਭਾਗ) ਅਤੇ ਅਮਨਦੀਪ ਸਿੰਘ, ਰੁਪਾਲੀ ਟੰਡਨ (ਡੀਪੀਆਈ) ਕਾਮਯਾਬ ਹੋਏ।
ਕਾਹਲੋਂ ਦਾ ਸੂਬੇ ’ਚੋਂ ਪੰਜਵਾਂ ਸਥਾਨ
ਜ਼ਿਲ੍ਹਾ ਮੁਹਾਲੀ ਦੇ ਵਸਨੀਕ ਜੁਗਰਾਜ ਸਿੰਘ ਕਾਹਲੋਂ ਨੇ ਇਨ੍ਹਾਂ ਨਤੀਜਿਆਂ ਵਿੱਚ ਪੰਜਾਬ ਭਰ ਵਿੱਚੋਂ ਪੰਜਵਾਂ ਸਥਾਨ ਹਾਸਲ ਕੀਤਾ। ਉਹ ਸੰਨ-1998 ਵਿੱਚ ਬਤੌਰ ਕਲਰਕ ਭਰਤੀ ਹੋਏ ਅਤੇ ਇਸ ਸਮੇਂ ਡਾਇਰੈਕਟਰ ਮੰਡੀ ਟਾਊਨਸ਼ਿਪ ਵਿਖੇ ਬਤੌਰ ਸੀਨੀਅਰ ਸਹਾਇਕ ਸੇਵਾ ਨਿਭਾ ਰਹੇ ਹਨ।