ਪਿੰਡ ਨੂਸੀ ਵਾਸੀਆਂ ਵੱਲੋਂ ਫ਼ੂਡ ਸਪਲਾਈ ਦਫ਼ਤਰ ਦਾ ਘਿਰਾਓ
ਹਤਿੰਦਰ ਮਹਿਤਾ
ਜਲੰਧਰ, 31 ਦਸੰਬਰ
ਫ਼ੂਡ ਸਪਲਾਈ ਇੰਸਪੈਕਟਰ ਅਤੇ ਡਿੱਪੂ ਹੋਲਡਰ ਵੱਲੋਂ ਨਿਰਧਾਰਤ ਕੀਤੀ ਪਾਣੀ ਵਾਲੀ ਟੈਂਕੀ ਨਜ਼ਦੀਕ ਕਣਕ ਦੀਆਂ ਪਰਚੀਆਂ ਕੱਟਣ ਤੋਂ ਇਨਕਾਰ ਦੇ ਖ਼ਿਲਾਫ਼ ਪਿੰਡ ਨੂਸੀ ਦੇ ਵੱਡੀ ਗਿਣਤੀ ਲੋਕਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਦੀ ਪੰਚਾਇਤ ਦੀ ਅਗਵਾਈ ਹੇਠ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਜਲੰਧਰ ਡਵੀਜ਼ਨ ਜਲੰਧਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਜਲੰਧਰ ਵੱਲੋਂ ਡਿਪਟੀ ਡਾਇਰੈਕਟਰ (ਫੀਲਡ) ਵੱਲੋਂ ਸਮੂਹ ਵਸਨੀਕਾਂ ਦੀ ਸਹੂਲਤ ਲਈ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਪਿੰਡ ਨੂਸੀ ਵਿੱਚ ਪਿੰਡ ਦੀ ਵਾਟਰ ਸਪਲਾਈ ਦੀ ਟੈਂਕੀ ਅਤੇ ਇਸ ਤੋਂ ਇਲਾਵਾ ਜਿੱਥੇ ਜਿੱਥੇ ਪਿੰਡ ਦੇ ਲਾਭਪਾਤਰੀ ਕਣਕ ਪ੍ਰਾਪਤ ਕਰਨਾ ਚਾਹੁੰਦੇ ਹਨ ਸਬੰਧੀ ਅੱਜ ਹੀ ਕਣਕ ਦੀਆਂ ਪਰਚੀਆਂ ਕੱਟੀਆਂ ਜਾਣ ਦੀਆਂ ਲਿਖਤੀ ਹਦਾਇਤਾਂ ਤੋਂ ਬਾਅਦ ਦਫ਼ਤਰ ਦਾ ਘਿਰਾਓ ਖ਼ਤਮ ਕੀਤਾ ਗਿਆ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਮਨਮਾਨੀ ਵਿਰੁੱਧ ਅੱਜ ਪਿੰਡ ਵਾਸੀਆਂ ਨੂੰ ਫੂਡ ਸਪਲਾਈ ਦਫ਼ਤਰ ਦਾ ਘਿਰਾਓ ਕਰਨਾ ਪਿਆ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਜਲੰਧਰ ਦੇ ਨਾਂ ਇੱਕ ਸ਼ਿਕਾਇਤ ਪੱਤਰ ਐੱਸ ਡੀ ਐੱਮ ਜਲੰਧਰ 1 ਨੂੰ ਜਨਤਕ ਤੌਰ ਉੱਤੇ ਮਿਲ ਕੇ ਦਿੱਤਾ ਗਿਆ ਹੈ।