ਪਾਵਰ ਗਰਿੱਡ ਵੱਲੋਂ ਅੰਤਰ-ਖੇਤਰੀ ਸੱਭਿਆਚਾਰਕ ਸਮਾਗਮ
ਟ੍ਰਿਬਿਉੂਨ ਨਿਉੂਜ ਸਰਵਿਸ
ਅੰਮ੍ਰਿਤਸਰ, 5 ਜਨਵਰੀ
ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਇਥੇ ਉਤਰੀ ਖੇਤਰ ਦੇ ਸੱਭਿਆਚਾਰਕ ਸਮਾਗਮ ਅਤੇ ਪ੍ਰਦਰਸ਼ਨੀ ਤਹਿਤ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿੱਚ ਕੀਤੇ ਗਏ ਇਸ ਸੱਭਿਆਚਾਰਕ ਸਮਾਗਮ ਵਿੱਚ ਪੰਜਾਬ ਸਮੇਤ ਜੰਮੂ ਕਸ਼ਮੀਰ, ਹਿਮਾਚਲ, ਲਦਾਖ ,ਹਰਿਆਣਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਲਾਕਾਰਾਂ ਵੱਲੋਂ ਆਪੋ ਆਪਣੇ ਸੱਭਿਆਚਾਰ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸਮਾਗਮ ਦਾ ਉਦਘਾਟਨ ਪਾਵਰ ਗ੍ਰਿਡ ਦੇ ਉੱਤਰੀ ਖੇਤਰ ਦੇ ਟਰਾਂਸਮਿਸ਼ਨ ਸਿਸਟਮ ਦੇ ਨਿਰਦੇਸ਼ਕ ਤਰੁਨ ਬਜਾਜ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਕੀਤਾ।
ਸਮਾਗਮ ਵਿੱਚ ਉੱਤਰੀ ਖੇਤਰ ਦੇ ਵੱਖ-ਵੱਖ ਸੂਬਿਆਂ ਤੋਂ ਆਈਆਂ ਟੀਮਾਂ ਦੇ ਕਲਾਕਾਰਾਂ ਨੇ ਰੰਗ ਬਰੰਗੀਆਂ ਪੁਸ਼ਾਕਾਂ ਪਾ ਕੇ ਆਪਣੇ ਲੋਕ ਗੀਤਾਂ ਅਤੇ ਲੋਕ ਨਾਚਾਂ ਦਾ ਪ੍ਰਦਰਸ਼ਨ ਕੀਤਾ। ਇਹ ਸਮਾਗਮ ਪਾਵਰ ਗਰਿੱਡ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਵਿਸ਼ੇਸ਼ ਸਮਾਗਮ ਸੀ। ਸਮਾਗਮ ਵਿੱਚ ਵੱਖ-ਵੱਖ ਟੀਮਾਂ ਵੱਲੋਂ ਵੱਖ-ਵੱਖ ਨਾਵਾਂ ਹੇਠ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਅੰਮ੍ਰਿਤਸਰ ਦੀ ਟੀਮ ਵੱਲੋਂ ‘ਰੰਗਲਾ ਪੰਜਾਬ’ ,ਚੰਡੀਗੜ੍ਹ ਦੀ ਟੀਮ ਵੱਲੋਂ ‘ਤਾਜ ਮਹਿਲ ਦਾ ਟੈਂਡਰ’, ਪਟਿਆਲਾ ਵੱਲੋਂ ‘ਸਰਹੱਦ ਦੇ ਆਰ-ਪਾਰ’, ਹਮੀਰਪੁਰ ਦੀ ਟੀਮ ਵੱਲੋਂ ‘ਜਿਗਰੀ’, ਜੰਮੂ ਦੀ ਟੀਮ ਵੱਲੋਂ ‘ਧਾਰਾ 370’, ਅਬਦੁਲਾਪੁਰ ਦੀ ਟੀਮ ਵੱਲੋਂ ‘ਐਸਾ ਦੇਸ਼ ਹੈ ਮੇਰਾ’, ਕੈਥਲ ਦੇ ਕਲਾਕਾਰਾਂ ਵੱਲੋਂ ‘ਇਕ ਨਵਾਂ ਸ਼ਮਸ਼ਾਨ’ ਪੇਸ਼ ਕੀਤੇ ਗਏ। ਇਸੇ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਵੱਲੋਂ ਦਸਤ ਕਲਾ ਅਤੇ ਹੋਰ ਕਲਾਵਾਂ ਦੀ ਇੱਕ ਪ੍ਰਦਰਸ਼ਨੀ ਵੀ ਲਾਈ ਗਈ। ਸਮਾਗਮ ਦੇ ਅੰਤ ਵਿੱਚ ਜੇਤੂਆਂ ਨੂੰ ਸ੍ਰੀ ਬਜਾਜ ਵੱਲੋਂ ਸਨਮਾਨਿਤ ਕੀਤਾ ਗਿਆ।