ਜੋਗਿੰਦਰ ਸਿੰਘ ਓਬਰਾਏਖੰਨਾ, 10 ਜਨਵਰੀਇਥੋਂ ਦੇ ਏਐੱਸ ਕਾਲਜ ਫਾਰ ਵਿਮੈੱਨ ਵਿੱਚ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਨਵਜੰਮੀਆਂ ਬੱਚੀਆਂ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਦਿਵਾਉਣ ਅਤੇ ਸੂਬੇ ਦੇ ਲਿੰਗ ਅਨੁਪਾਤ ਵਿਚ ਹੋਰ ਸੁਧਾਰ ਲਿਆਉਣ ਲਈ ਧੀਆਂ ਦੀ ਲੋਹੜੀ ਮਨਾਉਣਾ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਧੀਆਂ ਇਸ ਦੇਸ਼ ਦੀ ਧਰੋਹਰ ਹਨ ਤੇ ਦੇਸ਼ ਦੀ ਧੀਆਂ ਤੋਂ ਬਿਨਾਂ ਨਹੀਂ ਹੋ ਸਕਦੀ।ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਕੋਈ ਵੀ ਅਜਿਹਾ ਖੇਤਰ ਨਹੀਂ ਹੈ ਜਿਥੇ ਦੇਸ਼ ਦੀਆਂ ਧੀਆਂ ਨੇ ਨਾਮਣਾ ਨਾ ਖੱਟਿਆ ਹੋਵੇ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਧੀਆਂ ਦਾ ਸਤਿਕਾਰ ਪਹਿਲੇ ਨੰਬਰ ’ਤੇ ਹੈ ਅਤੇ ਗੁਰੂ ਸਾਹਿਬਾਨਾਂ ਨੇ ਵੀ ਕਿਹਾ ਹੈ ‘ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ’। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਧੀਆਂ ਦੇ ਸਤਿਕਾਰ ਅਤੇ ਨਾਰੀ ਸ਼ਸ਼ਕਤੀਕਰਨ ਤਹਿਤ ਅਨੇਕਾਂ ਪਹਿਲਕਦਮੀਆਂ ਕਰ ਰਹੀ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਮੌਜੂਦਾ ਸਮੇਂ ਮੁੰਡਿਆਂ ਦੇ ਬਰਾਬਰ ਲੜਕੀਆਂ ਹਰ ਵਰਗ ਵਿਚ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ। ਇਸ ਲਈ ਪੰਜਾਬ ਸਕਰਾਰ ਨੇ ਸੂਬੇ ਦੀਆਂ ਧੀਆਂ ਭੈਣਾਂ ਲਈ ਬਜਟ ਵਿਚ ਉਚੇਰਾ ਹਿੱਸਾ ਰੱਖਿਆ ਹੈ।ਇਸ ਮੌਕੇ ਗਾਇਕਾ ਮੀਤ ਕੌਰ ਅਤੇ ਕਾਲਜ ਵਿਦਿਆਰਥਣਾਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਕੈਬਨਿਟ ਮੰਤਰੀ ਦੀ ਪਤਨੀ ਕਮਲਜੀਤ ਕੌਰ ਅਤੇ ਪੁੱਤਰੀ ਜਸਕੀਰਤ ਕੌਰ ਵਿਸੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ, ਅੰਮ੍ਰਿਤ ਸਿੰਘ, ਦਮਪ੍ਰੀਤ ਸਿੰਘ ਵਾਲੀਆ, ਅਮਰਜੀਤ ਬੈਂਸ, ਡਿਪਟੀ ਕਮਿਸ਼ਨਰ ਸ਼ਿਖਾ ਭਗਤ, ਐਸਡੀਐਮ ਬਲਵਿੰਦਰ ਸਿੰਘ ਢਿੱਲੋਂ, ਨਵਦੀਪ ਕੌਰ, ਪ੍ਰਿੰਸੀਪਲ ਰਣਜੀਤ ਕੌਰ ਤੇ ਹੋਰ ਹਾਜ਼ਰ ਸਨ।