ਪਾਕਿਸਤਾਨ ਹਮਾਇਤੀ ਨਸ਼ਾ ਤਸਕਰ ਗਰੋਹ ਦਾ ਪਰਦਾਫ਼ਾਸ਼, 11 ਕਾਬੂ
ਆਤਿਸ਼ ਗੁਪਤਾ
ਚੰਡੀਗੜ੍ਹ, 24 ਮਾਰਚ
ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜਾਬ ਪੁਲੀਸ ਦੀ ਐਂਟੀ -ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੱਫ) ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਪਾਕਿਸਤਾਨ ਹਮਾਇਤੀ ਨਸ਼ਾ ਤਸਕਰ ਗਰੋਹ ਦਾ ਪਰਦਾਫ਼ਾਸ਼ ਕੀਤਾ। ਇਸ ਦੇ ਨਾਲ ਹੀ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚੋਂ ਪੰਜ ਨਸ਼ਾ ਤਸਕਰ ਹਨ, ਤਿੰਨ ਡਰੱਗ ਹਵਾਲਾ ਮਨੀ ਦੇ ਕੋਰੀਅਰ ਅਤੇ ਤਿੰਨ ਹਵਾਲਾ ਕਾਰੋਬਾਰ ਨਾਲ ਸਬੰਧਤ ਹਨ। ਪੁਲੀਸ ਵੱਲੋਂ 7 ਹੋਰਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਮੁਲਜ਼ਮਾਂ ਤੋਂ ਪੁਲੀਸ ਨੇ 372 ਗ੍ਰਾਮ ਸੋਨਾ, 4 ਲਗਜ਼ਰੀ ਗੱਡੀਆਂ ਤੇ 5 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕੀਤਾ ਹੈ। ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਦੀ ਪਛਾਣ ਹਰਜਿੰਦਰ ਸਿੰਘ, ਹਰਮਨਜੀਤ ਸਿੰਘ, ਸਾਗਰ, ਹਰਭੱਜ ਸਿੰਘ, ਸੌਰਵ, ਤਨੁਸ਼, ਹਰਮਿੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਲਵਦੀਪ ਸਿੰਘ ਵਾਸੀ ਬਟਾਲਾ ਵਜੋਂ ਹੋਈ ਹੈ। ਜਦੋਂਕਿ ਹਵਾਲਾ ਕਾਰੋਬਾਰੀਆਂ ਦੀ ਪਛਾਣ ਅਸ਼ੋਕ ਕੁਮਾਰ ਸ਼ਰਮਾ, ਰਾਜੇਸ਼ ਕੁਮਾਰ ਅਤੇ ਅਮਿਤ ਬਾਂਸਲ ਵਾਸੀ ਫਗਵਾੜਾ ਵਜੋਂ ਹੋਈ ਹੈ।
ਡੀਜੀਪੀ ਨੇ ਕਿਹਾ ਕਿ ਗਰੋਹ ਦਾ ਮਾਸਟਰਮਾਈਂਡ ਹਰਭੱਜ ਸਿੰਘ ਉਰਫ ਭੇਜਾ ਹੈ, ਜੋ ਕਿ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ। ਉਹ ਜੇਲ੍ਹ ਦੇ ਅੰਦਰੋਂ ਪਾਕਿਸਤਾਨੀ ਨਸ਼ਾ ਤਸਕਰ ਸ਼ਹਿਬਾਜ ਦੇ ਸੰਪਰਕ ਵਿੱਚ ਸੀ, ਜਿਸ ਨੂੰ ਜਨਵਰੀ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਉਸ ਦੀ ਪੁੱਛਗਿਛ ’ਤੇ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਤਸਕਰ ਸ਼ਹਿਬਾਜ ਨੂੰ ਫਰਵਰੀ 2021 ਵਿੱਚ ਭਾਰਤ ਆਉਣ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਰਿਹਾਅ ਹੋ ਕੇ ਪਾਕਿਸਤਾਨ ਚਲਾ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਹਰਭੱਜ ਸਿੰਘ ਅਤੇ ਹਰਮਨਜੀਤ ਉਰਫ ਹੈਰੀ ਦੀ ਜਾਣ-ਪਛਾਣ ਸ਼ਹਿਬਾਜ ਨਾਲ ਅੰਮ੍ਰਿਤਸਰ ਜੇਲ੍ਹ ਵਿੱਚ ਹੀ ਹੋਈ ਸੀ। ਸ੍ਰੀ ਯਾਦਵ ਨੇ ਕਿਹਾ ਕਿ ਮੁਲਜ਼ਮ ਹਰਮਨਜੀਤ ਅਤੇ ਹਰਮਿੰਦਰ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਕਿ ਉਹ ਪਾਕਿਸਤਾਨੀ ਤਸਕਰ ਸ਼ਹਿਬਾਜ ਦੇ ਨਿਰਦੇਸ਼ਾਂ ’ਤੇ ਡਰੱਗ ਮਨੀ ਜਮ੍ਹਾਂ ਕਰਵਾਉਣ ਲਈ ਫਗਵਾੜਾ ਸਥਿਤ ਮਨੀ ਐਕਸਚੇਂਜਰ ਦੀ ਵਰਤੋਂ ਕਰ ਰਹੇ ਸਨ। ਇਸੇ ਆਧਾਰ ’ਤੇ ਪੁਲੀਸ ਨੇ ਫਗਵਾੜਾ ਤੋਂ ਹਵਾਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।