ਪਿੰਡਾਂ ਦੀ ਨੁਹਾਰ ਬਦਲਣ ਲਈ ਕੰਮ ਕਰਨ ਪੰਚਾਇਤਾਂ: ਅਨਮੋਲ ਗਗਨ
ਸ਼ਸ਼ੀ ਪਾਲ ਜੈਨ
ਖਰੜ, 30 ਨਵੰਬਰ
ਵਿਧਾਇਕਾ ਅਨਮੋਲ ਗਗਨ ਮਾਨ ਨੇ ਬਲਾਕ ਮਾਜਰੀ ਅਤੇ ਖਰੜ ਬਲਾਕ ਦੀਆਂ ਨਵ-ਨਿਯੁਕਤ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਇਮਾਨਦਾਰੀ ਨਾਲ ਕੰਮ ਕਰਨ। ਇੱਥੇ ਪਿੰਡ ਚੰਦਪੁਰ ਵਿੱਚ 110 ਪੰਚਾਇਤਾਂ ਲਈ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਵਿਧਾਇਕਾ ਮਾਨ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਸਾਨੂੰ ਵੱਡਾ ਫ਼ਤਵਾ ਦੇ ਕੇ ਸੇਵਾ ਸੌਂਪੀ ਹੈ। ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨ ਨਾਲ ਪੂਰਾ ਤਾਲਮੇਲ ਰੱਖਣ ਅਤੇ ਜੇ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਨ੍ਹਾਂ ਨਾਲ ਸਿੱਧਾ ਸੰਪਰਕ ਕਰਨ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਲਕੇ ਦੇ ਪਿੰਡਾਂ ਵਿਚ ਬਣਾਏ ਗਰਾਊਂਡਾਂ ਵਿੱਚ ਓਪਨ ਜਿਮ ਲਗਾਉਣ ਅਤੇ ਨਾਲ ਹੀ ਪਿੰਡਾਂ ਦੇ ਟੋਭੇ ਅਤੇ ਗਲੀਆਂ-ਨਾਲੀਆਂ ਦੀ ਸਫ਼ਾਈ ਕਰਵਾਈ ਜਾਵੇ।
ਵਿਧਾਇਕਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਲਾਕੇ ਦੀਆਂ ਸ਼ਾਮਲਾਤ ਜ਼ਮੀਨਾਂ ਤੋਂ ਕਬਜ਼ੇ ਛੁਡਾਏ ਜਾਣ ਤੇ ਨਾਜਾਇਜ਼ ਖਣਨ ਬੰਦ ਕਰਵਾਈ ਜਾਵੇ। ਅਨਮੋਲ ਗਗਨ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸ ਮੌਕੇ ਪੰਚਾਇਤਾਂ ਵੱਲੋਂ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਕੁਰਾਲੀ ਹਰੀਸ਼ ਰਾਣਾ, ਅਮਨਦੀਪ ਸਿੰਘ, ਸੁਭਮ ਗਿਰੀ, ਸਰਪੰਚ ਜਸਪ੍ਰੀਤ ਸਿੰਘ, ਜੱਗੀ ਕਾਦੀਮਾਜਰਾ, ਸਤਵਿੰਦਰ ਸਿੰਘ, ਸੁਦਾਗਰ ਸਾਰੇ ਬਲਾਕ ਪ੍ਰਧਾਨ, ਹਰਦੀਪ ਅਰੋੜਾ, ਸੁਖਵਿੰਦਰ ਸਿੰਘ ਬਿੱਟੂ, ਵਿਕਾਸ ਮੋਹਨ, ਮਨਿੰਦਰ ਸਿੰਘ, ਹਰਪ੍ਰੀਤ ਕੌਰ ਤਿਊੜ ਅਤੇ ਜਗਦੀਪ ਰਾਣਾ ਹਾਜ਼ਰ ਸਨ।