ਪਿੰਡ ਤੇੜਾ ਰਾਜਪੂਤਾਂ ਵਿੱਚ ਔਰਤ ਮੁਕਤੀ ਮੋਰਚਾ ਦੀ ਇਕੱਤਰਤਾ
ਪੱਤਰ ਪ੍ਰੇਰਕ
ਅਜਨਾਲਾ, 29 ਦਸੰਬਰ
ਭਾਰਤ-ਪਾਕਿ ਸਰਹੱਦੀ ਇਲਾਕੇ ਦੇ ਪਿੰਡ ਤੇੜਾ ਰਾਜਪੂਤਾਂ ਵਿੱਚ ਔਰਤ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਔਰਤਾਂ ਦੇ ਸ਼ਸ਼ਕਤੀਕਰਨ ਅਤੇ ਉਨ੍ਹਾਂ ਦੇ ਬਣਦੇ ਹੱਕਾਂ ਦੀ ਪ੍ਰਾਪਤੀ ਲਈ ਭਰਵਾਂ ਇਕੱਠ ਹੋਇਆ। ਇਸ ਮੀਟਿੰਗ ਦੀ ਅਗਵਾਈ ਲਖਵਿੰਦਰ ਕੌਰ, ਅੰਬੋ ਤੇ ਸੰਤੋਖ ਕੌਰ ਨੇ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਿਹੜਾ 18 ਸਾਲ ਤੋਂ ਉੱਪਰ ਦੀਆਂ ਹਰੇਕ ਔਰਤਾਂ ਨੂੰ 1100 ਰੁਪਏ ਮਹੀਨਾ ਦੇਣ ਦੀ ਗਾਰੰਟੀ ਦਿੱਤੀ ਸੀ ਉਹ ਅਜੇ ਪੂਰੀ ਨਹੀਂ ਹੋਈ, ਜਿਸ ਕਾਰਨ ਔਰਤਾਂ ਵਿੱਚ ਡਾਢਾ ਗੁੱਸਾ ਪਾਇਆ ਜਾ ਰਿਹਾ ਹੈ ਅਤੇ ਸਮੇਂ ਸਿਰ ਸ਼ਗਨ ਸਕੀਮ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਕਿਹਾ ਕਿ ਸਾਡੇ ਦੇਸ਼ ਦੀ ਆਜ਼ਾਦੀ ਮਿਲੀ ਨੂੰ 77 ਸਾਲ ਹੋ ਗਏ ਹਨ ਪ੍ਰੰਤੂ ਅਜੇ ਤੱਕ ਔਰਤਾਂ ਨੂੰ ਬਣਦੇ ਹੱਕ ਨਹੀਂ ਮਿਲੇ।
ਉਨ੍ਹਾਂ ਮੰਗ ਕੀਤੀ ਕਿ ਔਰਤਾਂ ਨੂੰ ਨੌਕਰੀਆਂ, ਵਿਧਾਨ ਸਭਾਵਾਂ ਤੇ ਪਾਰਲੀਮੈਂਟ ਵਿੱਚ ਉਨ੍ਹਾਂ ਦਾ ਬਣਦਾ 50 ਫੀਸਦੀ ਕੋਟਾ ਦਿੱਤਾ ਜਾਵੇ, ਪਿੰਡਾਂ ਵਿੱਚ ਔਰਤਾਂ ਨੂੰ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਬਿਨਾਂ ਸ਼ਰਤ ਸਾਰਾ ਸਾਲ ਮਨਰੇਗਾ ਸਕੀਮ ਚਲਾਈ ਜਾਵੇ ਅਤੇ ਇਸੇ ਤਰ੍ਹਾਂ ਕਸਬਿਆਂ ਤੇ ਸ਼ਹਿਰਾਂ ਵਿੱਚ ਵੀ ਮਨਰੇਗਾ ਸਕੀਮ ਤਰੁੰਤ ਲਿਆਂਦੀ ਜਾਵੇ, ਔਰਤਾਂ ’ਤੇ ਹੋ ਰਹੇ ਜਬਰ-ਜਨਾਹ, ਅੱਤਿਆਚਾਰ, ਘਰੇਲੂ ਹਿੰਸਾ, ਕੁੱਟਮਾਰ ਆਦਿ ਹੋਰ ਜ਼ੁਲਮਾਂ ਨੂੰ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਨੱਥ ਪਾਵੇ ਅਤੇ ਅਜਿਹੇ ਦੋਸ਼ੀਆਂ ਨੂੰ ਤੁਰੰਤ ਵਿਸ਼ੇਸ਼ ਅਦਾਲਤਾਂ ਲਾਕੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਅਮਰਜੀਤ ਕੌਰ, ਹਰਜੀਤ ਕੌਰ, ਅਮਰੀਕ ਕੌਰ, ਜਗੀਰ ਕੌਰ, ਪੂਰਨ ਕੌਰ, ਪਰਮਿੰਦਰ ਕੌਰ, ਕੋਲਾਂ ਕੌਰ ਨੇ ਵੀ ਆਪਣੇ ਵਿਚਾਰ ਰੱਖੇ।