ਪਾਕਿਸਤਾਨ ਕਰੇਗਾ ਰੱਖਿਆ ਖਰਚ ’ਚ 18 ਫ਼ੀਸਦ ਵਾਧਾ
ਇਸਲਾਮਾਬਾਦ, 6 ਮਈ
ਪਾਕਿਸਤਾਨ ਦੀ ਗੱਠਜੋੜ ਸਰਕਾਰ ਨੇ ਭਾਰਤ ਨਾਲ ਵਧਦੇ ਤਣਾਅ ਦੇ ਮੱਦੇਨਜ਼ਰ ਆਪਣੇ ਅਗਲੇ ਬਜਟ ’ਚ ਰੱਖਿਆ ਖਰਚ 18 ਫ਼ੀਸਦ ਵਧਾ ਕੇ 2.5 ਖ਼ਰਬ ਰੁਪਏ ਤੋਂ ਵੱਧ ਕਰਨ ਦੀ ਤਾਈਦ ਕੀਤੀ ਹੈ।
ਸਰਕਾਰ ਪਹਿਲੀ ਜੁਲਾਈ ਤੋਂ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਵਰ੍ਹੇ ਤੋਂ ਪਹਿਲਾਂ ਜੂਨ ਮਹੀਨੇ ਦੇ ਪਹਿਲੇ ਹਫ਼ਤੇ 2025-26 ਦਾ ਬਜਟ ਪੇਸ਼ ਕਰਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਦਹਿਸ਼ਤੀ ਹਮਲੇ ਦੌਰਾਨ 26 ਵਿਅਕਤੀਆਂ ਦੀ ਮੌਤ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ।
ਅਖ਼ਬਾਰ ‘ਦਿ ਟ੍ਰਿਬਿਊਨ ਐਕਸਪ੍ਰੈੱਸ’ ਦੀ ਖ਼ਬਰ ਮੁਤਾਬਕ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਵਫ਼ਦ ਨੇ ਪਾਰਟੀ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਹੇਠ ਸੋਮਵਾਰ ਨੂੰ ਬਜਟ ਮਾਮਲਿਆਂ ’ਤੇ ਚਰਚਾ ਲਈ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਉਨ੍ਹਾਂ ਆਰਥਿਕ ਮਾਮਲਿਆਂ ਬਾਰੇ ਟੀਮ ਨਾਲ ਮੁਲਾਕਾਤ ਕੀਤੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀਐੱਮਐੱਲ-ਐੱਨ) ਦੀ ਅਗਵਾਈ ਹੇਠਲੀ ਸਰਕਾਰ ਨੇ ਆਪਣੀ ਮੁੱਖ ਸਹਿਯੋਗੀ ਪੀਪੀਪੀ ਨਾਲ ਲਗਪਗ 17.5 ਖਰਬ ਰੁਪਏ ਦੇ ਨਵੇਂ ਬਜਟ ਦਾ ਖਰੜਾ ਸਾਂਝਾ ਕੀਤਾ, ਜਿਸ ਨੇ ਰੱਖਿਆ ਖਰਚ ’ਚ 18 ਫ਼ੀਸਦ ਵਾਧੇ ’ਤੇ ਸਹਿਮਤੀ ਜਤਾਈ ਹੈ। -ਪੀਟੀਆਈ