ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਪਲਜ਼ ਲਿਟਰੇਰੀ ਫੈਸਟੀਵਲ: ਪੰਜਾਬੀ ਨੂੰ ਗਿਆਨ ਤੇ ਵਿਗਿਆਨ ਦੀ ਭਾਸ਼ਾ ਬਣਾਉਣ ’ਤੇ ਜ਼ੋਰ

05:33 AM Dec 27, 2024 IST
ਪੁਸਤਕਾਂ ਲੋਕ ਅਰਪਣ ਕਰਦੇ ਹੋਏ ਮੁੱਖ ਮਹਿਮਾਨ ਤੇ ਹੋਰ।

ਸ਼ਗਨ ਕਟਾਰੀਆ

Advertisement

ਬਠਿੰਡਾ, 26 ਦਸੰਬਰ
ਪੀਪਲਜ਼ ਲਿਟਰੇਰੀ ਫੈਸਟੀਵਲ ਦੇ ਦੂਜੇ ਦਿਨ ਅੱਜ ਵਿਚਾਰ-ਚਰਚਾ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਪੰਜਾਬ ਦੀਆਂ ਵੱਖ-ਵੱਖ ਸਮੱਸਿਆਵਾਂ ਨਵ-ਉਦਾਰਵਾਦੀ ਨੀਤੀਆਂ ਦੀ ਦੇਣ ਹਨ। ਕੋਈ ਵੀ ਰਾਜਸੀ ਧਿਰ ਇਸ ਕਾਰਪੋਰੇਟੀ ਸ਼ਿਕੰਜੇ ਪ੍ਰਤੀ ਗੰਭੀਰ ਨਹੀਂ ਹੈ। ਅੱਜ ਦੇ ਪਹਿਲੇ ਸੈਸ਼ਨ ਵਿੱਚ ‘ਸਮਕਾਲੀ ਵਿਸ਼ਵ ਸਾਹਿਤ’ ਬਾਰੇ ਗੱਲ ਕਰਦਿਆਂ ਚਿੰਤਕ ਮਨਮੋਹਨ ਨੇ ਕਿਹਾ ਕਿ ਫ਼ਲਸਫ਼ੇ ਅਤੇ ਸਾਹਿਤ ਇੱਕ ਦੂਜੇ ਦੇ ਪੂਰਕ ਹਨ। ਇਤਿਹਾਸਕਾਰ ਸੁਭਾਸ਼ ਪਰਿਹਾਰ ਨੇ ਆਪਣੀ ਗੱਲ ਕਰਦਿਆਂ ਕਿਹਾ ਕਿ ਹਾਲੇ ਵੀ ਪੰਜਾਬੀ ਭਾਸ਼ਾ ਨੂੰ ਗਿਆਨ ਅਤੇ ਵਿਗਿਆਨ ਦੀ ਭਾਸ਼ਾ ਬਣਾਉਣ ਲਈ ਬਹੁਤ ਉਪਰਾਲੇ ਕਰਨ ਦੀ ਲੋੜ ਹੈ। ਨਾਮਵਰ ਘੁਮੱਕੜ ਨਿਰਲੇਪ ਸਿੰਘ ਨੇ ਗੁਰੂ ਨਾਨਕ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਸਫ਼ਰ ਅਤੇ ਸਾਹਿਤ ਦਾ ਆਪਸੀ ਰਿਸ਼ਤਾ ਬਹੁਤ ਡੂੰਘਾ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਨਾਮਵਰ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਮਨਸੂਈੋ ਬੌਧਿਕਤਾ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਤਕਨੀਕ ਦੁਆਰਾ ਮਨੁੱਖੀ ਸੱਭਿਅਤਾ ਵਿੱਚ ਆਉਣ ਵਾਲੀਆਂ ਵੱਡੀਆਂ ਤਬਦੀਲੀਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।
ਗੁਰਪੰਥ ਗਿੱਲ ਅਤੇ ਸੈਮ ਗੁਰਵਿੰਦਰ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸੈਸ਼ਨ ਦੇ ਸੂਤਰਧਰ ਕੁਮਾਰ ਸੁਸ਼ੀਲ ਸਨ। ਇਸ ਮੌਕੇ ਮਨਮੋਹਨ ਦੀ ਪੁਸਤਕ ‘ਵਾਮਕੀ’ ਅਤੇ ਸੁਭਾਸ਼ ਪਰਿਹਾਰ ਦੀ ਪੁਸਤਕ ‘ਸੁਭਾਸ਼ ਪਰਿਹਾਰ-ਸੋਸ਼ਲ ਮੀਡੀਆ’ ਜਾਰੀ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਸੰਸਥਾ ਪੀਪਲਜ਼ ਫ਼ੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਦਾ ਮਕਸਦ ਸਾਹਿਤਕ ਸਮਾਜਿਕ ਮੁੱਦਿਆਂ ’ਤੇ ਵਿਚਾਰ ਚਰਚਾ ਕਰਕੇ ਲੋਕ ਰਾਏ ਬਣਾਉਣਾ ਹੁੰਦਾ ਹੈ।
ਦੂਜੇ ਸੈਸ਼ਨ ਵਿਚ ‘ਪੰਜਾਬ ਦੀ ਡਿਜੀਟਲ ਪੱਤਰਕਾਰੀ ਅਤੇ ਸਮਾਜਿਕ ਜ਼ਿੰਮੇਵਾਰੀ’ ਵਿਸ਼ੇ ’ਤੇ ਭਰਵੀਂ ਚਰਚਾ ਵਿੱਚ ‘ਦਿ ਕਾਰਵਾਂ’ ਦੀ ਸੀਨੀਅਰ ਪੱਤਰਕਾਰ ਜਤਿੰਦਰ ਕੌਰ ਤੁੜ ਨੇ ਕਿਹਾ ਡਿਜੀਟਲ ਮੀਡੀਆ ਨੇ ਹਾਸ਼ੀਆਗ੍ਰਸਤ ਲੋਕਾਂ ਨੂੰ ਆਵਾਜ਼ ਦਿੱਤੀ ਹੈ ਪਰ ਇਸ ਦਾ ਆਪ ਮੁਹਾਰਾਪਣ ਬਹੁਤੀ ਵਾਰ ਰਾਹੋਂ ਕੁਰਾਹੇ ਵੀ ਪਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਫਿਰਕਾਪ੍ਰਸਤੀ ਅਤੇ ਧਾਰਮਿਕ ਕੱਟੜਤਾ ਦੇ ਰੁਝਾਨ ਨੂੰ ਨਕਾਰਨ ਦੀ ਲੋੜ ਹੈ। ‘ਦ ਸਿਟੀਜ਼ਨ’ ਦੇ ਐਸੋਸੀਏਟ ਸੰਪਾਦਕ ਰਾਜੀਵ ਖੰਨਾ ਨੇ ਕਿਹਾ ਕਿ ‘ਵਿਊ’ ਅਤੇ ‘ਰੈਵਨਿਉ’ ਦਾ ਨਾਗਵਲ ਡਿਜੀਟਲ ਪੱਤਰਕਾਰੀ ਦੀ ਆਤਮਾ ਨੂੰ ਮਾਰ ਰਿਹਾ ਹੈ। ਨਿਊਜ਼ ਕਲਿੱਕ ਦੇ ਸੀਨੀਅਰ ਪੱਤਰਕਾਰ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਡਿਜੀਟਲ ਪੱਤਰਕਾਰੀ ਦੀ ਤਾਕਤ ਅਤੇ ਸੱਤਾਧਾਰੀ ਧਿਰਾਂ ਦੀ ਚਾਲਾਂ ਨੂੰ ਪਛਾਨਣ ਦੀ ਲੋੜ ਹੈ। ਇਸ ਵਿਚਾਰ ਚਰਚਾ ਵਿੱਚ ਸੁਖਨੈਬ ਸਿੱਧੂ ਅਤੇ ਜੈਕ ਸਰਾਂ ਨੇ ਵੀ ਹਿੱਸਾ ਲਿਆ। ਸੈਸ਼ਨ ਦਾ ਸੰਚਾਲਨ ਰਾਜਪਾਲ ਸਿੰਘ ਨੇ ਕੀਤਾ। ਇਸ ਮੌਕੇ ਐਡਵੋਕੇਟ ਅਵਤਾਰ ਗੋਂਦਾਰਾ, ਗੁਰਪ੍ਰੀਤ ਸਿੱਧੂ ਤੇ ਗੁਰਬਿੰਦਰ ਬਰਾੜ ਸਮੇਤ ਸਾਹਿਤ ਪ੍ਰੇਮੀ ਪਹੁੰਚੇ।

Advertisement
Advertisement