ਪਾਠਕਾਂ ਦੇ ਖ਼ਤ
ਸ਼ਬਦਾਂ ਦਾ ਗੇੜ
4 ਜਨਵਰੀ ਦੇ ਅੰਕ ਦੇ ਆਖ਼ਿਰੀ ਪੰਨੇ ’ਤੇ ਖ਼ਬਰ ਛਪੀ ਹੈ- ‘ਆਪ’ ਨੇ ਦਿੱਲੀ ਨੂੰ ‘ਆਪਦਾ’ ਵੱਲ ਧੱਕਿਆ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦ ਹਨ ਜੋ ਆਪਣੇ ਭਾਸ਼ਣਾਂ ਅਤੇ ਸ਼ਬਦਾਵਲੀ ਦੇ ਮਾਮਲੇ ਵਿੱਚ ਹੋਰ ਸਭ ਨਾਲੋਂ ਅੱਗੇ ਹਨ। ‘ਆਪਦਾ’ ਸ਼ਬਦ ਆਫ਼ਤ/ਬਿਪਤਾ ਦੇ ਸਮਾਨਾਰਥਕ ਹੈ। ਦਿੱਲੀ ਤੋਂ ਸ਼ੁਰੂ ਹੋ ਕੇ ‘ਆਪ’ ਕੌਮੀ ਪਾਰਟੀ ਦਾ ਰੂਪ ਧਾਰ ਗਈ ਪਰ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਕੇਂਦਰ ਸਰਕਾਰ ਨੇ ਲੈਫ਼ਟੀਨੈਂਟ ਗਵਰਨਰ ਰਾਹੀਂ ਵਿਰੋਧੀ ਸਰਕਾਰ ਨੂੰ ਜਿੰਨਾ ਤੰਗ ਕੀਤਾ ਜਾ ਸਕਦਾ ਸੀ, ਕੀਤਾ। ਭਾਰਤ ਦੇ ਫੈਡਰਲ ਢਾਂਚੇ ਦੇ ਵਿਰੋਧ ਵਿੱਚ ਭਾਜਪਾ ਨੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ ਹੈ। ਕੇਂਦਰ ਸਰਕਾਰ ਵਿੱਚ ਹੁਣ ਭਾਜਪਾ ਦੀ ਤੀਜੀ ਪਾਰੀ ਚੱਲ ਰਹੀ ਹੈ। ਕਾਂਗਰਸ ਪਾਰਟੀ ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਭਾਜਪਾ ਦਾ ਕੁਝ ਵੀ ਵਿਗਾੜ ਨਹੀਂ ਸਕੀ। ਦੇਖਦੇ ਹਾਂ ਕਿ ‘ਆਪ’ ਭਾਜਪਾ ਲਈ ਸਚਮੁੱਚ ‘ਆਪਦਾ’ ਬਣ ਕੇ ਨਿਤਰੇਗੀ ਕਿ ਨਹੀਂ। 31 ਦਸੰਬਰ 2024 ਦੇ ਆਖ਼ਿਰੀ ਸੰਪਾਦਕੀ ‘ਪੰਜਾਬ ਬੰਦ ਦਾ ਅਸਰ’ ਅਤੇ ‘ਯਾਦਗਾਰ ਸਬੰਧੀ ਵਿਵਾਦ’ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਅਤੇ ਰਾਜਨੀਤੀ ਦੇ ਗਿਰਦੇ ਮਿਆਰ ਦੀ ਨਿਸ਼ਾਨਦੇਹੀ ਕਰਦੇ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਗੱਲਾਂ ਦੀਆਂ ਗੱਲਾਂ
7 ਜਨਵਰੀ ਨੂੰ ਡਾ. ਹੀਰਾ ਸਿੰਘ ਭੂਪਾਲ ਦਾ ਮਿਡਲ ‘ਗੱਲਾਂ ਗੱਲਾਂ ਵਿੱਚ’ ਵਧੀਆ ਲੱਗਿਆ। ਲੇਖਕ ਨੇ ਜਿਸ ਤਰ੍ਹਾਂ ਆਪਣੇ ਪਿਤਾ ਨੂੰ ਗੱਲਾਂ-ਗੱਲਾਂ ਵਿੱਚ ਅਤੀਤ ਬਾਰੇ ਪੁੱਛਿਆ ਤੇ ਪਿਤਾ ਨੇ ਆਪਣੇ ਬੀਤੇ ਪਲਾਂ ਨੂੰ ਸਿਮਰਤੀਆਂ ਵਿੱਚ ਚਿਤਵਦਿਆਂ ਖੁੱਲ੍ਹ ਕੇ ਗੱਲਾਂ ਕੀਤੀਆਂ, ਇਹ ਉਨ੍ਹਾਂ ਗੱਲਾਂ ਦਾ ਹੀ ਅਸਰ ਸੀ ਕਿ ਉਹ ਹਸਪਤਾਲ ਦੇ ਸੋਗੀ ਮਾਹੌਲ ਵਿੱਚ ਵੀ ਮਾਨਸਿਕ ਤੌਰ ’ਤੇ ਆਸ਼ਾਵਾਦੀ ਹੋ ਜਾਂਦੇ ਹਨ ਅਤੇ ਹਰ ਚੁਣੌਤੀ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਹਨ। ਅੱਜ ਕੱਲ੍ਹ ਗੱਲਾਂ ਕਰਨ ਦਾ ਰੁਝਾਨ ਖ਼ਤਮ ਹੋਣ ਕਰ ਕੇ ਹੀ ਬੰਦਾ ਅੰਦਰੋ-ਅੰਦਰੀ ਬਹੁਤ ਸਾਰੀਆਂ ਸਮੱਸਿਆਵਾਂ ਅਤੇ ਦੁੱਖਾਂ ਦਾ ਸ਼ਿਕਾਰ ਹੋ ਰਿਹਾ ਹੈ।
ਸੁਖਵਿੰਦਰ, ਪਟਿਆਲਾ
(2)
7 ਜਨਵਰੀ ਨੂੰ ਡਾ. ਹੀਰਾ ਸਿੰਘ ਭੂਪਾਲ ਦਾ ਮਿਡਲ ‘ਗੱਲਾਂ ਗੱਲਾਂ ਵਿੱਚ’ ਮਾਪਿਆਂ ਦੇ ਮੋਹ ਦੀ ਝਲਕ ਪੇਸ਼ ਕਰਦਾ ਹੈ। ਜਦੋਂ ਮਾਪੇ ਦੁੱਖ ਤਕਲੀਫ਼ ਵਿੱਚੋਂ ਗੁਜ਼ਰਦੇ ਹਨ ਤਾਂ ਉਨ੍ਹਾਂ ਨੂੰ ਅੱਖੋਂ ਓਹਲੇ ਕਰਨ ਦੀ ਬਜਾਇ ਉਨ੍ਹਾਂ ਨਾਲ ਦਿਲ ਤੋਂ ਸਾਂਝ ਪਾ ਕੇ ਉਨ੍ਹਾਂ ਦੇ ਮਨ ਅੰਦਰ ਦੱਬੇ ਜਜ਼ਬਾਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਮਾਪਿਆਂ ਦੀ ਤਕਲੀਫ਼ ਨੂੰ ਘਟਾ ਸਕਦੇ ਹਾਂ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)
ਨਸ਼ਿਆਂ ਖ਼ਿਲਾਫ਼ ਸਾਂਝੇ ਯਤਨ
7 ਜਨਵਰੀ ਦਾ ਸੰਪਾਦਕੀ ‘ਨਸ਼ਿਆਂ ਖ਼ਿਲਾਫ਼ ਨੀਤੀ’ ਪੜ੍ਹ ਕੇ ਜਾਣਕਾਰੀ ਮਿਲੀ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਨਵੀਂ ਨੀਤੀ ਤਿਆਰ ਕਰ ਰਹੀ ਹੈ। ਇਸ ਦਾ ਸਵਾਗਤ ਕਰਨਾ ਬਣਦਾ ਹੈ ਪਰ ਨਸ਼ਿਆਂ ਤੋਂ ਮੁਕਤੀ ਲਈ ਸਾਨੂੰ ਸਾਂਝੇ ਤੌਰ ’ਤੇ ਵੱਡੇ ਯਤਨਾਂ ਦੀ ਲੋੜ ਹੈ ਜਿਸ ਵਿੱਚ ਆਮ ਲੋਕਾਂ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਅਤੇ ਜਨਤਕ ਸੰਸਥਾਵਾਂ ਦੀ ਸ਼ਮੂਲੀਅਤ ਯਕੀਨੀ ਹੋਵੇ।
ਅਮਨਦੀਪ ਦਰਦੀ, ਅਹਿਮਦਗੜ੍ਹ
ਹੁਕਮਨਾਮਿਆਂ ਬਾਰੇ
6 ਜਨਵਰੀ ਦੇ ‘ਵਿਰਾਸਤ’ ਪੰਨੇ ’ਤੇ ਗੁਰਮੇਲ ਸਿੰਘ ਗਿੱਲ ਦੇ ਲੇਖ ‘ਗੁਰੂ ਗੋਬਿੰਦ ਸਿੰਘ ਦਾ ਕਵੀਆਂ ਤੇ ਸੂਫ਼ੀਆਂ ਨਾਲ ਮੋਹ’ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਤਖਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ ਲਾ ਕੇ ਹੁਕਮਨਾਮੇ ਜਾਰੀ ਕਰਨ ਦਾ ਜ਼ਿਕਰ ਹੈ। ‘ਹੁਕਮਨਾਮੇ ਗੁਰੂ ਸਾਹਿਬਾਨ, ਮਾਤਾ ਸਹਿਬਾਨ, ਬੰਦਾ ਸਿੰਘ ਅਤੇ ਖ਼ਾਲਸਾ ਜੀ ਦੇ’ ਸੰਪਾਦਕ ਗੰਡਾ ਸਿੰਘ ਪੜ੍ਹਦਿਆਂ ਗੁਰੂ ਜੀ ਦਾ ਲਿਖਿਆ ਤਖਤ ਸ੍ਰੀ ਦਮਦਮਾ ਸਾਹਿਬ ਦੀ ਮੋਹਰ ਵਾਲਾ ਇੱਕ ਵੀ ਹੁਕਮਨਾਮਾ ਨਹੀਂ ਲੱਭਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮਿਆਂ ਦੀ ਸ਼ੁਰੂਆਤ ਅਕਸਰ ‘ਗੁਰੂ ਜੀ ਦਾ ਨਿਸ਼ਾਣ ਤੇ (ਗੁਰੂ ਜੀ ਦੀ ਸੰਖੇਪ) ਲਿਖਤ’ ਨਾਲ ਹੁੰਦੀ ਹੈ। ਬਾਅਦ ਵਿੱਚ ਲਿਖਾਰੀ ਦੀ ਲਿਖਤ ਨਾਲ ਸਾਰਾ ਹੁਕਮਨਾਮਾ ਲਿਖਿਆ ਮਿਲਦਾ ਹੈ। ਮੋਹਰ ਦੀ ਵਰਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮਨਾਮਿਆਂ ਵਿੱਚ ਹੋਈ ਹੈ। ਬਾਬਾ ਜੀ ਦੀ ਮੋਹਰ ਦੇ ਸ਼ਬਦ ‘ਦੇਗੋ ਤੇਗ਼ੋ ਫ਼ਤਹਿ ਉ ਨੁਸਰਤ ਬੇ-ਦਿਰੰਗ, ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ’ ਹਨ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਭਾਵੁਕ ਕਰਨ ਵਾਲੀ ਰਚਨਾ
3 ਜਨਵਰੀ ਨੂੰ ਡਾ. ਬਿਹਾਰੀ ਮੰਡੇਰ ਦਾ ਲੇਖ ’30 ਰੁਪਏ ਵਾਲਾ ਬਰਗਰ’ ਭਾਵੁਕ ਕਰ ਗਿਆ। ਅਤੀਤ ਵਿੱਚ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਹਨ ਜੋ ਸਾਨੂੰ ਕਿਸੇ ਪ੍ਰਤੀ ਮਾੜਾ ਸੋਚਣ ਲਈ ਮਜਬੂਰ ਕਰਦੀਆਂ ਹਨ। ਕਈ ਵਾਰ ਛੋਟੀਆਂ-ਮੋਟੀਆਂ ਰੰਜਿਸ਼ਾਂ ਲੜਾਈ ਦਾ ਵੱਡਾ ਰੂਪ ਅਖ਼ਤਿਆਰ ਕਰ ਲੈਂਦੀਆਂ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਰੰਜਿਸ਼ਾਂ ਅਤੇ ਨਫ਼ਰਤ ਵਿੱਚ ਆਦਮੀ ਖ਼ੁਦ ਸੜਦਾ ਹੈ, ਨਾਲੇ ਸਮਾਜ ਨੂੰ ਬੁਰਾ ਭਲਾ ਕਹਿੰਦਾ ਹੈ। ਲੇਖ ਸਾਨੂੰ ਇਹ ਸਿੱਖਿਆ ਦੇ ਗਿਆ ਕਿ ਰੰਜਿਸ਼ਾਂ ਤਿਆਗ ਕੇ ਮਿਲ ਜੁਲ ਕੇ ਰਹਿਣਾ ਚਾਹੀਦਾ। ਵੱਡੀ ਗੱਲ ਇਹ ਕਿ ਬੱਚਿਆਂ ਦੀ ਲੜਾਈ ਵਿੱਚ ਮਾਪਿਆਂ ਨੂੰ ਮੋਹਰੀ ਹੋ ਕੇ ਲੜਾਈ ਦੀ ਅੱਗ ਵਿੱਚ ਨਹੀਂ ਕੁੱਦਣਾ ਚਾਹੀਦਾ।
ਅਨਿਲ ਕੁਮਾਰ ਬੱਗਾ, ਕੋਟਕਪੂਰਾ
ਬੇਚੈਨ ਕਰਦੀ ਦਾਸਤਾਨ
ਡਾ. ਗੁਰਤੇਜ ਸਿੰਘ ਦਾ ਮਿਡਲ ‘ਬੇਚੈਨ ਕਰਦੀ ਦਾਸਤਾਨ’ (2 ਜਨਵਰੀ) ਸਚਮੁੱਚ ਮਨ ਨੂੰ ਬੇਚੈਨ ਕਰ ਗਿਆ। ਆਰਕੈਸਟਰਾ ਲੜਕੀ ਦੀ ਮਜਬੂਰੀ ਦਾ ਵਰਨਣ ਦਿਲ ਨੂੰ ਝੰਜੋੜਨ ਵਾਲਾ ਹੈ। ਸਚਮੁੱਚ ਇਨ੍ਹਾਂ ਕਲਾਕਾਰਾਂ ਦਾ ਜੀਵਨ ਸੰਘਰਸ਼ ਭਰਿਆ ਹੁੰਦਾ ਹੈ।
ਸੁਖਵਿੰਦਰ ਸਿੰਘ, ਸਮਰਾਲਾ (ਲੁਧਿਆਣਾ)
(2)
2 ਜਨਵਰੀ ਨੂੰ ਛਪੀ ਰਚਨਾ ‘ਬੇਚੈਨ ਕਰਦੀ ਦਾਸਤਾਨ’ ਵਿੱਚ ਡਾ. ਗੁਰਤੇਜ ਸਿੰਘ ਨੇ ਅਜੋਕੇ ਪੰਜਾਬੀ ਸੱਭਿਆਚਾਰ ਦੇ ਅਖੌਤੀ ਰਾਖਿਆਂ ਦੇ ਮੂੰਹ ’ਤੇ ਕਰਾਰੀ ਚਪੇੜ ਮਾਰੀ ਹੈ। ਕਿਸੇ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਨਹੀਂ ਉਠਾਉਣਾ ਚਾਹੀਦਾ।
ਤਰਸੇਮ ਸਹਿਗਲ, ਪਿੰਡ ਮਹੈਣ (ਸ੍ਰੀ ਆਨੰਦਪੁਰ ਸਾਹਿਬ)
ਵੰਡ ਦਾ ਸੰਤਾਪ
17 ਦਸੰਬਰ ਦੇ ਅੰਕ ਵਿੱਚ ਨਜ਼ਰੀਆ ਪੰਨੇ ਉੱਤੇ ਇਕਬਾਲ ਸਿੰਘ ਹਮਜਾਪੁਰ ਦਾ ਲੇਖ ‘ਸਾਹਾਂ ਵਿੱਚ ਵਸਦਾ ਚੱਕ 484’ ਪੜ੍ਹਿਆ। 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ ਅਤੇ ਦੋਹਾਂ ਪਾਸੀਂ ਲੋਕਾਂ ਨੇ ਇਸ ਉਜਾੜੇ ਦਾ ਸੰਤਾਪ ਭੋਗਿਆ। ਚਿਰਾਂ ਤੋਂ ਪਿਆਰ-ਮੁਹੱਬਤ ਨਾਲ ਇਕੱਠੇ ਵਸਦੇ ਲੋਕ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੋ ਗਏ। ਇਸ ਕਤਲੇਆਮ ਵਿੱਚ ਲੱਖਾਂ ਜਾਨਾਂ ਮੌਤ ਦੇ ਮੂੰਹ ਜਾ ਪਈਆਂ। ਅੱਜ ਸਾਢੇ ਸੱਤ ਦਹਾਕਿਆਂ ਬਾਅਦ ਦੋਹਾਂ ਦੇਸ਼ਾਂ ਦੇ ਲੋਕ ਆਪਣੀ ਜਨਮ-ਭੂਮੀ ਦੇਖਣ ਅਤੇ ਵਿਛੜੇ ਮਿੱਤਰਾਂ-ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤਰਸਦੇ ਹਨ। ਕੁਝ ਲੋਕ ਤਾਂ ਵਿਛੋੜੇ ਦਾ ਦਰਦ ਆਪਣੇ ਦਿਲਾਂ ਵਿੱਚ ਲੈ ਕੇ ਸਦਾ ਲਈ ਚਲੇ ਗਏ। ਅੱਜ ਵੀ ਦੋਹਾਂ ਦੇਸ਼ਾਂ ਦੇ ਲੋਕ ਆਪਸ ਵਿੱਚ ਪਿਆਰ-ਮੁਹੱਬਤ ਨਾਲ ਰਹਿਣਾ ਚਾਹੁੰਦੇ ਹਨ। ਕਾਸ਼! ਇਹ ਹੱਦਾਂ-ਬੰਨੇ ਖ਼ਤਮ ਹੋ ਜਾਣ।
ਬੂਟਾ ਸਿੰਘ, ਚਤਾਮਲਾ (ਰੂਪਨਗਰ)