ਪਾਣੀ ਵਾਲੀ ਟੈਂਕੀ ਕੋਲੋਂ ਨੌਜਵਾਨ ਦੀ ਲਾਸ਼ ਮਿਲੀ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 17 ਅਪਰੈਲ
ਪਿੰਡ ਮਸੀਂਗਣ ਦੀ ਪਾਣੀ ਵਾਲੀ ਟੈਂਕੀ ਕੋਲੋਂ ਅੱਜ ਸਵੇਰੇ ਇਸੇ ਪਿੰਡ ਦੇ ਇਕ ਨੌਜਵਾਨ ਦੀ ਲਾਸ਼ ਭੇਤ-ਭਰੀ ਹਾਲਤ ਵਿੱਚ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਮਸੀਂਗਣ ਦਾ ਇਹ ਨੌਜਵਾਨ ਮਨਦੀਪ ਸਿੰਘ ਉਰਫ ਰੋੜਾ (25) ਪੁੱਤਰ ਨਿਰਮਲ ਮਸੀਹ ਆਪਣੇ ਕੰਮ ਕਾਰ ਲਈ ਹਰਿਆਣਾ ਦੇ ਹਿਸਾਰ ਵਿੱਚ ਗਿਆ ਹੋਇਆ ਸੀ ਤੇ ਇਹ ਬੀਤੀ ਸ਼ਾਮ ਹੀ ਆਪਣੇ ਘਰ ਆਇਆ ਸੀ ਅਤੇ ਕੁਝ ਸਮੇਂ ਬਾਅਦ ਪਿੰਡ ਦੇ ਹੀ ਦੋ ਨੌਜਵਾਨਾਂ ਨਾਲ ਘਰੋਂ ਕਿਤੇ ਚਲਾ ਗਿਆ। ਉਸ ਨੂੰ ਘਰ ਦੇ ਉਡੀਕਦੇ ਰਹੇ ਪਰ ਉਹ ਘਰ ਨਹੀਂ ਆਇਆ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਰਾਤ 9 ਵਜੇ ਤੋਂ ਬਾਅਦ ਉਹ ਨਾ ਘਰ ਹੀ ਪਰਤਿਆ ਅਤੇ ਉਸ ਦਾ ਫੋਨ ਵੀ ਬੰਦ ਹੋ ਗਿਆ ਸੀ। ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਦੀ ਪਾਣੀ ਵਾਲੀ ਟੈਂਕੀ ਕੋਲ ਭੇਤਭਰੀ ਹਾਲਤ ’ਚ ਮਿਲੀ ਹੈ ਜਿਸ ਦੇ ਦੋਵਾਂ ਪੈਰਾਂ ਦੀਆਂ ਉਂਗਲਾਂ ਸੜਕ ’ਤੇ ਰਗੜਨ ਨਾਲ ਛਿੱਲੀਆਂ ਹੋਈਆਂ ਸਨ। ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਕਿਸੇ ਨੇ ਮਾਰ ਕੇ ਇੱਥੇ ਸੁੱਟਿਆ ਹੈ। ਇਸ ਲਾਸ਼ ਸਬੰਧੀ ਇਤਲਾਹ ਥਾਣਾ ਜੁਲਕਾਂ ਪੁਲੀਸ ਨੂੰ ਦਿੱਤੀ ਗਈ ਹੈ। ਇਸ ਮਗਰੋਂ ਥਾਣਾ ਮੁਖੀ ਗੁਰਪ੍ਰੀਤ ਸਿੰਘ ਭਿੰਡਰ ਹੋਰ ਪੁਲੀਸ ਮੁਲਾਜ਼ਮਾਂ ਨਾਲ ਘਟਨਾ ਵਾਲੀ ਥਾਂ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਇਸ ਘਟਨਾ ਦੀ ਜਾਂਚ ਲਈ ਜਾਂਚ ਟੀਮ ਨੂੰ ਵੀ ਬੁਲਾਇਆ ਹੈ। ਮ੍ਰਿਤਕ ਮਨਦੀਪ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੇ ਕੋਲ ਇੱਕ ਲੜਕਾ ਹੈ।
ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਮ੍ਰਿਤਕ ਦੇ ਤਾਏ ਦੇ ਲੜਕੇ ਦਾ ਕਤਲ ਹੋ ਗਿਆ ਸੀ ਅਤੇ ਲਾਸ਼ ਹਰਿਆਣਾ ’ਚੋਂ ਲੰਘਦੀ ਨਹਿਰ ’ਚੋਂ ਮਿਲੀ ਸੀ। ਮ੍ਰਿਤਕ ਮਨਦੀਪ ਸਿੰਘ ਦੇ ਕੇਸ ਵਿੱਚ ਥਾਣਾਂ ਜੁਲਕਾਂ ਦੀ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪੁਲੀਸ ਨੇ ਪਿੰਡ ਮਸੀਂਗਣ ਦੇ ਹੀ ਤਿੰਨ ਨੌਜਵਾਨਾਂ ਗੁਰਮੀਤ ਸਿੰਘ ਪੁੱਤਰ ਅਵਤਾਰ ਸਿੰਘ, ਨਿਰਮਲ ਉਰਫ ਗੋਨੀ ਪੁੱਤਰ ਸ਼ਾਮ ਲਾਲ ਅਤੇ ਪ੍ਰਦੀਪ ਉਰਫ ਮੁੱਨਾ ਪੁੱਤਰ ਰਮੇਸ਼ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।