ਪਾਠਕਾਂ ਦੇ ਖ਼ਤ
ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ
12 ਮਾਰਚ ਨੂੰ ਪ੍ਰੋ. ਸੁਰਿੰਦਰ ਐੱਸ ਜੋਧਕਾ ਦਾ ਲੇਖ ‘ਅਕਾਲ ਤਖਤ ਦੀ ਸਰਵਉੱਚਤਾ ਖ਼ਤਰੇ ’ਚ’ ਪੜ੍ਹਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਸ਼ੈਲੀ ਖ਼ਤਰੇ ਵਿੱਚ ਹਨ। ਪੰਥ ਦੀ ਵਾਗਡੋਰ ਜਿੰਨਾ ਚਿਰ ਵਪਾਰੀ ਮਨੋਵਿਰਤੀ ਵਾਲਿਆਂ ਦੇ ਹੱਥ ਰਹੇਗੀ, ਓਨਾ ਚਿਰ ਸੁਧਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਜੇਕਰ ਅਕਾਲੀ ਲੀਡਰਸ਼ਿਪ ਸੱਚਮੁੱਚ ਨਿਮਾਣੀ ਅਤੇ ਸਿੱਖ ਸਿਧਾਂਤਾਂ ਪ੍ਰਤੀ ਸ਼ਰਧਾਵਾਨ ਹੁੰਦੀ ਤਾਂ ਆਹ ਦਿਨ ਹੀ ਨਹੀਂ ਦੇਖਣੇ ਪੈਣੇ ਸਨ। ਸਿਆਸੀ ਅਨੈਤਿਕਤਾ ਦੇ ਇਸ ਮਾਹੌਲ ਅਤੇ ਵਪਾਰੀ ਬਿਰਤੀ ਵਾਲੇ ਨੇਤਾਵਾਂ ਦੇ ਇਸ ਦੌਰ ਵਿੱਚ ਸੱਤਾ ’ਤੇ ਕਾਬਜ਼ ਹੋਣਾ ਕੋਈ ਔਖੀ ਗੱਲ ਨਹੀਂ ਹੈ। ਸੋ, ਇਹੀ ਲੋਕ ਦੁਬਾਰਾ ਸੱਤਾ ਵਿੱਚ ਆ ਸਕਦੇ ਹਨ ਪਰ ਇਤਿਹਾਸ ਨੇ ਇੱਕ ਵਾਰ ਤਾਂ ਇਨ੍ਹਾਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ। ਹੁਣ ਪੰਥ ਹਿਤੈਸ਼ੀਆਂ ਲਈ ਸੋਚਣ ਵਾਲੀ ਗੱਲ ਹੈ ਕਿ ਅਕਾਲੀ ਦਲ ਨੂੰ ਪਰਿਵਾਰਵਾਦ, ਵਿਅਕਤੀਵਾਦ, ਵਪਾਰਵਾਦ ਅਤੇ ਮਨਮਤ ਦੀ ਜਿੱਲਣ ਵਿੱਚੋਂ ਕੱਢ ਕੇ ਟਕਸਾਲੀ ਅਕਾਲੀ ਦਲ ਦੀ ਵਿਚਾਰਧਾਰਾ ਦਾ ਹਾਣੀ ਕਿਵੇਂ ਬਣਾਉਣਾ ਹੈ।
ਦਰਸ਼ਨ ਸਿੰਘ ਭੁੱਲਰ, ਬਠਿੰਡਾ
ਵਡਿਆਈ ਤੋਂ ਸੰਕੋਚ
ਕੁਲਵਿੰਦਰ ਸਿੰਘ ਮਲੋਟ ਨੇ ‘ਆਪਣੀ ਡੁਗਡੁਗੀ’ (17 ਮਾਰਚ) ਰਾਹੀਂ ਅਜੋਕੇ ਵਰਤਾਰੇ ਨੂੰ ਬਾਖ਼ੂਬੀ ਬਿਆਨਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਕਿਸੇ ਦੀ ਸਫਲਤਾ ’ਤੇ ਉਸ ਦੀ ਵਡਿਆਈ ਦੇ ਚਾਰ ਸ਼ਬਦ ਕਹਿਣ ਤੋਂ ਸੰਕੋਚ ਕਰ ਜਾਂਦੇ ਹਾਂ। ਜੇਕਰ ਉਸ ਨੇ ਕੋਈ ਅਵੱਗਿਆ ਕੀਤੀ ਹੋਵੇ ਤਾਂ ਗਾਲੀ ਗਲੋਚ ਕਰਦੇ ਹਾਂ। ਇਹ ਆਮ ਵਰਤਾਰਾ ਬਣ ਚੁੱਕਾ ਹੈ; ਚਾਹੀਦਾ ਇਸ ਦੇ ਉਲਟ ਹੈ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਅਣ-ਲਿਖਿਆ ਅਤੇ ਅਣਬੋਲਿਆ
14 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਸੂਚਨਾ ਦੀ ਬੰਬਾਰੀ ਵਿੱਚ ਗਾਇਬ ਹੁੰਦਾ ਸੱਚ’ 21ਵੀਂ ਸਦੀ ਵਿੱਚ ਵਿਰਾਟ ਰੂਪ ਧਾਰਨ ਕਰ ਚੁੱਕੇ ਇਸ ਮੁੱਦੇ ’ਤੇ ਚਾਨਣਾ ਪਾਉਂਦਾ ਹੈ। ਅੱਜ ਤੋਂ ਤਿੰਨ ਦਹਾਕੇ ਪਹਿਲਾਂ ਕੇਵਲ ਸਰਕਾਰੀ ਸੱਚ ਹੀ ਆਮ ਲੋਕਾਂ ਲਈ ਜਾਣਕਾਰੀ ਦਾ ਸਰੋਤ ਹੁੰਦਾ ਸੀ, ਜੋ ਪਹਿਲਾਂ ਅਖ਼ਬਾਰਾਂ ਤੇ ਰੇਡੀਓ ਰਾਹੀਂ ਅਤੇ ਫਿਰ ਟੈਲੀਵਿਜ਼ਨ ਰਾਹੀਂ ਕਿਸੇ ਵੀ ਮੁੱਦੇ ’ਤੇ ਸਮਝ ਬਣਾਉਣ ਲਈ ਅਹਿਮ ਰੋਲ ਅਦਾ ਕਰਦਾ ਸੀ। ਅੱਜ ਸਾਡੇ ਸਾਹਮਣੇ ਅਨੇਕਾਂ ਸੱਚ ਹਨ, ਜਿਵੇਂ ਸੱਤਾਧਿਰ ਦੇ ਬਰਾਬਰ ਵਿਰੋਧੀ ਰਾਜਨੀਤਕ ਪਾਰਟੀਆਂ ਦਾ ਸੱਚ, ਵਿਕਸਤ ਦੇਸ਼ਾਂ ਦੇ ਮੁਕਾਬਲੇ ਵਿਕਾਸਸ਼ੀਲ ਦੇਸ਼ਾਂ ਦਾ ਸੱਚ, ਅਮੀਰ ਤੇ ਗ਼ਰੀਬ ਦਾ ਸੱਚ, ਆਮ ਆਦਮੀ ਬਨਾਮ ਕਾਰਪੋਰੇਟ ਘਰਾਣਿਆਂ ਦੇ ਮੀਡੀਆ ਦਾ ਸੱਚ। ਸੱਚਮੁੱਚ ਅੱਜ ਸਾਡੇ ਸਾਹਮਣੇ ਮਸਨੂਈ ਬੁੱਧੀ ਨਾਲ ਲੈਸ ਸੱਚਾਂ ਦਾ ਹੜ੍ਹ ਆ ਗਿਆ ਹੈ। ਇੰਨੇ ਸੱਚਾਂ ਦੀ ਹਕੀਕਤ ਬਾਰੇ ਜਾਣਨ ਲਈ ਸਾਡਾ ਹੁਣ ਕੇਵਲ ਸਾਖਰ ਹੋਣ ਨਾਲ ਕੰਮ ਨਹੀਂ ਚੱਲਣਾ, ਸਾਨੂੰ ‘ਮੀਡੀਆ ਸਾਖਰਤਾ’ ਵੱਲ ਕਦਮ ਚੁੱਕਣੇ ਪੈਣੇ ਹਨ ਤਾਂ ਜੋ ਅਸੀਂ ਲਿਖੇ ਵਿੱਚੋਂ ਅਣ-ਲਿਖਿਆ, ਬੋਲਣ ਵਿੱਚ ਅਣਬੋਲਿਆ ਅਤੇ ਤਸਵੀਰ ਵਿੱਚੋਂ ਲੁਕਾਇਆ ਸਮਝ ਸਕੀਏ।
ਨਵਲੀਸ਼ ਬਿਲਿੰਗ, ਚੰਡੀਗੜ੍ਹ
ਮਜ਼ਬੂਤ ਸਮਾਜ ਦੀ ਸਿਰਜਣਾ
11 ਮਾਰਚ ਦੇ ਨਜ਼ਰੀਆ ਪੰਨੇ ’ਤੇ ਜਗਦੀਸ਼ ਕੌਰ ਮਾਨ ਦਾ ਲੇਖ ‘ਬਰਕਤਾਂ’ ਉਨ੍ਹਾਂ ਲੋਕਾਂ ਲਈ ਸਿੱਖਿਆ ਸ੍ਰੋਤ ਹੈ ਜਿਹੜੇ ਅੱਜ ਦੇ ਆਧੁਨਿਕ ਯੁੱਗ ਵਿੱਚ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਹਨ। ਔਰਤ ਤੋਂ ਬਿਨਾਂ ਘਰ ਅਧੂਰਾ ਹੈ। ਜਿਸ ਘਰ ਵਿੱਚ ਆਪਸੀ ਪਿਆਰ ਹੈ, ਉਹੀ ਘਰ ਅੱਗੇ ਵਧ ਸਕਦਾ ਹੈ। ਉਸ ਘਰ ਦੇ ਬੱਚੇ ਆਪਣੇ ਮਾਂ-ਬਾਪ ਤੋਂ ਸੇਧ ਲੈ ਕੇ ਅਗਾਂਹ ਚੰਗਾ ਪਰਿਵਾਰ ਬਣਾਉਂਦੇ ਹਨ ਤੇ ਮਜ਼ਬੂਤ ਸਮਾਜ ਦੀ ਸਿਰਜਣਾ ਕਰਦੇ ਹਨ। ਇਹ ਠੀਕ ਹੈ ਕਿ ਪੜ੍ਹੀ ਲਿਖੀ ਔਰਤ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਵਧੀਆ ਸੇਧ ਦੇ ਸਕਦੀ ਹੈ ਪਰ ਅਨਪੜ੍ਹ ਪਰ ਸਿਆਣੀ ਔਰਤ ਵੀ ਆਪਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਘਰ ਨੂੰ ਖੁਸ਼ਹਾਲ ਬਣਾ ਸਕਦੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਲੜਕੀਆਂ ਲਈ ਕੋਈ ਲੋਰੀ ਨਹੀਂ...
8 ਮਾਰਚ ਦੇ ਅੰਕ ਵਿੱਚ ਡਾ. ਕੰਵਲਜੀਤ ਕੌਰ ਢਿੱਲੋਂ, ਕੰਵਲਜੀਤ ਕੌਰ ਗਿੱਲ, ਡਾ. ਇੰਦਰਜੀਤ ਕੌਰ, ਅਮੋਲਕ ਸਿੰਘ ਅਤੇ ਜੀਕੇ ਸਿੰਘ ਦੇ ਤੱਥ ਭਰਪੂਰ, ਗਿਆਨ ਵਰਧਕ ਅਤੇ ਝੰਜੋੜਨ ਵਾਲੇ ਲੇਖ ਪੜ੍ਹੇ। ਇਹ ਗੱਲ ਹੈਰਾਨ ਨਹੀਂ ਕਰਦੀ ਕਿ ਲੋਕ ਸਾਹਿਤ ਵਿੱਚ ਲੜਕੀਆਂ ਲਈ ਕੋਈ ਲੋਰੀ ਨਹੀਂ ਹੈ। ਸਮਾਜ ਦੀ ਬਣਤਰ ਅਤੇ ਬਹੁ-ਗਿਣਤੀ ਲੋਕਾਂ ਦੀ ਮਾਨਸਿਕਤਾ ਹੀ ਅਜਿਹੀ ਹੈ। ਸਮਾਜ ਦੀਆਂ ਅਨੇਕ ਪਰਤਾਂ ਹਨ। ਇਨ੍ਹਾਂ ਪਰਤਾਂ ਵਿੱਚ ਹੀ ਸਮਾਜ ਦਾ ਦੋਗਲਾਪਨ ਤੇ ਦਾਬਾ ਛੁਪਿਆ ਹੁੰਦਾ ਹੈ ਜਿਸ ਨੂੰ ਅਸੀਂ ਅਰਥਹੀਣ ਕਹਿ ਕੇ ਛੱਡ ਨਹੀਂ ਸਕਦੇ। ਇਹ ਲਗਾਤਾਰ ਤੇ ਬਾਰੰਬਾਰ ਸਾਡੀ ਸੋਚ ਘੜਦਾ ਹੈ। ਬਹੁਤ ਵਾਰੀ ਅਸੀਂ ਸਭ ਕੁਝ ਸਮਝਣ ਬਾਅਦ ਵੀ ਮੁੜ ਉਸ ਦੀ ਜਕੜ ਵਿੱਚ ਆ ਕੇ ਅਮਾਨਵੀ ਕਦਰਾਂ-ਕੀਮਤਾਂ ਦਾ ਗੁਣਗਾਨ ਕਰਨ ਲੱਗਦੇ ਹਾਂ। ਇਸੇ ਲਈ ਚੰਗੇ ਸਾਹਿਤ ਦੀ ਵਾਰ-ਵਾਰ ਪੜ੍ਹਤ ਅਤੇ ਚੰਗੇ ਰੌਸ਼ਨ ਦਿਮਾਗ ਇਨਸਾਨਾਂ ਦੀ ਲਗਾਤਾਰ ਸੰਗਤ ਦੀ ਲੋੜ ਹਮੇਸ਼ਾ ਦਰਕਾਰ ਹੁੰਦੀ ਹੈ। ਜਦੋਂ ਤੱਕ ਅਸੀਂ ਪਿਤਰਕੀ ਸੋਚ ਵਿੱਚੋਂ ਬਾਹਰ ਨਹੀਂ ਆਉਂਦੇ, ਕੁਝ ਨਹੀਂ ਬਦਲਣਾ। ਮਰਦ ਜਾਂ ਪਰਿਵਾਰ, ਆਪਣੀ ਪਛਾਣ ਕਾਇਮ ਰੱਖਣ ਲਈ ਲੜਕਾ ਚਾਹੁੰਦਾ ਕਿਉਂਕਿ ਉਸ ਨੇ ਘਰ ਚਲਾਉਣਾ, ਵਧਾਉਣਾ। ਇਹ ਗੱਲ ਕਿੰਨੀ ਵੀ ਬਨਾਵਟੀ ਹੋਵੇ, ਸਾਡੇ ਦਿਮਾਗਾਂ ਵਿੱਚ ਡੂੰਘੀ ਧਸੀ ਹੋਈ ਹੈ। ਇਹ ਅਜਿਹਾ ਟੇਢਾ ਬਿਰਤਾਂਤ ਹੈ ਜੋ ਔਰਤ ਵਿਰੋਧੀ ਹੈ। ਇਸ ਬਿਰਤਾਂਤ ਵਿੱਚ ਮਹਿਲਾ ‘ਅਬਲਾ’ ਦਾ ਦਰਜਾ ਹਾਸਿਲ ਕਰਦੀ ਹੈ, ਜਿਸ ਕੋਲ ਕੋਈ ਬਲ ਨਹੀਂ, ਜਾਂ ਸਰੀਰਕ ਤੌਰ ’ਤੇ ਕਮਜ਼ੋਰ ਹੈ। ਸਮਾਜ ਵਿੱਚ ‘ਸਵੀਕ੍ਰਿਤੀ’ (ਜੋ ਉਸ ਦੇ ‘ਮਾਣ’ ਦਾ ਕਾਰਨ ਵੀ ਬਣਦਾ ਹੈ) ਹਾਸਿਲ ਕਰਨ ਲਈ ਔਰਤ ਵੀ ਇਸ ਬਿਰਤਾਂਤ ਵਿੱਚ ਭਾਗੀਦਾਰ ਬਣਦੀ ਹੈ, ਇਸ ਦਾ ਪ੍ਰਚਾਰ ਕਰਦੀ ਹੈ, ਅਗਾਂਹ ਆਪਣੀਆਂ ਧੀਆਂ ਨੂੰ ਵੀ ਇਸੇ ਬਿਰਤਾਂਤ ਦੇ ਜਾਇਜ਼ ਹੋਣ ਬਾਰੇ, ਪੂਰੇ ‘ਭਰੋਸੇ’ ਨਾਲ ਯਕੀਨ ਦਿਵਾਉਂਦੀ ਹੈ। ਇਹ ਪੈਰੀਂ ਕੁਹਾੜਾ ਹੀ ਮਾਰਿਆ ਹੁੰਦਾ ਪਰ ਉਸ ਨੂੰ ਖ਼ੁਦ ਇਸ ਗੱਲ ਦਾ ਪਤਾ ਨਹੀਂ ਹੁੰਦਾ। ਚਿੰਤਨ ਦੀ ਪਰਿਭਾਸ਼ਾ ਵਿੱਚ ਇਸ ਨੂੰ ਨੌਰਮੈਟਿਵ ਕਨਫੌਰਮਿਟੀ (Normative Conformity) ਆਖਦੇ ਹਨ; ਭਾਵ, ਸਮਾਜ ਦੀਆਂ ਕਦਰਾਂ-ਕੀਮਤਾਂ ਅਨੁਸਾਰ ਚੱਲ ਕੇ ਹੀ ਔਰਤ ਸਮਾਜ ਵਿੱਚ ਮਾਨਤਾ ਹਾਸਿਲ ਕਰਦੀ ਹੈ। ਨਹੀਂ ਤਾਂ, ਇਤਿਹਾਸ ਖ਼ਾਸ ਕਰ ਕੇ ਪੱਛਮ ਦਾ, ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਸਮਾਜ ਵਿਰੁੱਧ ਬਗ਼ਾਵਤ ਕਰਨ ਵਾਲੀਆਂ ਨੂੰ ਕਿਵੇਂ ਕੋਹ-ਕੋਹ ਕੇ ਮਾਰਿਆ ਗਿਆ। ਭਾਰਤ ਵਿੱਚ ਸਵਿਤਰੀ ਬਾਈ ਫੂਲੇ ਦਾ ਨਾਮ ਕੌਣ ਨਹੀਂ ਜਾਣਦਾ? ਮਹਾਰਾਜਾ ਦਲੀਪ ਸਿੰਘ ਦੀਆਂ ਧੀਆਂ ਬੰਬਾ ਅਤੇ ਸੋਫ਼ੀਆ ਨੇ ਬਰਤਾਨੀਆ ਵਿੱਚ ‘ਸਫਰੇਜ’ ਭਾਵ ਔਰਤਾਂ ਦੇ ਵੋਟ ਦੇ ਹੱਕ ਲਈ ਧਰਨੇ ਲਗਾਏ ਸਨ। ਇਨ੍ਹਾਂ ਬਹਾਦਰ ਔਰਤਾਂ ਕਰ ਕੇ ਹੀ ਅੱਜ ਔਰਤ ਮੁੜ ਆਪਣੇ ਪੈਰਾਂ ’ਤੇ ਖੜ੍ਹਨ ਜੋਗੀ ਹੋਈ ਹੈ ਪਰ ਸਮਾਜ ਦੀ ਮਾਨਸਿਕਤਾ ਬਦਲੇ ਬਿਨਾਂ ਔਰਤ ਦੇ ਭਲਾ ਨਹੀਂ ਹੋਣਾ। ਔਰਤ ਪ੍ਰਤੀ ਸੋਚ ਨਾ ਕਿਸੇ ਦੇ ਕਹਿਣ ਅਤੇ ਨਾ ਕਾਨੂੰਨਾਂ ਲਾਲ ਬਦਲਣੀ ਹੈ; ਇਸ ਲਈ ਵੱਡੇ ਸੰਘਰਸ਼ ਦੀ ਲੋੜ ਹੈ, ਸਮਝ ਤੇ ਸੰਵੇਦਨਾ ਤੋਂ ਕੰਮ ਲੈਣ ਦੀ ਲੋੜ ਹੈ। ਜਦੋਂ ਤੱਕ ਸਾਡੇ ਅੰਦਰ ਬਾਰੀਕ ਹਿੰਸਾ ਪਈ ਹੈ, ਰਵਾਇਤੀ ਮਾਨਸਿਕਤਾ ਜਿਊਂਦੀ ਰਹੇਗੀ, ਤਦ ਤੱਕ ‘ਮਹਿਲਾ ਦਿਵਸ’ ਮਨਾਇਆ ਜਾਂਦਾ ਰਹੇਗਾ। ਸੱਚਮੁੱਚ ਦੀ ਸਮਾਨਤਾ ਹਾਸਿਲ ਹੋਣ ’ਤੇ ਹੀ ਅਜਿਹੇ ਦਿਨਾਂ ਦੀ ਸਾਰਥਿਕਤਾ ਖ਼ਤਮ ਹੋਵੇਗੀ।
ਐੱਚਐੱਸ ਡਿੰਪਲ, ਜਗਰਾਉਂ (ਲੁਧਿਆਣਾ)