ਪਾਠਕਾਂ ਦੇ ਖ਼ਤ
ਐਨਰਜੀ ਡਰਿੰਕਸ ’ਤੇ ਪਾਬੰਦੀ
26 ਮਾਰਚ ਦੇ ਅੰਕ ’ਚ ਛਪੀ ਖ਼ਬਰ ਅਨੁਸਾਰ ਪੰਜਾਬ ਦੇ ਸਕੂਲਾਂ ਅੰਦਰ ਐਨਰਜੀ ਡਰਿੰਕਸ ਦੀ ਪਾਬੰਦੀ ਲਾ ਦਿੱਤੀ ਗਈ ਹੈ, ਇਹ ਵਧੀਆ ਗੱਲ ਹੈ। ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਐਨਰਜੀ ਡਰਿੰਕਸ, ਫਾਸਟ ਫੂਡ ਆਦਿ ਦੇ ਸਿਹਤ ਲਈ ਨੁਕਸਾਨ ਬਾਰੇ ਦੱਸਣਾ ਪਾਬੰਦੀ ਲਾਉਣ ਨਾਲੋਂ ਵੀ ਵੱਧ ਜ਼ਰੂਰੀ ਹੈ। ਸਕੂਲਾਂ ਤੋਂ ਇਲਾਵਾ ਵਿਦਿਆਰਥੀ ਜ਼ਿਆਦਾ ਸਮਾਂ ਘਰਾਂ, ਬਾਜ਼ਾਰਾਂ, ਪਾਰਕਾਂ ਆਦਿ ਥਾਵਾਂ ’ਤੇ ਰਹਿੰਦੇ ਹਨ। ਜਨਮ, ਦਿਨ, ਵਿਆਹ ਸ਼ਾਦੀ ਮੌਕੇ ਵੀ ਇਹ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦਾ ਫ਼ਾਇਦਾ ਇਹ ਹੋਵੇਗਾ ਕਿ ਸਕੂਲਾਂ ਤੋਂ ਬਾਹਰ ਵੀ ਵਿਦਿਆਰਥੀ ਐਨਰਜੀ ਡਰਿੰਕਸ, ਫਾਸਟ ਫੂਡ ਖਰੀਦਣ ਅਤੇ ਖਾਣ ਤੋਂ ਪਰਹੇਜ਼ ਕਰਨਗੇ। ਇਸੇ ਅੰਕ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਬਿਆਨ ਕਿ ਸਰਕਾਰ ਉਸ ਨੂੰ ਮਰਵਾ ਸਕਦੀ ਹੈ, ਆਧਾਰਹੀਣ ਲੱਗਿਆ। ਕਿਸਾਨ ਆਗੂ ਤਾਂ ਖ਼ੁਦ ਕਈ ਮਹੀਨਿਆਂ ਤੋਂ ਭੋਜਨ ਖਾਣ ਅਤੇ ਦਵਾਈ ਲੈਣ ਤੋਂ ਇਨਕਾਰੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਦੁੱਲਾ ਭੱਟੀ ਦੀ ਨਾਬਰੀ
ਦੁੱਲਾ ਭੱਟੀ ਬਾਰੇ ਮਾਨਵ ਦਾ ਲੇਖ ‘ਦੁੱਲਾ ਭੱਟੀ ਦੀ ਨਾਬਰੀ’ (26 ਮਾਰਚ) ਵਧੀਆ ਜਾਣਕਾਰੀ ਵਾਲਾ ਹੈ। ਲੋਹੜੀ ਮੰਗਣ ਵੇਲੇ ਬੱਚੇ ਗੀਤ ਗਾਉਂਦੇ ਹਨ: ‘ਦੁੱਲਾ ਭੱਟੀ ਵਾਲਾ ਹੋ। ਦੁੱਲੇ ਧੀ ਵਿਆਹੀ ਹੋ। ਸੇਰ ਸ਼ੱਕਰ ਪਾਈ ਹੋ…।’ ਇਸ ਤੋਂ ਇਲਾਵਾ ਸੱਥਾਂ ਵਿੱਚ ਲੋਕ ਦੁੱਲਾ ਭੱਟੀ ਦੀਆਂ ਵਾਰਾਂ ਗਾ ਕੇ ਸੁਣਾਇਆ ਕਰਦੇ ਸਨ ਪਰ ਦੁੱਲਾ ਭੱਟੀ ਦੀ ਸ਼ਹੀਦੀ ਬਾਰੇ ਆਮ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ। ਧਰਮ ਸਿੰਘ ਗੋਰਾਇਆ (ਅਮਰੀਕਾ) ਨੇ ਆਪਣੀ ਖੋਜ ਭਰਪੂਰ ਪੁਸਤਕ ਰਾਹੀਂ ਦੁੱਲਾ ਭੱਟੀ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ ਸੀ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
ਸੱਚ ਦਾ ਛੁਰਾ
25 ਮਾਰਚ ਨੂੰ ‘ਵਿਅੰਗ ਦੀ ਸਿਆਸਤ’ ਦਾ ਸੰਪਾਦਕੀ ਪੜ੍ਹ ਕੇ ਵਿਅੰਗ ਦੀ ਤਾਕਤ ਦਾ ਅਹਿਸਾਸ ਹੁੰਦਾ ਹੈ। ਕੁਨਾਲ ਕਾਮਰਾ ਦੇ ਵਿਅੰਗ ਦੇ ਤੇਜ ਨੂੰ ਮਹਾਰਾਸ਼ਟਰ ਦਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਨਹੀਂ ਝੱਲ ਸਕਿਆ। ਵਿਅੰਗ ਵੀ ਵਿਚਾਰ ਪ੍ਰਗਟ ਕਰਨ ਦਾ ਪ੍ਰਭਾਵਸ਼ਾਲੀ ਹੁਨਰ ਹੈ। ਜੇ ਸੱਚ ਬਹੁਤ ਡੂੰਘੀ ਸੀ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਇਸ ਵਿੱਚ ਸੱਚ ਦਾ ਛੁਰਾ ਲੱਗਿਆ ਹੋਇਆ ਸੀ। ਸੁਕਰਾਤ ਨੂੰ ਵੀ ਤਾਂ ਸੱਚ ਬੋਲਣ ਉੱਤੇ ਜ਼ਹਿਰ ਦਾ ਪਿਆਲਾ ਪੀਣਾ ਪਿਆ ਸੀ। ਹਜ਼ਾਰਾਂ ਸਾਲ ਪੁਰਾਣੀ ਮਨੁੱਖ ਦੀ ਮਾਨਸਿਕਤਾ ਅਜੇ ਵੀ ਉਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੁਨਾਲ ਕਾਮਰਾ ਦੀ ਕਲਾ ਹੋਰ ਨਿਖਰਦੀ ਹੈ ਅਤੇ ਸਮਾਜ ਦੇ ਭਲੇ ਵਿੱਚ ਕਦਮ ਪੁੱਟਦੀ ਹੈ ਜਾਂ ਰਾਜਨੀਤਕ ਸ਼ਕਤੀ ਦੀ ਜ਼ਹਿਰ ਪੀ ਕੇ ਕਿਨਾਰਾ ਕਰ ਲਵੇਗੀ। ‘ਕਿਸਾਨ ਅੰਦੋਲਨ ਦੀ ਹੋਣੀ’ (21 ਮਾਰਚ) ਵਾਲਾ ਸੰਪਾਦਕੀ ਪੜ੍ਹ ਕੇ ਪਾਠਕ ਮਜਬੂਰ ਹੁੰਦਾ ਹੈ ਕਿ ਇਸ ਇਤਿਹਾਸਕ ਘਟਨਾ ਨੂੰ ਕਿਵੇਂ ਸਮਝਿਆ ਜਾਵੇ। ਇਸ ਘਟਨਾ ਨੂੰ ਕਿਸੇ ਵੀ ਧਿਰ ਦੀ ਜਿੱਤ-ਹਾਰ ਨਾ ਮੰਨਿਆ ਜਾਵੇ ਪਰ ਤਾਂ ਵੀ ਕਿਸਾਨ ਜਥੇਬੰਦੀਆਂ ਨੂੰ ਭੁਲੇਖਾ ਸੀ ਕਿ ਉਹ ਅਜਿਹਾ ਕਰ ਕੇ ਆਪਣਾ ਮੰਤਵ ਪੂਰਾ ਕਰ ਲੈਣਗੀਆਂ। ਅੱਜ ਜਦੋਂ ਸੜਕਾਂ ਅਤੇ ਰੇਲਾਂ ਸਰੀਰ ਦੀ ਲਹੂ ਪ੍ਰਣਾਲੀ ਦੇ ਸਮਾਨ ਹੋ ਗਈਆਂ ਹਨ ਤਾਂ ਇਨ੍ਹਾਂ ਉੱਤੇ ਧਰਨੇ ਲਾਉਣਾ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਇਸ ਤਰ੍ਹਾਂ ਲੋਕਾਂ ਦੀ ਹਮਦਰਦੀ ਤੋਂ ਸੱਖਣੀ ਲਹਿਰ ਕਦੇ ਤਕੜੀ ਨਹੀਂ ਹੋ ਸਕਦੀ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਮਿਹਨਤ ਦੀ ਮਿਸਾਲ
24 ਮਾਰਚ ਨੂੰ ਸਵਰਨ ਸਿੰਘ ਭੰਗੂ ਦਾ ਲੇਖ ‘ਸਾਰੇ ਰੰਗ’ ਪੜ੍ਹਿਆ। ਲੇਖ ਵਿੱਚ ਕੁਲਵਿੰਦਰ ਸਿੰਘ ਬਾਰੇ ਦੱਸਿਆ ਹੈ, ਉਸ ਨੇ ਵਿਦਿਆਰਥੀ ਜੀਵਨ ਦੀਆਂ ਮੁਸ਼ਕਿਲਾਂ ਦੇ ਬਾਵਜੂਦ ਆਪਣੀ ਮਿਹਨਤ, ਅਧਿਆਪਕਾਂ ਦੀ ਮਦਦ ਅਤੇ ਪ੍ਰੇਰਨਾ ਨਾਲ ਕਾਮਯਾਬੀ ਹਾਸਿਲ ਕੀਤੀ। ਉਸ ਦੀ ਕਹਾਣੀ ਮਿਹਨਤ ਅਤੇ ਲਗਨ ਦੀ ਮਿਸਾਲ ਹੈ।
ਗੁਰਿੰਦਰਪਾਲ ਸਿੰਘ, ਰਾਜਪੁਰਾ
ਚੰਗਾ ਉਪਰਾਲਾ
24 ਮਾਰਚ ਦੇ ਸੰਪਾਦਕੀ ‘ਪਾਣੀ ਦੀ ਸੁਚੱਜੀ ਵਰਤੋਂ’ ਵਿੱਚ ਮੌਜੂਦਾ ਸਮੇਂ ਗੰਭੀਰ ਹਾਲਤ ’ਚ ਪਹੁੰਚੇ ਪਾਣੀ ਦੇ ਡਿਗਦੇ ਪੱਧਰ ਦੇ ਸੁਧਾਰ ਲਈ ਕਈ ਅਹਿਮ ਨੁਕਤੇ ਸਾਂਝੇ ਕੀਤੇ ਗਏ ਹਨ। ਵਿਸ਼ਵ ਜਲ ਦਿਵਸ ਮੌਕੇ 22 ਮਾਰਚ ਤੋਂ ਸ਼ੁਰੂ ਕੀਤੇ ਹਰਿਆਣਾ ਦੇ ਜਲ ਬਚਾਓ ਪ੍ਰਾਜੈਕਟ ‘ਜਲ ਸ਼ਕਤੀ ਅਭਿਆਨ: ਕੈਚ ਦੀ ਰੇਨ 2025’ ਮੀਂਹ ਦੇ ਪਾਣੀ ਨੂੰ ਸਾਂਭਣ ਦਾ ਚੰਗਾ ਉਪਰਾਲਾ ਹੈ। 19 ਮਾਰਚ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਨੇ ਆਪਣੇ ਲੇਖ ‘ਦੱਖਣ ਦੀ ਸਤਹਿ ਹੇਠ ਖੌਲਦੇ ਸਵਾਲ’ ਵਿੱਚ ਆਪਣੀ ਆਈਪੀਐੱਸ ਦੀ ਨੌਕਰੀ ਦੌਰਾਨ ਹੋਏ ਤਜਰਬੇ ਸਮਕਾਲੀ ਘਟਨਾਵਾਂ ਨਾਲ ਜੋੜ ਕੇ ਸਾਂਝੇ ਕੀਤੇ ਹਨ। ਲੋਕ ਸਭਾ ਹਲਕਿਆਂ ਦੀ ਹੱਦਬੰਦੀ ਅਤਿ-ਸੰਵੇਦਨਸ਼ੀਲ ਮੁੱਦਾ ਹੈ। ਇਸ ਤੋਂ ਇਲਾਵਾ ਸਾਂਝਾ ਸਿਵਲ ਕੋਡ, ਕੌਮੀ ਸਿੱਖਿਆ ਨੀਤੀ-2020, ਹਿੰਦੀ/ਸੰਸਕ੍ਰਿਤ ਭਾਸ਼ਾ ਨੂੰ ਜਬਰੀ ਲਾਗੂ ਕਰਵਾਉਣ ਅਤੇ ਕੇਂਦਰ ਤੋਂ ਸੂਬਿਆਂ ਲਈ ਫੰਡਾਂ ਦੀ ਘਾਟ ਜਿਹੇ ਮੁੱਦੇ ਵੀ ਕਾਬਲੇਗ਼ੌਰ ਹਨ।
ਤਰਸੇਮ ਸਿੰਘ, ਡਕਾਲਾ (ਪਟਿਆਲਾ)
ਪਰਵਾਸ ਦੇ ਪ੍ਰਭਾਵ
22 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਡਾ. ਸੁਖਦੇਵ ਸਿੰਘ ਦਾ ਲੇਖ ‘ਪਰਵਾਸ : ਨਵੀਆਂ ਸਮੱਸਿਆਵਾਂ ਨਵੇਂ ਪ੍ਰਭਾਵ’ ਲੇਖ ਪੜ੍ਹਿਆ। ਲੇਖ ਵਿੱਚ ਪਰਵਾਸ ਨੂੰ ਹਰ ਪਹਿਲੂ ਤੋਂ ਵਿਚਾਰਿਆ ਗਿਆ ਹੈ। ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਨੌਜਵਾਨ ਵਰਗ ਰੁਜ਼ਗਾਰ ਅਤੇ ਚੰਗੇ ਜੀਵਨ ਦੀ ਭਾਲ ਵਿੱਚ ਪਰਵਾਸ ਕਰ ਰਿਹਾ ਹੈ ਪਰ ਅਮਰੀਕਾ ਨੇ ਗ਼ੈਰ-ਕਾਨੂੰਨੀ ਢੰਗ ਨਾਲ ਗਏ ਪਰਵਾਸੀਆਂ ਨੂੰ ਬੇੜੀਆਂ ਵਿੱਚ ਜਕੜ ਕੇ ਵਾਪਸ ਭੇਜਿਆ। ਸਾਡੀ ਸਰਕਾਰ ਨੂੰ ਦੇਸ਼ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਯਤਨ ਕਰਨੇ ਚਾਹੀਦੇ ਹਨ ਅਤੇ ਨਾਲ ਹੀ ਨਵੇਂ ਰੁਜ਼ਗਾਰ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਇੱਥੇ ਰਹਿ ਕੇ ਹੀ ਚੰਗਾ ਜੀਵਨ ਬਸਰ ਕਰਨ।
ਕਾਬਲਜੀਤ ਕੌਰ, ਬਠਿੰਡਾ
ਪ੍ਰਦੂਸ਼ਿਤ ਪਾਣੀ
11 ਮਾਰਚ ਨੂੰ ਡਾ. ਅਰੁਣ ਮਿੱਤਰਾ ਦਾ ਲੇਖ ‘ਪ੍ਰਦੂਸ਼ਿਤ ਪਾਣੀ ਵਿੱਚ ਨਹਾਉਣਾ: ਵਿਗਿਆਨ ਬਨਾਮ ਵਿਸ਼ਵਾਸ’ ਪੜ੍ਹਿਆ। ਲੇਖਕ ਨੇ ਦਲੀਲਾਂ ਸਹਿਤ ਦੱਸਿਆ ਹੈ ਕਿ ਸਾਡੇ ਦੇਸ਼ ਵਿੱਚ ਆਬਾਦੀ ਦੇ ਬੇਤਹਾਸ਼ਾ ਵਾਧੇ, ਕੁਦਰਤੀ ਸਾਧਨਾਂ ਪ੍ਰਤੀ ਵਰਤੀ ਜਾਂਦੀ ਲਾਪ੍ਰਵਾਹੀ ਅਤੇ ਰਾਜਸੀ ਲੀਡਰਾਂ ਵੱਲੋਂ ਕੀਤੇ ਜਾਂਦੇ ਝੂਠੇ ਪ੍ਰਚਾਰ ਕਾਰਨ ਇੱਥੋਂ ਦੇ ਪੌਣ-ਪਾਣੀ, ਜਲ ਸਰੋਤ, ਫ਼ਸਲਾਂ, ਮਿੱਟੀ ਆਦਿ ਸਭ ਕੁਝ ਪਲੀਤ ਹੋ ਚੁੱਕਾ ਹੈ। ਨਦੀਆਂ ਵਿੱਚ ਵਹਿੰਦੇ ਨੀਰ ਨੇ ਜਿੱਥੇ ਮਨੁੱਖਤਾ ਨੂੰ ਜੀਵਨ ਦੇ ਕੇ ਰਾਹਤ ਦੇਣੀ ਸੀ, ਉੱਥੇ ਉਹ ਇਸ ਹੱਦ ਤੱਕ ਪਲੀਤ ਹੋ ਚੁੱਕੇ ਹਨ ਕਿ ਉਹ ਜਲ ਪੀਣਾ ਤਾਂ ਦੂਰ ਦੀ ਗੱਲ ਹੈ, ਉਸ ਵਿੱਚ ਇਸ਼ਨਾਨ ਕਰਨਾ ਵੀ ਬਿਮਾਰੀਆਂ ਨੂੰ ਸੱਦਾ ਦੇਣਾ ਹੈ। 11 ਮਾਰਚ ਨੂੰ ਹੀ ਛਪਿਆ ਮਿਡਲ ‘ਬਰਕਤਾਂ’ (ਜਗਦੀਸ਼ ਕੌਰ ਮਾਨ) ਪੜ੍ਹ ਕੇ ਮਨ ਆਨੰਦ ਨਾਲ ਭਰ ਗਿਆ। ਲੇਖਕਾ ਨੇ ਆਪਣੇ ਖ਼ਾਵੰਦ ਦੇ ਕੁਲੀਗ ਦੇ ਪਰਿਵਾਰ ਦੇ ਨਿੱਘੇ ਸੁਭਾਅ ਦੀ ਖੁੱਲ੍ਹੇ ਮਨ ਨਾਲ ਪ੍ਰਸ਼ੰਸਾ ਕੀਤੀ ਹੈ। ਭਾਰਤੀ ਲੋਕਾਂ ਦੀ ਇਹ ਮਾੜੀ ਸੋਚ ਹੈ ਕਿ ਘਰੇਲੂ ਸੁਆਣੀ ਦੀ ਘਰ ਨੂੰ ਬਣਾਉਣ, ਸਜਾਉਣ ਅਤੇ ਸਾਂਭ-ਸੰਭਾਲ ਕਰਨ ਲਈ ਕੀਤੀ ਭਾਰੀ ਮੁਸ਼ੱਕਤ ਨੂੰ ਕਿਸੇ ਗਿਣਤੀ ਵਿੱਚ ਨਹੀਂ ਲਿਆ ਜਾਂਦਾ। ਮਰਦ ਪ੍ਰਧਾਨ ਸਮਾਜ ਦੀ ਸੋਚ ਹੁਣ ਇੱਥੇ ਤੱਕ ਸੀਮਤ ਹੋ ਗਈ ਹੈ ਕਿ ਕੇਵਲ ਨੌਕਰੀ ਜਾਂ ਕਾਰੋਬਾਰ ਆਦਿ ਵਿੱਚ ਪਈਆਂ ਸੁਆਣੀਆਂ ਹੀ ਕਮਾਊ ਹੁੰਦੀਆਂ ਹਨ। ਇਸ ਰਚਨਾ ਵਿਚਲਾ ਮੁੱਖ ਪਾਤਰ ਜਦੋਂ ਵਾਰ-ਵਾਰ ਆਪਣੀ ਪਤਨੀ ਦੇ ਚੰਗੇ ਸੁਭਾਅ ਅਤੇ ਸਾਰੇ ਘਰ ਨੂੰ ਸੁਚੱਜ ਨਾਲ ਚਲਾਉਣ ਦੀ ਵਡਿਆਈ ਕਰਦਾ ਹੈ ਤਾਂ ਲੇਖਕ ਦੇ ਨਾਲ-ਨਾਲ ਪਾਠਕ ਵੀ ਮਾਣ ਨਾਲ ਭਰ ਜਾਂਦਾ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ
ਅਧੂਰਾ ਸਵਾਲ
3 ਮਾਰਚ ਦੇ ਵਿਰਾਸਤ ਅੰਕ ਵਿੱਚ ਰਮੇਸ਼ ਬੱਗਾ ਚੋਹਲਾ ਦਾ ਲੇਖ ‘ਧੰਨੇ ਸੇਵਿਆ ਬਾਲ ਬੁਧਿ’ ਬੇਸ਼ੱਕ ਜਾਣਕਾਰੀ ਭਰਪੂਰ ਸੀ, ਪਰ ਲੇਖਕ ਇਹ ਸਪੱਸ਼ਟ ਨਹੀਂ ਕਰ ਸਕਿਆ ਕਿ ਧੰਨੇ ਭਗਤ ਨੇ ਰੱਬ ਦੀ ਪ੍ਰਾਪਤੀ ਠਾਕੁਰ ਰੂਪੀ ਪੱਥਰ ਤੋਂ ਕੀਤੀ ਜਾਂ ਫਿਰ ਸੰਤਾਂ ਦੇ ਸੰਗ ਨਾਲ; ਭਾਵ, ਇਹ ਸਵਾਲ ਅਧੂਰਾ ਹੀ ਛੱਡ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਭਗਤ ਧੰਨਾ ਜੀ ਦੇ ਚਾਰ ਸ਼ਬਦਾਂ ਦੇ ਅਧਿਐਨ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਭਗਤ ਜੀ ਨੇ ਪ੍ਰਭੂ ਦੀ ਪ੍ਰਾਪਤੀ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰ ਕੇ ਅਤੇ ਨਿਰਮਲ ਹਿਰਦੇ ਨਾਲ ਸੇਵਾ ਸਿਮਰਨ ਕਰ ਕੇ ਕੀਤੀ। ਭਗਤ ਧੰਨਾ ਜੀ ਦੇ ਸ਼ਬਦਾਂ ਵਿੱਚ ਪੱਥਰ ਪੂਜਣ ਦਾ ਕੋਈ ਜ਼ਿਕਰ ਨਹੀਂ। ਅਸਲ ਵਿੱਚ ਜਦੋਂ ਸ਼ੂਦਰਾਂ ਵਿੱਚ ਗਿਣੇ ਜਾਣ ਵਾਲੇ ਧੰਨੇ ਦੀ ਉਪਮਾ ਹੋਣ ਲੱਗੀ ਤੇ ਉੱਚ ਸ਼੍ਰੇਣੀ ਦਾ ਦੇਵਤਾ ਜਰ ਨਾ ਸਕਿਆ। ਫਿਰ ਉਸ ਇਹ ਕਹਾਣੀ ਪ੍ਰਚੱਲਿਤ ਕੀਤੀ ਕਿ ਧੰਨੇ ਨੇ ਤਰਲੋਚਨ ਪੰਡਿਤ ਤੋਂ ਠਾਕੁਰ ਦੀ ਮੰਗ ਕੀਤੀ, ਜਿਸ ਦੀ ਪੂਜਾ ਕਰ ਕੇ ਧੰਨੇ ਨੂੰ ਰੱਬ ਮਿਲਿਆ। ਸੋ, ਇਹ ਕਹਾਣੀ ਨਾ ਤਾਂ ਗੁਰਬਾਣੀ ਦੀ ਕਸਵੱਟੀ ’ਤੇ ਹੀ ਪੂਰੀ ਉਤਰਦੀ ਹੈ ਤੇ ਨਾ ਹੀ ਭਗਤ ਧੰਨਾ ਜੀ ਦੀ ਆਪਣੀ ਰਚਨਾ ’ਤੇ। ਉਂਝ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੱਥਰ ਅਥਵਾ ਮੂਰਤੀਆਂ ਪੂਜਣ ਵਾਲੇ ਕਿਸੇ ਵੀ ਸ਼ਖ਼ਸ ਜਾਂ ਭਗਤ ਦੀ ਬਾਣੀ ਦਰਜ ਨਹੀਂ ਕੀਤੀ ਗਈ ਤੇ ਨਾ ਹੀ ਇਸ ਤਰ੍ਹਾਂ ਦੀ ਪੂਜਾ ਕਰਨ ਦਾ ਵਿਧਾਨ ਹੈ। ਸੋ, ਧੰਨੇ ਭਗਤ ਦੇ ਜੀਵਨ ਤੋਂ ਸੇਧ ਲੈ ਕੇ ਸਾਨੂੰ ਦਸ ਨਹੁੰਆਂ ਦੀ ਕਿਰਤ ਕਰ ਕੇ ਜੀਵਨ ਬਸਰ ਕਰਨਾ ਚਾਹੀਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)