ਪਿਸਤੌਲ ਦਿਖਾ ਕੇ ਸਟੇਸ਼ਨ ਮਾਸਟਰ ਨੂੰ ਲੁੱਟਿਆ
ਧਿਆਨ ਸਿੰਘ ਭਗਤ
ਕਪੂਰਥਲਾ, 5 ਜਨਵਰੀ
ਡਿਊਟੀ ਤੋਂ ਘਰ ਪਰਤ ਰਹੇ ਸਟੇਸ਼ਨ ਮਾਸਟਰ ਨੂੰ ਰਾਤ ਵੇਲੇ ਕਪੂਰਥਲਾ ਸੁਲਤਾਨਪੁਰ ਲੋਧੀ ਰੋਡ ’ਤੇ ਆਰਸੀਐੱਫ ਦੇ ਨਜ਼ਦੀਕ ਚਾਰ ਮੋਟਰਸਾਈਕਲ ਸਵਾਰ ਮਸ਼ਕੂਕਾਂ ਨੇ ਘੇਰ ਕੇ ਪਿਸਤੌਲ ਨਾਲ ਡਰਾ-ਧਮਕਾ ਕੇ ਕੁੱਟਮਾਰ ਕੀਤੀ ਤੇ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਸੇਵਕ ਪਾਲ ਵਾਸੀ ਆਰਸੀਐੱਫ ਹੁਸੈਨਪੁਰ ਰੇਲਵੇ ਸਟੇਸ਼ਨ ਪਾਜੀਆਂ ’ਤੇ ਬਤੌਰ ਸਟੇਸ਼ਨ ਮਾਸਟਰ ਡਿਊਟੀ ਕਰਦਾ ਹੈ। ਉਹ 2 ਜਨਵਰੀ ਰਾਤ ਕਰੀਬ ਸਵਾ ਨੌਂ ਵਜੇ ਡਿਊਟੀ ਖਤਮ ਕਰਨ ਉਪਰੰਤ ਮੋਟਰ ਸਾਈਕਲ ’ਤੇ ਘਰ ਆ ਰਿਹਾ ਸੀ। ਜਦੋਂ ਉਹ ਖੈੜਾ ਦੋਨਾ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਮੋਟਰਸਾਈਕਲ ’ਤੇ ਸਵਾਰ ਚਾਰ ਨਾਮਾਲੂਮ ਨੌਜਵਾਨਾਂ ਨੇ ਉਸ ਨੂੰ ਰਾਹ ਵਿੱਚ ਰੋਕ ਲਿਆ। ਉਸ ਦੀ ਕੁੱਟਮਾਰ ਕੀਤੀ ਤੇ ਉਸ ਦਾ ਪਰਸ, ਮੋਬਾਈਲ ਫੋਨ ਅਤੇ ਬੈਗ ਲੁੱਟ ਕੇ ਫਰਾਰ ਹੋ ਗਏ। ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਕਪੂਰਥਲਾ ਵਿੱਚ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਉਸ ਦੇ ਪਰਸ ਵਿੱਚ ਆਈਕਾਰਡ, ਦੋ ਏਟੀਐੱਮ ਕਾਰਡ, ਜ਼ਰੂਰੀ ਦਸਤਾਵੇਜ਼ ਅਤੇ 700 ਦੇ ਕਰੀਬ ਨਗਦੀ ਸੀ। ਡੀਐੱਸਪੀ ਸਬ-ਡਵੀਜ਼ਨ ਦੀਪਕਰਨ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।