ਪਿੰਡ ਚੀਮਾ ’ਚ ਸ਼ਹੀਦ ਭਗਤ ਸਿੰਘ ਯਾਦਗਾਰੀ ਟੂਰਨਾਮੈਂਟ ਸ਼ੁਰੂ
ਜਗਰਾਉਂ, 12 ਮਾਰਚ
ਨਜ਼ਦੀਕੀ ਪਿੰਡ ਚੀਮਾ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰੀ ਵੈੱਲਫੇਅਰ ਅਤੇ ਸਪੋਰਟਸ ਕਲੱਬ ਵੱਲੋਂ ਪਰਵਾਸੀ ਪੰਜਾਬੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਚਾਰ-ਰੋਜ਼ਾ ਫੁਟਬਾਲ ਟੂਰਨਾਮੈਂਟ ਅੱਜ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਸੁਖਵਿੰਦਰ ਸਿੰਘ ਨੇ ਕੀਤਾ। ਟੂਰਨਾਮੈਂਟ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 61 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ ਜਦਕਿ ਦੂਜੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਅਤੇ ਟਰਾਫੀ ਨਾਲ ਸਨਮਾਨਿਆ ਜਾਵੇਗਾ। ਇਸੇ ਤਰ੍ਹਾਂ ਹੀ ਤੀਜੇ ਅਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 15 ਹਜ਼ਾਰ ਰੁਪਏ ਸਮੇਤ ਟਰਾਫੀ ਅਤੇ ਪੰਜਵੇਂ, ਛੇਵੇਂ, ਸੱਤਵੇਂ ਅਤੇ ਅੱਠਵੇਂ ਨੰਬਰ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਪੰਜ ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਚੁਣੇ ਗਏ ਦੋ ਬੈਸਟ ਖਿਡਾਰੀਆਂ ਨੂੰ ਵੀ ਪੰਜ-ਪੰਜ ਹਜ਼ਾਰ ਰੁਪਏ ਅਤੇ ਟਰਾਫੀ ਦੇ ਕੇ ਮਾਣ ਵਧਾਇਆ ਜਾਵੇਗਾ। ਹਰੇਕ ਮੈਚ ਦੌਰਾਨ ਕੇਸਾਧਾਰੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਮੌਕੇ ਪ੍ਰੋ. ਸੁਖਵਿੰਦਰ ਸਿੰਘ ਨੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਆਖਿਆ ਕਿ ਖੇਡਾਂ ਜਿੱਥੇ ਮਨੁੱਖਤਾ ਨੂੰ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ, ਉਥੇ ਹੀ ਸਾਨੂੰ ਨਰੋਈ ਸਿਹਤ ਅਤੇ ਤੰਦਰੁਸਤੀ ਬਖ਼ਸ਼ਦੀਆਂ ਹਨ। ਇਸ ਤੋਂ ਇਲਾਵਾ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਦੀਆਂ ਮਾੜੀਆਂ ਅਲਾਮਤਾਂ ਤੋਂ ਬਚਾਉਣ ਲਈ ਬਹੁਤ ਸਹਾਈ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੈੱਲਫੇਅਰ ਅਤੇ ਸਪੋਰਸਟ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ। ਪਹਿਲੇ ਦਿਨ ਹੋਏ ਫੁੱਟਬਾਲ ਦੇ ਮੁਕਾਬਲਿਆਂ ਦੌਰਾਨ ਪਹਿਲੇ ਗੇੜ ਵਿੱਚ ਜਗਰਾਉਂ ਨੇ ਭੰਮੀਪੁਰਾ-ਬੀ ਨੂੰ ਹਰਾਇਆ, ਅਖਾੜਾ ਨੇ ਲੀਲਾਂ ਨੂੰ, ਕਮਾਲਪੁਰਾ ਨੇ ਸਰਾਭਾ ਨੂੰ, ਬਨਭੌਰਾ ਨੇ ਰਾਊਕੇ ਕਲਾਂ ਨੂੰ, ਲਤਾਲਾ ਨੇ ਭੁੱਟੇ ਨੂੰ, ਨਾਨਕਸਰ ਕਲੇਰਾਂ ਨੇ ਹਲਵਾਰੇ ਨੂੰ ਹਰਾ ਕੇ ਆਪੋ-ਆਪਣੀਆਂ ਜਿੱਤਾਂ ਦਰਜ ਕੀਤੀਆਂ। ਇਸੇ ਤਰਾਂ ਹੀ ਦੂਜੇ ਰਾਊਂਡ ਵਿੱਚ ਕਮਾਲਪੁਰਾ ਨੇ ਬਨਭੌਰਾ ਨੂੰ ਹਰਾ ਕੇ ਤੀਜੇ ਰਾਊਂਡ ਵਿੱਚ ਪ੍ਰਵੇਸ਼ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਚੀਮਾ, ਆਪ ਆਗੂ ਕੁਲਵਿੰਦਰ ਸਿੰਘ ਕਾਲਾ, ਬਲਾਕ ਪ੍ਰਧਾਨ ਨਿਰਭੈ ਸਿੰਘ ਕਮਾਲਪੁਰਾ, ਸਾਬਕਾ ਸਰਪੰਚ ਸੇਵਾ ਸਿੰਘ ਚੀਮਾ, ਪੰਚ ਸਵਰਨਜੀਤ ਸਿੰਘ ਸਿੱਧੂ, ਥਾਣੇਦਾਰ ਪਰਵਿੰਦਰ ਸਿੰਘ ਭੰਮੀਪੁਰਾ, ਨੰਬਰਦਾਰ ਹਰਦੀਪ ਸਿੰਘ ਸਿੱਧੂ, ਐਡਵੋਕੇਟ ਕਰਮ ਸਿੰਘ, ਜਸਵਿੰਦਰ ਸਿੰਘ ਰੰਧਾਵਾ, ਅਮਰਜੀਤ ਸਿੰਘ ਡੇਅਰੀ ਵਾਲੇ, ਐਨਆਰਆਈ ਭਜਨ ਸਿੰਘ, ਕੋਮਲ ਸਿੰਘ ਸਿੱਧੂ ਅਮਰੀਕਾ, ਚਮਕੌਰ ਸਿੰਘ, ਮਲਕੀਤ ਸਿੰਘ ਚੀਮਾ, ਕੇਵਲ ਸਿੰਘ ਰੰਧਾਵਾ, ਇਕਬਾਲ ਸਿੰਘ ਕਾਲਾ, ਗਿਆਨ ਸਿੰਘ ਆਦਿ ਹਾਜ਼ਰ ਸਨ।