ਪਾਣੀ ਵਿਵਾਦ: ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਯੋਜਨਾ ਫੇਲ੍ਹ
ਚਰਨਜੀਤ ਭੁੱਲਰ
ਚੰਡੀਗੜ੍ਹ, 8 ਮਈ
ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਦੇ ਚੇਅਰਮੈਨ ਮਨੋਜ ਤ੍ਰਿਪਾਠੀ ਵੱਲੋਂ ਅੱਜ ਚੁੱਪ-ਚੁਪੀਤੇ ਨੰਗਲ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡੇ ਜਾਣ ਦੀ ਯੋਜਨਾ ਫੇਲ੍ਹ ਹੋ ਗਈ। ਚੇਅਰਮੈਨ ਦੇ ਨੰਗਲ ਡੈਮ ਪੁੱਜਣ ’ਤੇ ਅੱਜ ਪੰਜਾਬ ਵਿੱਚ ਸਿਆਸੀ ਮਾਹੌਲ ਭਖ ਗਿਆ। ਇਸ ਘਟਨਾ ਮਗਰੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਨਾਲ ਭਾਵੁਕ ਤੌਰ ’ਤੇ ਜੁੜੀ ਕਿਸਾਨੀ ਵੀ ਰੋਹ ਵਿੱਚ ਆ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਇਸ ਮਾਮਲੇ ਦੀ ਖ਼ੁਦ ਕਮਾਨ ਸੰਭਾਲ ਲਈ ਹੈ ਅਤੇ ਉਨ੍ਹਾਂ ਨੇ ਨੰਗਲ ਡੈਮ ਦੇ ਸਤਲੁਜ ਸਦਨ ’ਚ ਅੱਜ ਡੇਰਾ ਲਗਾ ਲਿਆ ਹੈ। ਪੰਜਾਬ ਸਰਕਾਰ ਨੂੰ ਸੂਚਨਾ ਮਿਲੀ ਹੈ ਕਿ ਬੀਬੀਐੱਮਬੀ, ਡੈਮ ਤੋਂ ਮੁੜ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੀ ਕੋਸ਼ਿਸ਼ ਕਰ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਅਨੁਸਾਰ ਫ਼ਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਡੈਮ ’ਤੇ ਹੀ ਠਹਿਰਨਗੇ। ਬੀਬੀਐੱਮਬੀ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਅੱਜ ਸਵੇਰੇ ਚੁੱਪ-ਚੁਪੀਤੇ ਨੰਗਲ ਡੈਮ ਪੁੱਜ ਗਏ ਸਨ। ਉਨ੍ਹਾਂ ਦਾ ਇਰਾਦਾ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ ਜਾਪਦਾ ਸੀ। ਪੰਜਾਬ ਪੁਲੀਸ ਨੇ ਚੇਅਰਮੈਨ ਨੂੰ ਰੋਕ ਲਿਆ ਅਤੇ ਇਲਾਕੇ ਦੇ ਲੋਕ ਵੀ ਮੌਕੇ ’ਤੇ ਪੁੱਜ ਗਏ, ਜਿਨ੍ਹਾਂ ਨੇ ਧਰਨਾ ਲਗਾ ਦਿੱਤਾ। ਪਤਾ ਲੱਗਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਨੰਗਲ ਡੈਮ ਲਈ ਰਵਾਨਾ ਹੋ ਗਏ ਸਨ। ਮੁੱਖ ਮੰਤਰੀ ਦੇ ਪੁੱਜਣ ਤੋਂ ਪਹਿਲਾਂ ਹੀ ਪੁਲੀਸ ਨੇ ਚੇਅਰਮੈਨ ਤ੍ਰਿਪਾਠੀ ਨੂੰ ਸੁਰੱਖਿਅਤ ਵਾਪਸ ਚੰਡੀਗੜ੍ਹ ਭੇਜ ਦਿੱਤਾ ਸੀ, ਕਿਉਂਕਿ ਲੋਕਾਂ ਨੇ ਚੇਅਰਮੈਨ ਦੀ ਗੱਡੀ ਦਾ ਘਿਰਾਓ ਕਰ ਲਿਆ ਸੀ। ਇਸ ਵੇਲੇ ਜਦੋਂ ਕੌਮਾਂਤਰੀ ਪੱਧਰ ’ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਅਜਿਹੇ ਮੌਕੇ ਬੀਬੀਐੱਮਬੀ ਦੇ ਚੇਅਰਮੈਨ ਨੇ ਅਚਨਚੇਤੀ ਨੰਗਲ ਡੈਮ ਦਾ ਦੌਰਾ ਕਰ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਇਕ ਡਾ. ਚਰਨਜੀਤ ਸਿੰਘ ਦੀ ਅਗਵਾਈ ’ਚ ਲੋਕਾਂ ਨੇ ਚੇਅਰਮੈਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਚੇਅਰਮੈਨ ਨੂੰ ਕਾਫ਼ੀ ਸਮਾਂ ਡੈਮ ਲਾਗੇ ਸਤਲੁਜ ਸਦਨ ਵਿੱਚ ਰੁਕਣਾ ਪਿਆ। ਚੇਅਰਮੈਨ ਵੱਲੋਂ ਅੱਜ ਨੰਗਲ ਡੈਮ ਦੇ ਚੁੱਪ-ਚੁਪੀਤੇ ਕੀਤੇ ਗਏ ਦੌਰੇ ਕਾਰਨ ਪੰਜਾਬ ਦੇ ਆਮ ਲੋਕਾਂ ਵਿੱਚ ਕਾਫ਼ੀ ਨਾਰਾਜ਼ਗੀ ਹੈ, ਕਿਉਂਕਿ ਪੰਜਾਬੀਆਂ ਦੀ ਪਾਣੀ ਦੇ ਮੁੱਦੇ ਨਾਲ ਭਾਵਨਾਤਮਕ ਸਾਂਝ ਹੈ।
ਪੰਜਾਬ ਨੇ ਬੀਬੀਐੱਮਬੀ ਨੂੰ 2 ਮਈ ਦੇ ਮਿਨਟਸ ਮਿਲਣ ਤੱਕ ਕੋਈ ਕਦਮ ਨਾ ਚੁੱਕਣ ਲਈ ਕਿਹਾ
ਪੰਜਾਬ ਸਰਕਾਰ ਨੇ ਇਸੇ ਦੌਰਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ (ਸੁਰੱਖਿਆ) ਨੂੰ ਅੱਜ ਇਕ ਪੱਤਰ ਭੇਜਿਆ ਹੈ। ਇਸ ਪੱਤਰ ਵਿੱਚ ਬੀਬੀਐੱਮਬੀ ਨੂੰ ਕਿਹਾ ਗਿਆ ਹੈ ਕਿ ਓਨਾ ਚਿਰ ਕੋਈ ਕਦਮ ਨਾ ਚੁੱਕਿਆ ਜਾਵੇ ਜਦੋਂ ਤੱਕ ਕਿ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਹੇਠ 2 ਮਈ ਨੂੰ ਹੋਈ ਮੀਟਿੰਗ ਦੇ ਮਿਨਟਸ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਮੁਹੱਈਆ ਨਹੀਂ ਕਰਵਾ ਦਿੱਤੇ ਜਾਂਦੇ।