ਪੀਜੀਆਈ ਵਿੱਚ 11 ਲਿਫ਼ਟਾਂ ਅਚਾਨਕ ਬੰਦ, ਮਰੀਜ਼ ਤੇ ਸਟਾਫ਼ ਪ੍ਰੇਸ਼ਾਨ
ਪੱਤਰ ਪ੍ਰੇਰਕ
ਚੰਡੀਗੜ੍ਹ, 4 ਅਪਰੈਲ
ਪੀਜੀਆਈ ਚੰਡੀਗੜ੍ਹ ਦੀਆਂ ਵੱਖ-ਵੱਖ ਇਮਾਰਤਾਂ ਰਿਸਰਚ ਬਲਾਕ-ਏ ਅਤੇ ਬੀ, ਏਪੀਸੀ ਵਿੱਚ 11 ਲਿਫ਼ਟਾਂ ਨੂੰ ਅਚਾਨਕ ਬੰਦ ਕਰ ਦਿੱਤੇ ਜਾਣ ਕਾਰਨ ਬਜ਼ੁਰਗਾਂ ਅਤੇ ਸਰੀਰਕ ਤੌਰ ’ਤੇ ਅਪਾਹਜਾਂ ਲਈ ਭਾਰੀ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਜਾਣਕਾਰੀ ਮੁਤਾਬਕ ਰਿਸਰਚ ਬਲਾਕ-ਏ ਦੀਆਂ ਸਾਰੀਆਂ 4 ਲਿਫ਼ਟਾਂ ਅਚਾਨਕ ਬੰਦ ਕਰ ਦਿੱਤੀਆਂ ਗਈਆਂ ਜਦਕਿ ਇਨ੍ਹਾਂ ਦਾ ਬਦਲ ਕੋਈ ਨਹੀਂ ਦਿੱਤਾ ਗਿਆ। ਲਿਫ਼ਟਾਂ ਦੇ ਕਿਸੇ ਬਦਲ ਤੋਂ ਬਗੈਰ ਵਹੀਲ ਚੇਅਰ ਆਦਿ ਉਤੇ ਜਾਣ ਵਾਲੇ ਸਟਾਫ਼ ਨੂੰ ਡਿਊਟੀਆਂ ਉਤੇ ਪਹੁੰਚਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੰਟਰੈਕਟ ਵਰਕਰਜ਼ ਯੂਨੀਅਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਮੁੰਜਾਲ ਨੇ ਦੱਸਿਆ ਕਿ ਲਿਫਟਾਂ 25 ਤੋਂ 30 ਸਾਲ ਤੋਂ ਵੱਧ ਪੁਰਾਣੀਆਂ ਹਨ ਅਤੇ ਕਰੀਬ ਪੰਜ ਸਾਲ ਪਹਿਲਾਂ ਆਪਣੀ ਮਿਆਦ ਪੁਗਾ ਚੁੱਕੀਆਂ ਹਨ। ਰੱਖ-ਰਖਾਅ ਕਰਨ ਵਾਲੀਆਂ ਕੰਪਨੀਆਂ ਵੱਲੋਂ ਪੰਜ ਸਾਲ ਪਹਿਲਾਂ ਇਨ੍ਹਾਂ ਨੂੰ ਖਤਰਨਾਕ ਜ਼ੋਨ ਐਲਾਨਿਆ ਗਿਆ ਸੀ ਪਰ ਪੀਜੀਆਈ ਪ੍ਰਸ਼ਾਸਨ ਨੇ ਇਨ੍ਹਾਂ ਇਮਾਰਤਾਂ ਵਿੱਚ ਨਵੀਆਂ ਲਿਫਟਾਂ ਲਗਾਉਣ ਲਈ ਕੋਈ ਪ੍ਰਬੰਧ ਨਹੀਂ ਕੀਤਾ। ਦੂਜੇ ਪਾਸੇ ਪੀਜੀਆਈ ਦੇ ਸੁਪਰਿਟੈਂਡਿੰਗ ਹਸਪਤਾਲ ਇੰਜਨੀਅਰ ਦਫ਼ਤਰ ਵੱਲੋਂ ਦੱਸਿਆ ਗਿਆ ਹੈ ਕਿ 3 ਅਪਰੈਲ ਤੱਕ ਸੰਸਥਾ ਵਿੱਚ ਕੁੱਲ 13 ਲਿਫਟਾਂ ਕੰਮ ਨਹੀਂ ਕਰ ਰਹੀਆਂ ਸਨ। ਅੱਠ ਲਿਫਟਾਂ ਨੂੰ ਏਜੰਸੀ ਵੱਲੋਂ ਜਾਂਚ ਅਤੇ ਮੁਰੰਮਤ ਲਈ ਬੰਦ ਕਰ ਦਿੱਤਾ ਗਿਆ ਸੀ ਕਿਉਂਕਿ ਇਹ ਲਿਫਟਾਂ ਕਾਫ਼ੀ ਪੁਰਾਣੀਆਂ ਹਨ ਅਤੇ ਬਦਲਣਯੋਗ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 7.10 ਵਜੇ ਜ਼ਰੂਰੀ ਮੁਰੰਮਤ ਤੋਂ ਬਾਅਦ ਰਿਸਰਚ ਬਲਾਕ-ਏ ਅਤੇ ਬੀ ਦੀਆਂ ਦੋ ਲਿਫਟਾਂ, ਏਪੀਸੀ ਅਤੇ ਨਹਿਰੂ ਹਸਪਤਾਲ ਦੀਆਂ ਦੋ-ਦੋ ਲਿਫਟਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਰਿਸਰਚ ਬਲਾਕ 1 ਦੀਆਂ ਦੋਂ, ਰਿਸਰਚ ਬਲਾਕ-ਬੀ ਦੀ ਇੱਕ ਤੇ ਏਪੀਸੀ ਅਤੇ ਨਹਿਰੂ ਹਸਪਤਾਲ ਦੀ ਇੱਕ-ਇੱਕ ਲਿਫਟ ਬਦਲਣ ਵਾਲੀ ਹੈ।