ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਬਿਲਗਾ ਥਾਣੇ ਅੱਗੇ ਧਰਨਾ
ਸਰਬਜੀਤ ਗਿੱਲ
ਫਿਲੌਰ, 6 ਜਨਵਰੀ
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇਪੀਐੱਮਓ) ਵੱਲੋਂ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਬਿਲਗਾ ਥਾਣੇ ਅੱਗੇ ਧਰਨਾ ਲਗਾਇਆ ਗਿਆ। ਧਰਨੇ ਦੌਰਾਨ ਆਗੂਆਂ ਨੇ ਥਾਣਾ ਮੁਖੀ ਨਾਲ ਗੱਲਬਾਤ ਕੀਤੀ ਜਿੱਥੇ ਸਾਰੇ ਕੇਸ ਵਿਚਾਰੇ ਗਏ। ਇਸ ਮਗਰੋਂ ਥਾਣਾ ਮੁਖੀ ਨੇ ਧਰਨਾਕਾਰੀਆਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਦੇਰੀ ਜ਼ਰੂਰ ਹੋਈ ਹੈ ਪਰ ਕੇਸ ਦਰਜ ਕਰ ਦਿੱਤੇ ਗਏ ਹਨ। ਇਸ ਯਕੀਨ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਕਿਹਾ ਕਿ ਕਈ ਮਸਲਿਆਂ ’ਤੇ ਪੁਲੀਸ ਦਾ ਧਿਆਨ ਦਿਵਾਉਣ ਦੇ ਬਾਵਜੂਦ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਸਨ। ਵਾਰ-ਵਾਰ ਉੱਚ ਅਧਿਕਾਰੀਆਂ ਅਤੇ ਥਾਣਾ ਮੁਖੀ ਨੂੰ ਜਥੇਬੰਦੀਆਂ ਦੇ ਆਗੂ ਮਿਲੇ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਪਹਿਲਾਂ ਪੁਲੀਸ ਨੂੰ ਤਿੰਨ ਦਿਨ ਦਾ ਅਲਟੀਮੇਟਮ ਵੀ ਦਿੱਤਾ ਗਿਆ। ਜਥੇਬੰਦੀਆਂ ਦੀ ਮੀਟਿੰਗ ਮਗਰੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇ ਚਾਰ ਜਨਵਰੀ ਤੱਕ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ, ਤਹਿਸੀਲ ਸਕੱਤਰ ਸਰਬਜੀਤ ਢੰਡਾ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਸੂਬਾ ਕਮੇਟੀ ਮੈਂਬਰ ਜਰਨੈਲ ਫਿਲੌਰ, ਜ਼ਿਲ੍ਹਾ ਜੁਆਇੰਟ ਸਕੱਤਰ ਮੇਜਰ ਫਿਲੌਰ, ਤਹਿਸੀਲ ਪ੍ਰਧਾਨ ਗੋਗੀ ਬੇਗਮਪੁਰ, ਮਨਜੀਤ ਸੂਰਜਾ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਤੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕਿਹਾ ਕਿ ਇਲਾਕੇ ’ਚ ਨਸ਼ਿਆਂ ਦਾ ਪੂਰਾ ਬੋਲਬਾਲਾ ਹੈ ਅਤੇ ਲੁੱਟਾਂ-ਖੋਹਾਂ ਜਾਰੀ ਹਨ। ਆਗੂਆਂ ਕਿਹਾ ਕਿ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਪੀੜਤ ਧਿਰ ਦੇ ਮੁਕਾਬਲੇ ਕਰੌਸ ਪਰਚੇ ਦਰਜ ਕਰਕੇ ਇਨਸਾਫ਼ ਨੂੰ ਪੁੱਠਾ ਗੇੜ ਦਿੱਤਾ ਜਾਂਦਾ ਹੈ। ਇਸ ਮੌਕੇ ਕੁਲਜਿੰਦਰ ਤਲਵਣ, ਕੁਲਵੰਤ ਖਹਿਰਾ, ਜਸਬੀਰ ਭੋਲੀ, ਕੁਲਜੀਤ ਫਿਲੌਰ, ਜੀਤਾ ਸੰਗੋਵਾਲ, ਬਲਜਿੰਦਰ ਨੰਬਰਦਾਰ ਲਖਬੀਰ ਖੋਖੇਵਾਲ, ਬਲਬੀਰ ਸਿੰਘ ਰਾਣਾ, ਸੋਢੀ ਸਿੰਘ ਬਿਲਗਾ, ਬਲਬੀਰ ਬੀਰੀ ਆਦਿ ਆਗੂ ਵੀ ਹਾਜ਼ਰ ਸਨ।