ਪਾਕਿ ਤੋਂ ਡਰੋਨ ਰਾਹੀਂ ਮੰਗਵਾਈ ਹੈਰੋਇਨ ਬਰਾਮਦ, ਇੱਕ ਗ੍ਰਿਫ਼ਤਾਰ
ਐਨਪੀ ਧਵਨ
ਪਠਾਨਕੋਟ, 15 ਅਪਰੈਲ
ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਉਝ ਦਰਿਆ ਦੇ ਪੁਲ ਥੱਲੇ ਲੁਕੋ ਕੇ ਰੱਖੀ 260 ਗਰਾਮ ਹੈਰੋਇਨ ਨੂੰ ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਬਰਾਮਦ ਕਰ ਲਿਆ ਹੈ। ਇਹ ਬਰਾਮਦਗੀ ਮੁਲਜ਼ਮ ਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਠੇਠਰਕੇ ਖੁਰਦ, ਡੇਰਾ ਬਾਬਾ ਨਾਨਕ (ਜ਼ਿਲ੍ਹਾ ਗੁਰਦਾਸਪੁਰ) ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਹੈ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਮੁਲਜ਼ਮ ਭੁਪਿੰਦਰ ਸਿੰਘ ਜੋ ਹਵਾਲਾਤ ਥਾਣੇ ਵਿੱਚ ਬੰਦ ਹੈ, ਨੂੰ ਪੁੱਛਗਿੱਛ ਲਈ ਬਾਹਰ ਲਿਆਂਦਾ ਤਾਂ ਉਸ ਨੇ ਦੱਸਿਆ ਕਿ ਉਹ ਹੈਰੋਇਨ ਦੀਆਂ ਖੇਪਾਂ ਡਰੋਨ ਰਾਹੀਂ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਅਤੇ ਪਾਕਿਸਤਾਨ ਤੋਂ ਖਾਨ ਨਾਂ ਦੇ ਵਿਅਕਤੀ ਨਾਲ ਉਸ ਦਾ ਸਾਥੀ ਲਾਲੂ ਵਾਸੀ ਪਾਖਰਪੁਰ ਤਲਵੰਡੀ, ਜ਼ਿਲ੍ਹਾ ਮਜੀਠਾ ਉਸ ਦੇ ਮੋਬਾਈਲ ’ਤੇ ਵਟਸਐਪ ਰਾਹੀਂ ਗੱਲਬਾਤ ਕਰਦਾ ਸੀ। ਉਹ ਆਪਣਾ ਮੋਬਾਈਲ ਲਾਲੂ ਨੂੰ ਦੇ ਕੇ ਮੁਹੰਮਦ ਸ਼ਰੀਫ ਵਾਸੀ ਦੋਸਤਪੁਰ, ਨੇੜੇ ਉਝ ਪੁਲ ਬਮਿਆਲ ਕੋਲ ਭੇਜ ਦਿੰਦਾ ਸੀ। ਇਸ ’ਤੇ ਮੁਹੰਮਦ ਸ਼ਰੀਫ ਅਤੇ ਲਾਲੂ ਫੋਨ ਤੋਂ ਲੋਕੇਸ਼ਨ ਭੇਜ ਕੇ ਮੁਹੰਮਦ ਸ਼ਰੀਫ ਦੇ ਘਰ ਕੋਲ ਉਝ ਦਰਿਆ ਦੇ ਨੇੜੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਲੈਂਦੇ ਸਨ। ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਡੀਐੱਸਪੀ ਸੁਖਜਿੰਦਰ ਸਿੰਘ ਥਾਪਰ ਨੇ ਇਸ ਦੀ ਪੁਸ਼ਟੀ ਕੀਤੀ।
ਤਿੰਨ ਕਿਲੋ ਹੈਰੋਇਨ ਸਣੇ ਕਾਬੂ
ਅੰਮ੍ਰਿਤਸਰ (ਟਨਸ): ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਤਰਸੇਮ ਸਿੰਘ ਉਰਫ ਸੇਮਾ ਵਾਸੀ ਪਿੰਡ ਰਤਨ ਕਲਾਂ ਵਜੋਂ ਹੋਈ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਤਿੰਨ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਤਰਸੇਮ ਸਿੰਘ ਅਤੇ ਉਸ ਦੇ ਪਿੰਡ ਦਾ ਇੱਕ ਹੋਰ ਵਿਅਕਤੀ ਹੈਰੋਇਨ ਮੰਗਵਾ ਕੇ ਅਗਾਂਹ ਸਪਲਾਈ ਕਰਦੇ ਹਨ। ਪੁਲੀਸ ਨੇ ਇਸ ਸਬੰਧੀ ਥਾਣਾ ਘਰਿੰਡਾ ਵਿੱਚ ਕੇਸ ਦਰਜ ਕੀਤਾ ਹੈ।