ਖੇਤਰੀ ਪ੍ਰਤੀਨਿਧਲੁਧਿਆਣਾ, 10 ਜਨਵਰੀਪੀਏਯੂ ਪੈਨਸ਼ਨਰਜ਼ ਵੈੱਲਫੇਅਰ ਐਸੋਸਏਸ਼ਨ ਵੱਲੋਂ ਹਰ ਸਾਲ ਪੀਏਯੂ ਪੈਨਸ਼ਨਰਾਂ, ਮੁਲਾਜ਼ਮਾਂ, ਪੀਏਯੂ ਅਤੇ ਗਡਵਾਸੂ ਯੂਨੀਵਰਸਿਟੀਆਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਦੇ ਸਮਾਗਮ ਕਰਵਾਏ ਜਾਂਦੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ, ਜਨਰਲ ਸਕੱਤਰ ਆਸਾ ਸਿੰਘ ਤੇ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਇਸ ਵਾਰ ਦੇ ਸਮਾਗਮ ਦੌਰਾਨ ਰੱਖੇ ਗਏ ਅਖੰਡ ਪਾਠ ਦੇ ਭੋਗ ਮਗਰੋਂ ਭਾਈ ਪਰਮਿੰਦਰ ਸਿੰਘ ਖਾਲਸਾ (ਲੁਧਿਆਣਾ ਵਾਲੇ) ਦੇ ਜਥੇ ਨੇ ਕੀਰਤਨ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮਗਰੋਂ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਕੇਵਲ ਸਿੰਘ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨਾਲ ਸ਼ਬਦ ਗੁਰੂ ਦੀ ਮਹਾਨਤਾ ਅਤੇ ਮਨੁੱਖਾ ਜੀਵਨ ਵਿੱਚ ਆਉਣ ਦਾ ਉਦੇਸ਼ ਵਿਸ਼ੇ ’ਤੇ ਜਾਣਕਾਰੀ ਸਾਂਝੀ ਕੀਤੀ।ਅਜੋਕੇ ਸਮਾਜ ਅੰਦਰ ਆਈਆਂ ਕੁਰੀਤੀਆਂ ਨੂੰ ਨੱਥ ਪਾਉਣ ਅਤੇ ਨੌਜਵਾਨਾਂ ਨੂੰ ਸੇਧ ਦੇਣ ਲਈ ਸਮਾਜ ਸੇਵਾ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ। ਅੱਜ ਦੇ ਸਮਾਗਮ ਵਿੱਚ ਜਿਥੇ ਬਹੁ-ਗਿਣਤੀ ਵਿੱਚ ਪੈਨਸ਼ਨਰ ਸਾਥੀਆਂ ਨੇ ਹਾਜ਼ਰੀ ਭਰੀ ਉਥੇ ਮੁਲਾਜ਼ਮ ਸਾਥੀਆਂ ਨੇ ਵੀ ਹੁਮ-ਹੁਮਾ ਕੇ ਸਮਾਗਮਾਂ ਦਾ ਅਨੰਦ ਮਾਣਿਆ। ਵਿਸ਼ੇਸ਼ ਤੌਰ ’ਤੇ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਐਸੋਸੀਏਸ਼ਨ ਦੇ ਸਾਥੀਆਂ ਵੱਲੋਂ ਕੀਤੇ ਉਦਮ ਨੂੰ ਮਾਣ ਬਖਸ਼ਿਆ। ਇਸ ਮੌਕੇ 80 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੈਨਸ਼ਨਰ ਮੈਂਬਰਾਂ ਨੂੰ ਐਸੋਸੀਏਸ਼ਨ ਵਲੋਂ ਸਨਮਾਨਿਆ ਗਿਆ। ਸਮਾਪਤੀ ਤੇ ਸਮੂਹ ਪੈਨਸ਼ਨਰਾਂ, ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਤੰਦਰੁਸਤੀ ਲਈ ਅਤੇ ਦੋਵਾਂ ਯੂਨੀਵਰਸਿਟੀਆਂ ਦੀ ਤਰੱਕੀ/ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਇਸ ਮਗਰੋਂ ਸਮੂਹ ਸੰਗਤ ਨੇ ਬੜੀ ਸ਼ਰਧਾ ਨਾਲ ਗੁਰੂ ਕੇ ਲੰਗਰਾਂ ਦਾ ਅਨੰਦ ਮਾਣਿਆ।