ਪਿੰਡ ਬੌਂਦਲੀ ਦੀ ਗਰਾਮ ਸਭਾ ਦਾ ਇਜਲਾਸ
ਪੱਤਰ ਪ੍ਰੇਰਕ
ਸਮਰਾਲਾ, 24 ਦਸੰਬਰ
ਪਿੰਡ ਬੌਂਦਲੀ ਦੀ ਧਰਮਸ਼ਾਲਾ ਵਿੱਚ ਪਿੰਡ ਦੀ ਨਵੀਂ ਚੁਣੀ ਪੰਚਾਇਤ ਵੱਲੋਂ ਪਹਿਲਾ ਆਮ ਇਜਲਾਸ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਸਰਪੰਚ, ਸਮੂਹ ਪੰਚ, ਸਮੂਹ ਨਗਰ ਨਿਵਾਸੀ ਅਤੇ ਪੰਚਾਇਤ ਸਕੱਤਰ ਨੇ ਸ਼ਿਰਕਤ ਕੀਤੀ।
ਇਸ ਮੌਕੇ ਪਿੰਡ ਦੇ ਸਰਪੰਚ ਮਲਾਗਰ ਸਿੰਘ ਵੱਲੋਂ ਪਹਿਲੇ ਮਤੇ ’ਚ ਪਿੰਡ ਤੋਂ ਦੋ ਕਿਲੋਮੀਟਰ ਦੀ ਦੂਰੀ ’ਤੇ ਬਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਤਬਦੀਲ ਕਰਕੇ ਪਿੰਡ ਦੇ ਨਜ਼ਦੀਕ ਕਿਸੇ ਢੁੱਕਵੀਂ ਜਗ੍ਹਾ ’ਤੇ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੀਆਂ ਦੋ ਸ਼ਮਸ਼ਾਨਘਾਟਾਂ ਵਿੱਚ ਵਿਕਾਸ ਦੇ ਕੰਮ ਕਰਾਉਣੇ, ਪਿੰਡ ਦੀਆਂ ਗਲੀਆਂ ਵਿੱਚ ਸਟਰੀਟ ਲਾਈਟਾਂ ਅਤੇ ਮੋੜਾਂ ’ਤੇ ਸ਼ੀਸ਼ੇ ਲਗਾਉਣਾ ਅਤੇ ਪਿੰਡ ਵਿੱਚ ਯੋਗ ਸਥਾਨਾਂ ’ਤੇ ਬੈਠਣ ਲਈ ਬੈਂਚ ਆਦਿ ਰੱਖਣੇ, ਪਿੰਡ ਵਿੱਚ ਪੰਜ ਪੰਜ ਮਰਲਿਆਂ ਦੇ ਪਲਾਟ, ਲੈਟਰੀਨਾਂ ਆਦਿ ਹੋਰ ਸਹੂਲਤਾਂ ਉਨ੍ਹਾਂ ਦੇ ਲਾਭਪਾਤਰੀਆਂ ਨੂੰ ਮੁਹੱਈਆ ਕਰਾਉਣਾ, ਪਿੰਡ ਦੇ ਛੱਪੜਾਂ ਦਾ ਨਵੀਨੀਕਰਨ ਕਰਨਾ, ਪਿੰਡ ਦੇ ਐਂਟਰੀ ਪੁਆਇੰਟਾਂ ਤੇ ਸਜਾਵਟੀ ਰੁੱਖ ਲਗਾਉਣਾ ਅਤੇ ਇਸ ਤੋਂ ਇਲਾਵਾ ਪਿੰਡ ਹੋਰ ਵਿਕਾਸ ਕਾਰਜਾਂ ਸਬੰਧੀ ਵੀ ਚਰਚਾ ਕੀਤੀ ਗਈ।