ਪਾਠਕਾਂ ਦੇ ਖ਼ਤ
ਵਾਜਿਬ ਫ਼ਿਕਰ
25 ਮਾਰਚ ਦੇ ਨਜ਼ਰੀਆ ਪੰਨੇ ’ਤੇ ਛਪੇ ਲੇਖ ‘ਕੀ ਪੋਲੋ ਖੇਡ ਦਾ ਹੋਲੇ ਮਹੱਲੇ ਵਿੱਚ ਕੋਈ ਮਹੱਤਵ ਹੈ?’ ਵਿੱਚ ਲੇਖਕ ਡਾ. ਸ਼ੈਲੀ ਵਾਲੀਆ ਨੇ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਮੁੱਖ ਸਮਾਗਮ ਵਿੱਚ ਪੋਲੋ ਖੇਡ ਨੂੰ ਸ਼ਾਮਿਲ ਕਰ ਕੇ ਸਮਾਗਮ ਦੀ ਖਾਲਸਈ ਰਵਾਇਤ ਤੇ ਦਿੱਖ ਵਿਗਾੜਨ ਅਤੇ ਗੁਰੂ ਦੀ ਸੰਗਤ ਨਾਲੋਂ ਤੋੜ ਕੇ ਕੁਲੀਨ ਵਰਗ ਦੇ ਹੱਕਾਂ ਵਿੱਚ ਦੇ ਕੇ ਪੈਸੇ ਵਾਲਿਆਂ ਨੂੰ ਭਾਗੀਦਾਰੀ ਬਣਾ ਦੇਣ ’ਤੇ ਵਾਜਿਬ ਫ਼ਿਕਰ ਜ਼ਾਹਿਰ ਕੀਤਾ ਹੈ। ਹੋਲਾ ਮਹੱਲਾ ਆਮ ਲੋਕਾਂ ਦੇ ਨਿਰੋਲ ਸੰਗਤੀ ਚਾਅ ਅਤੇ ਉਮਾਹ ਨਾਲ ਜੁੜਿਆ ਸਮਾਗਮ ਹੈ ਜਿਸ ਵਿੱਚ ਪੋਲੋ ਦੀ ਘੁਸਪੈਠ ਕਰਵਾਉਣ ਵਰਗਾ ਵਪਾਰਕ ਕਦਮ ਦੁੱਧ ਵਿੱਚ ਕਾਂਜੀ ਘੋਲਣ ਵਰਗੀ ਗ਼ਲਤੀ ਹੈ। ਇੱਕ ਗੱਲ ਹੋਰ, ਇੱਕ ਵਾਰ ਪਾਈ ਹੋਈ ਅਜਿਹੀ ਲੀਹ ਇੱਥੇ ਹੀ ਨਹੀਂ ਰੁਕੇਗੀ ਸਗੋਂ ਆਮ ਵਰਤਾਰਾ ਬਣ ਕੇ ਅਮਰਵੇਲ ਵਾਂਗ ਹੋਰ ਵੀ ਬਹੁਤ ਸਾਰੇ ਹਰੇ ਕਚੂਰ ਸੰਗਤੀ ਬਿਰਖਾਂ ਨੂੰ ਢੱਕ ਲਵੇਗੀ।
ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)
ਕੁਲਫੀਆਂ ਤੋਂ ਕੋਠੀਆਂ ਤੱਕ
28 ਮਾਰਚ ਦੇ ਅੰਕ ਵਿੱਚ ਸੁਰਿੰਦਰ ਸਿੰਘ ਨੇਕੀ ਦਾ ਮਿਡਲ ‘ਕੁਲਫੀਆਂ ਤੋਂ ਕੋਠੀਆਂ ਤੱਕ’ ਪੰਜਾਬ ਵਿੱਚ ਸਫਲ ਹੋਏ ਪਰਵਾਸੀ ਮਜ਼ਦੂਰਾਂ ਦੀ ਕਹਾਣੀ ਬਿਆਨ ਕਰਦਾ ਹੈ। ਪੰਜਾਬ ਦੇ ਵਸਨੀਕਾਂ ਲਈ ਇਹ ਪਰਵਾਸੀ ਮਜ਼ਦੂਰ ਪ੍ਰੇਰਨਾ ਸਰੋਤ ਹਨ। ਹੁਣ ਜਦੋਂ ਪੰਜਾਬ ਦੇ ਨੌਜਵਾਨ ਰੁਜ਼ਗਾਰ ਅਤੇ ਬਿਹਤਰ ਜ਼ਿੰਦਗੀ ਦੀ ਤਲਾਸ਼ ਵਿੱਚ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ, ਉਸ ਸਮੇਂ ਪਰਵਾਸੀ ਮਜ਼ਦੂਰ ਮਿਹਨਤ ਮਜ਼ਦੂਰੀ ਅਤੇ ਬੁਲੰਦ ਹੌਸਲਿਆਂ ਨਾਲ ਪੰਜਾਬ ਵਿੱਚ ਕਾਮਯਾਬੀ ਦੇ ਝੰਡੇ ਗੱਡ ਰਹੇ ਹਨ। ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦਾ ਜਨੂੰਨ ਛੱਡ ਕੇ ਇਨ੍ਹਾਂ ਪਰਵਾਸੀ ਮਜ਼ਦੂਰਾਂ ਤੋਂ ਪ੍ਰੇਰਿਤ ਹੁੰਦੇ ਹੋਏ ਦੇਸ਼ ਵਿੱਚ ਰਹਿ ਕੇ ਰੁਜ਼ਗਾਰ ਦੀ ਤਲਾਸ਼ ਕਰਨੀ ਚਾਹੀਦੀ ਹੈ। ਇਸ ਨਾਲ ਜਿੱਥੇ ਵਿਦੇਸ਼ਾਂ ਵਿੱਚ ਜਾ ਰਿਹਾ ਦੇਸ਼ ਦਾ ਪੈਸਾ ਬਚੇਗਾ, ਉੱਥੇ ਦੇਸ਼ ਆਤਮ-ਨਿਰਭਰ ਹੋਣ ਦੀ ਕਤਾਰ ਵਿੱਚ ਹੋਰ ਅੱਗੇ ਵਧੇਗਾ।
ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣੀ (ਬਠਿੰਡਾ)
ਨਿਆਂ ਪ੍ਰਣਾਲੀ ਦੀ ਸਮੱਸਿਆ
26 ਮਾਰਚ ਨੂੰ ਜਸਟਿਸ ਮਦਨ ਬੀ ਲੋਕੁਰ ਦਾ ਲੇਖ ‘ਭਾਰਤੀ ਨਿਆਂ ਪ੍ਰਣਾਲੀ ਦੀ ਦਸ਼ਾ’ ਸਮੱਸਿਆ ਦੇ ਲੱਛਣਾਂ ਦੀ ਪਛਾਣ ਕਰਦਾ, ਹੱਲ ਸੁਝਾਉਂਦਾ ਜਾਣਕਾਰੀ ਭਰਪੂਰ ਲੇਖ ਹੈ। ਲੇਖ ਦੇ ਅਖ਼ੀਰ ਵਿੱਚ ਆਈਆਂ ਸਤਰਾਂ ‘ਕੁਝ ਦਿਨ ਬਾਅਦ ਸਭ ਕੁਝ ਭੁਲਾ ਦਿੱਤਾ ਜਾਵੇਗਾ’, ਆਮ ਲੋਕਾਂ ਦੇ ਮਨ ਵਿੱਚ ਸਿਸਟਮ ਪ੍ਰਤੀ ਬਣੀ ਅਤੇ ਪੱਕੀ ਹੋਈ ਧਾਰਨਾ ਬਿਆਨ ਕਰਦੀਆਂ ਹਨ ਪਰ ਸੁਪਰੀਮ ਕੋਰਟ ਦੇ ਜੱਜ ਦਾ ਇਸ ਤੱਥ ਨੂੰ ਤਸਦੀਕ ਕਰਨਾ ਦੱਸਦਾ ਹੈ ਕਿ ਸਮੱਸਿਆ ਕਿੰਨੀ ਗੰਭੀਰ ਹੈ। 14 ਮਾਰਚ ਨੂੰ ਸੁੱਚਾ ਸਿੰਘ ਗਿੱਲ ਦਾ ਲੇਖ ‘ਸੂਚਨਾ ਦੀ ਬੰਬਾਰੀ ਵਿੱਚ ਗਾਇਬ ਹੁੰਦਾ ਸੱਚ’ ਵਰਤਮਾਨ ਅਤੇ ਭਵਿੱਖ ਦੇ ਗੰਭੀਰ ਮੁੱਦੇ ਵੱਲ ਧਿਆਨ ਦਿਵਾਉਂਦਾ ਹੈ। ਇਸ ਦੇ ਹੱਲ ਦੀ ਵੱਡੀ ਜ਼ਿੰਮੇਵਾਰੀ ਬੁੱਧੀਜੀਵੀ ਵਰਗ ਖ਼ਾਸ ਕਰ ਕੇ ਅਧਿਆਪਕਾਂ ਦੀ ਬਣਦੀ ਹੈ, ਜਿਸ ਨੇ ਪੜ੍ਹਾਈ ਨੂੰ ਸਾਖਰਤਾ ਤੋਂ ਅੱਗੇ ‘ਮੀਡੀਆ ਸਾਖਰਤਾ’ ਤੱਕ ਲੈ ਕੇ ਜਾਣਾ ਹੈ। ਯਕੀਨਨ, ਸੋਸ਼ਲ ਮੀਡੀਆ ਦੇ ਵਰਤੋਂਕਾਰਾਂ, ਖ਼ਾਸ ਕਰ ਕੇ ਫੇਸਬੁੱਕ, ਇੰਸਟਾਗਰਾਮ ’ਤੇ ਰੀਲਾਂ ਦੇਖਣ ਵਾਲੇ ਇਸ ਵਰਤਾਰੇ ਤੋਂ ਵਧੇਰੇ ਫ਼ਿਕਰਮੰਦ ਹਨ, ਕਿਉਂਕਿ ਹਰ ਮਿੰਟ 5-7 ਵੱਖੋ-ਵੱਖਰੇ ਅਤੇ ਇੱਕ ਦੂਜੇ ਤੋਂ ਬਿਲਕੁੱਲ ਭਿੰਨ ਵਿਸ਼ਿਆਂ ਬਾਰੇ ਦੂਰ ਨੇੜੇ ਦੀਆਂ ਕੁਝ ਸੱਚੀਆਂ, ਪਰ ਵਧੇਰੇ ਝੂਠੀਆਂ ਜਾਂ ਮਨਘੜਤ ਘਟਨਾਵਾਂ ਦੇਖਣ, ਸੁਣਨ ਜਾਂ ਪੜ੍ਹਨ ਤੋਂ ਪੈਦਾ ਹੋਈ ਧਿਆਨ-ਘਾਟ ਵਿਕਾਰ ਨੇ ਲੋਕਾਂ ਦੀ ਕਿਸੇ ਇੱਕ ਵਿਸ਼ੇ ’ਤੇ ਥੋੜ੍ਹੇ ਸਮੇਂ ਲਈ ਵੀ ਪੜ੍ਹਨ, ਲਿਖਣ, ਸੁਣਨ ਅਤੇ ਬੋਲਣ ਦੀ ਸਮਰੱਥਾ ਨੂੰ ਖ਼ਤਮ ਹੀ ਕਰ ਦਿੱਤਾ ਹੈ ਹਾਲਾਂਕਿ, ਇਨ੍ਹਾਂ ਸਾਧਨਾਂ ਦੀ ਈਜਾਦ ਕਰਨ ਵਾਲਿਆਂ ਨੇ ਥੋੜ੍ਹੇ ਵਿੱਚ ਬਹੁਤਾ ਕਹਿਣ ਦੀ ਕਲਾ ਵਿਕਸਤ ਕਰਨ ਦੇ ਮੰਤਵ ਨਾਲ ਅਜਿਹਾ ਕੀਤਾ ਸੀ। ਉਂਝ, ਅੱਜ ਕੱਲ੍ਹ ਜ਼ਿਆਦਾਤਰ ਵਰਤੋਂਕਾਰ ਮੈਸੇਜ ਦੇਖਦੇ ਸਾਰ ਹੀ ਲਾਈਕ ਬਟਨ ਦੱਬਣ ਦੀ ਕਾਹਲ ਅਤੇ ਅੱਗੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਫਾਰਵਰਡ ਕਰਨ ਦੀ ਕਾਹਲ ਵਾਲੇ ਮਨਸੂਈ ਬੁੱਧੀ ਦੇ ਇਸ ਦੌਰ ਵਿੱਚ ਸੁਨੇਹਿਆਂ ਵਿਚਲੀਆਂ ਬਾਰੀਕੀਆਂ ਨੂੰ ਸਮਝਣ ਤੋਂ ਅਸਮਰੱਥ ਜਾਪਦੇ ਹਨ। ਮੀਡੀਆ ਸਾਖਰਤਾ ਹੀ ਇਸ ਦਾ ਇੱਕੋ-ਇੱਕ ਹੱਲ ਹੈ ਅਤੇ ਇਹ ਕੰਮ ਅਧਿਆਪਕਾਂ ਨੇ ਹੀ ਕਰਨਾ ਹੈ।
ਨਵਜੋਤ ਸਿੰਘ, ਪਟਿਆਲਾ
ਕਿਸਾਨਾਂ ਦੀ ਹੋਣੀ
21 ਮਾਰਚ ਦੇ ਸੰਪਾਦਕੀ ‘ਕਿਸਾਨ ਅੰਦੋਲਨ ਦੀ ਹੋਣੀ’ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀ ਇਸ ਹੋਣੀ ਲਈ ਉਹ ਖ਼ੁਦ ਹੀ ਜ਼ਿੰਮੇਵਾਰ ਹਨ। ਜੋ ਕੁਝ ਵਾਪਰਿਆ, ਉਹ ਨਹੀਂ ਸੀ ਵਾਪਰਨਾ ਚਾਹੀਦਾ। ਸਾਰਿਆਂ ਦਾ ਦਿਲ ਕੁਰਲਾ ਰਿਹਾ ਹੈ ਪਰ ਇਸ ਸਮੇਂ ਅੰਤਰ-ਝਾਤ ਮਾਰਨੀ ਅਤਿਅੰਤ ਜ਼ਰੂਰੀ ਹੈ। ਹੁਣ ਸੋਚਣਾ ਪਵੇਗਾ ਕਿ ਕਿਤੇ ਪਾਟੋਧਾੜ ਕਾਰਨ ਹੀ ਤਾਂ ਇਹ ਸਭ ਕੁਝ ਨਹੀਂ ਹੋ ਰਿਹਾ। ਇਸ ਤੋਂ ਪਹਿਲਾਂ ਦਿੱਲੀ ਕਿਸਾਨ ਸੰਘਰਸ਼ ਵੇਲੇ ਕਿਸਾਨਾਂ ਦੀ ਏਕਤਾ ਨੇ ਨਿਵੇਕਲਾ ਇਤਿਹਾਸ ਸਿਰਜਿਆ ਸੀ। ਹੁਣ ਵੀ ਜਿਸ ਤਰ੍ਹਾਂ ਏਕਤਾ ਲਈ ਕੋਸ਼ਿਸ਼ਾਂ ਹੋ ਰਹੀਆਂ ਸਨ, ਜੇ ਨੇਪਰੇ ਚੜ੍ਹ ਜਾਂਦੀਆਂ ਤਾਂ ਇਸ ਹੋਣੀ ਤੋਂ ਬਚਿਆ ਜਾ ਸਕਦਾ ਸੀ। ਇਸੇ ਪੰਨੇ ’ਤੇ ਸਵਰਾਜਬੀਰ ਦੇ ਮਾਂ-ਬੋਲੀ ਪੰਜਾਬੀ ਲਈ ਮਾਰੇ ਹਾਅ ਦੇ ਨਾਅਰੇ ਨੇ ਮਨ ਨੂੰ ਬਹੁਤ ਸਕੂਨ ਦਿੱਤਾ। ਜਸਵੰਤ ਜ਼ਫਰ ਨੇ ਜੋ ਜ਼ੋਰਦਾਰ ਕਦਮ ਉਠਾਇਆ ਸੀ, ਉਸ ਨੂੰ ਮਜ਼ਬੂਤ ਕਰਨ ਲਈ ਇਹ ਸ਼ਲਾਘਾਯੋਗ ਯਤਨ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਲੋਕ ਰਾਏ ਅਤੇ ਪੱਤਰਕਾਰੀ
6 ਮਾਰਚ ਦੇ ਨਜ਼ਰੀਆ ਪੰਨੇ ’ਤੇ ਕਮਲੇਸ਼ ਸਿੰਘ ਦੁੱਗਲ ਦਾ ਮਿਡਲ ‘ਟਾਂਕਾ ਪੱਤਰਕਾਰੀ’ ਪੜ੍ਹਿਆ। ਜਮਹੂਰੀ ਨਿਜ਼ਾਮ ਵਿੱਚ ਲੋਕ ਰਾਏ ਸਿਰਜਣ ਵਿੱਚ ਪੱਤਰਕਾਰੀ ਅਹਿਮ ਭੂਮਿਕਾ ਨਿਭਾਉਂਦੀ ਹੈ। ਪੱਤਰਕਾਰੀ ਦਾ ਵਿਧੀ ਵਿਧਾਨ ਮੈਗਜ਼ੀਨ, ਇਲੈਕਟ੍ਰੌਨਿਕ ਮੀਡੀਆ ਜਾਂ ਅਖ਼ਬਾਰ ਹਨ। ਇਸ ਨੂੰ ਸੰਚਾਲਿਤ ਕਰਨ ਵਾਲੇ ਪ੍ਰਬੰਧਕ ਕਿਸੇ ਟੀਚੇ ਅਧੀਨ ਕੰਮ ਕਰਦੇ ਹਨ। ਇਹ ਸੰਚਾਰ ਵਿਧੀ ਨਿਰਪੱਖਤਾ ਦਾ ਦਾਅਵਾ ਨਹੀਂ ਜਤਾ ਸਕਦੀ। ਇਨ੍ਹਾਂ ਅਦਾਰਿਆਂ ਦਾ ਪ੍ਰਭਾਵ ਸੱਚੀ ਸੰਚਾਰ ਪ੍ਰਣਾਲੀ ’ਤੇ ਬਣਿਆ ਰਹਿੰਦਾ ਹੈ। ਇਸ ਦੇ ਪ੍ਰਭਾਵ ਨੂੰ ਪੱਤਰਕਾਰੀ ਦੇ ਖੇਤਰ ਵਿੱਚੋਂ ਮਨਫ਼ੀ ਕਰਨਾ ਮੁਸ਼ਕਿਲ ਹੈ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)