ਪਾਰਕਿੰਗ ਵਿਵਾਦ: ਖੋਜਾਰਥੀ ਦੀ ਮੌਤ; ਗੁਆਂਢੀ ਖ਼ਿਲਾਫ਼ ਕੇਸ ਦਰਜ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 13 ਮਾਰਚ
ਇੱਥੋਂ ਦੇ ਸੈਕਟਰ-66 ਵਿੱਚ ਵਾਹਨ ਪਾਰਕਿੰਗ ਨੂੰ ਲੈ ਕੇ ਦੋ ਨੌਜਵਾਨਾਂ ਵਿੱਚ ਝਗੜਾ ਹੋ ਗਿਆ। ਇਸ ਝਗੜੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਕੇਂਦਰ ਸਰਕਾਰ ਦੇ ਅਦਾਰੇ ਆਈਸਰ ਦੇ ਵਿਗਿਆਨੀ ਡਾ. ਅਭਿਸ਼ੇਕ ਕੁਮਾਰ (39) ਵਜੋਂ ਹੋਈ ਹੈ। ਉਹ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਪਿੱਛੋਂ ਉਹ ਝਾਰਖੰਡ ਦਾ ਵਸਨੀਕ ਹੈ। ਇਸ ਸਬੰਧੀ ਪੁਲੀਸ ਨੇ ਸੀਸੀਟੀਵੀ ਫੁਟੇਜ਼ ਚੈੱਕ ਕਰਨ ਤੋਂ ਬਾਅਦ ਮ੍ਰਿਤਕ ਵਿਗਿਆਨੀ ਦੇ ਗੁਆਂਢੀ ਮੌਂਟੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਮੌਂਟੀ ਫ਼ਰਾਰ ਦੱਸਿਆ ਜਾ ਰਿਹਾ ਹੈ। ਮੌਂਟੀ ਸਾਫ਼ਟਵੇਅਰ ਇੰਜਨੀਅਰ ਹੈ।
ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ ਕਰੀਬ ਅੱਠ ਵਜੇ ਘਰ ਦੇ ਬਾਹਰ ਫੁੱਟਪਾਥ ’ਤੇ ਆਪਣਾ ਬੁਲਟ ਮੋਟਰਸਾਈਕਲ ਖੜ੍ਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਐਨੇ ਵਿੱਚ ਮੌਂਟੀ ਉੱਥੇ ਆ ਗਿਆ ਅਤੇ ਕਹਿਣ ਲੱਗਾ ਕਿ ਇੱਥੇ ਤਾਂ ਸਿਰਫ਼ ਉਸ ਦੀ ਕਾਰ ਹੀ ਖੜੇਗੀ। ਇਸ ਕਾਰਨ ਦੋਵਾਂ ਵਿੱਚ ਬਹਿਸ ਹੋ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਮੌਂਟੀ ਨੇ ਧੱਕਾ ਮਾਰ ਕੇ ਅਭਿਸ਼ੇਕ ਨੂੰ ਜ਼ਮੀਨ ’ਤੇ ਸੁੱਟ ਦਿੱਤਾ, ਜਿਸ ਕਾਰਨ ਉਸ ਦੀ ਤਬੀਅਤ ਵਿਗੜ ਗਈ।
ਮੁਹੱਲੇ ਦੇ ਲੋਕ ਮੌਂਟੀ ਦੀ ਕਾਰ ਵਿੱਚ ਹੀ ਅਭਿਸ਼ੇਕ ਨੂੰ ਲੈ ਕੇ ਫੋਰਟਿਸ ਹਸਪਤਾਲ ਪਹੁੰਚੇ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
ਅਭਿਸ਼ੇਕ ਨੂੰ ਫੋਰਟਿਸ ਵਿੱਚ ਪਹੁੰਚਾਉਣ ਤੋਂ ਬਾਅਦ ਮੌਂਟੀ ਫ਼ਰਾਰ ਹੈ। ਉਹ (ਮੌਂਟੀ) ਮਕਾਨ ਦੀ ਗਰਾਊਂਡ ਫਲੋਰ ’ਤੇ ਰਹਿੰਦਾ ਹੈ ਜਦੋਂਕਿ ਅਭਿਸ਼ੇਕ ਉੱਪਰਲੀ ਮੰਜ਼ਲ ’ਤੇ ਰਹਿੰਦਾ ਸੀ। ਪਤਾ ਲੱਗਾ ਹੈ ਕਿ ਮੌਂਟੀ ਖ਼ਿਲਾਫ਼ ਪਹਿਲਾਂ ਵੀ ਦੋ ਲੜਕੀਆਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ। ਅਭਿਸ਼ੇਕ ਦੇ ਗੁਰਦੇ ਦਾ ਇਲਾਜ ਚੱਲ ਰਿਹਾ ਸੀ। ਉਸ ਦੀ ਵੱਡੀ ਭੈਣ ਨੇ ਉਸ ਨੂੰ ਆਪਣਾ ਗੁਰਦਾ ਦਾਨ ਕੀਤਾ ਸੀ।
ਫੇਜ਼-11 ਥਾਣਾ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਤੇ ਅਭਿਸ਼ੇਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਪੁਲੀਸ ਨੇ ਮੌਂਟੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਉਹ ਘਰੋਂ ਫ਼ਰਾਰ ਹੈ। ਥਾਣਾ ਮੁਖੀ ਨੇ ਕਿਹਾ ਕਿ ਮੌਂਟੀ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਅਭਿਸ਼ੇਕ ਅਮਰੀਕਾ ਸਣੇ ਜਰਮਨੀ ਅਤੇ ਸਵਿੱਟਜ਼ਰਲੈਂਡ ਵਿੱਚ ਰਿਸਰਚ ਕਰ ਚੁੱਕਾ ਹੈ। ਕਰੋਨਾ ਮਹਾਮਾਰੀ ਦੌਰਾਨ ਉਸ ਦੇ ਪਿਤਾ ਦੀ ਤਬੀਅਤ ਖ਼ਰਾਬ ਹੋ ਗਈ ਸੀ ਤਾਂ ਉਹ ਵਾਪਸ ਇੰਡੀਆ ਆ ਗਿਆ।