ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਦੌਰਾਨ ਅਮਰੀਕੀ ਡਾਲਰ ਲਿਆਉਣ ਦੀ ਅਪੀਲ
ਜਸਪਾਲ ਸਿੰਘ ਸੰਧੂ
ਮੱਲਾਂਵਾਲਾ, 29 ਮਾਰਚ
ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਸਾਂਝੇ ਤੌਰ ’ਤੇ ਮਨਾਏ ਜਾ ਰਹੇ ਖਾਲਸਾ ਸਾਜਨਾ ਦਿਵਸ ਮੌਕੇ ਇਸ ਮੁਲਕ ਦੇ ਗੁਰਧਾਮਾਂ ਦੀ ਯਾਤਰਾ ਮੌਕੇ ਜਾਣ ਵਾਲੇ ਯਾਤਰੀਆਂ ਨੂੰ ਭਾਰਤੀ ਕਰੰਸੀ ਦੀ ਥਾਂ ਅਮਰੀਕੀ ਡਾਲਰ ਲਿਆਉਣ ਦੀ ਅਪੀਲ ਕੀਤੀ ਗਈ ਹੈ। ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਸੈਫ਼ ਉੱਲਾ ਖੋਖਰ ਨੇ ਕਿਹਾ ਕਿ ਸ਼ਰਧਾਲੂ ਆਪਣੇ ਨਾਲ ਪਾਕਿਸਤਾਨ ਆਉਣ ਮੌਕੇ ਪ੍ਰਤੀ ਯਾਤਰੀ ਦੇ ਹਿਸਾਬ ਨਾਲ ਬੱਸ ਯਾਤਰਾ ਖ਼ਰਚ ਲਈ ਭਾਰਤੀ ਕਰੰਸੀ ਦੀ ਥਾਂ 60 ਅਮਰੀਕੀ ਡਾਲਰ (ਪਾਕਿਸਤਾਨੀ ਕਰੰਸੀ ਮੁਤਾਬਕ 17,200 ਰੁਪਏ) ਲੈ ਕੇ ਆਉਣ।
ਉਨ੍ਹਾਂ ਕਿ ਭਾਰਤੀ ਰੁਪਏ ਦੀ ਕੀਮਤ ਪਾਕਿਸਤਾਨ ਵਿੱਚ ਵਧਦੀ-ਘਟਦੀ ਰਹਿੰਦੀ ਹੈ ਜਦੋਂਕਿ ਕੁਝ ਭਾਰਤੀ ਯਾਤਰੀ ਵਾਹਗਾ ਸਟੇਸ਼ਨ ’ਤੇ ਰੇਟ ਨੂੰ ਲੈ ਕੇ ਹਰ ਵਾਰ ਬਹਿਸ ਕਰਦੇ ਹਨ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਬੈਂਕਾਂ ਤੋਂ ਇਲਾਵਾ ਕਈ ਲੋਕ ਭਾਰਤੀ ਕਰੰਸੀ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਹਰ ਯਾਤਰੂ ਲਈ ਏਸੀ ਬੱਸ ਸਫ਼ਰ ਦੀ ਟਿਕਟ ਲੈਣਾ ਲਾਜ਼ਮੀ ਹੈ ਅਤੇ ਟਿਕਟ ਨਾ ਲੈਣ ਵਾਲਿਆਂ ਨੂੰ ਯਾਤਰਾ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਭਾਰਤੀ ਸ਼ਰਧਾਲੂਆਂ ਦੇ ਜਥੇ ਨੂੰ ਲੈ ਕੇ ਬੱਸ 10 ਅਪਰੈਲ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਹੋਵੇਗੀ। ਇਸ ਦੌਰਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ, ਗੁਰਦੁਆਰਾ ਕਰਤਾਰਪੁਰ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਆਦਿ ਗੁਰਧਾਮਾਂ ਦੀ ਯਾਤਰਾ ਕੀਤੀ ਜਾਵੇਗੀ। ਇਸ ਮਗਰੋਂ ਸ਼ਰਧਾਲੂਆਂ ਦਾ ਜਥਾ 19 ਅਪਰੈਲ ਨੂੰ ਭਾਰਤ ਪਰਤ ਆਵੇਗਾ।