ਪਹਿਲਗਾਮ ਹਮਲੇ ਖ਼ਿਲਾਫ਼ ਲੋਕ ਰੋਹ ਅਤਿਵਾਦ ਦੇ ਅੰਤ ਦੀ ਸ਼ੁਰੂਆਤ: ਉਮਰ
ਜੰਮੂ, 28 ਅਪਰੈਲ
ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਜੰਮੂ-ਕਸ਼ਮੀਰ ਵਿੱਚ ਵੱਡੇ ਪੱਧਰ ਅਤੇ ਆਪ ਮੁਹਾਰੇ ਫੈਲੇ ਲੋਕ ਰੋਹ ਨੇ ਉਮੀਦ ਦੀ ਕਿਰਨ ਜਗਾਈ ਹੈ ਕਿ ਲੋਕਾਂ ਦੀ ਮਦਦ ਨਾਲ ਅਤਿਵਾਦ ਨੂੰ ਜਲਦੀ ਹੀ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਨੈਸ਼ਨਲ ਕਾਨਫਰੰਸ ਸਰਕਾਰ ਅਤਿਵਾਦ ਖ਼ਿਲਾਫ਼ ਲੋਕਾਂ ਦੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗੀ। ਅਬਦੁੱਲਾ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਦਮ ਨਾ ਚੁੱਕੇ, ਜੋ ਲੋਕਾਂ ਨੂੰ ਦੂਰ ਕਰਨ। ਪਹਿਲਗਾਮ ਦੀ ਬੈਸਰਨ ਘਾਟੀ ਵਿੱਚ 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਵਿੱਚ 26 ਜਣੇ ਮਾਰੇ ਗਏ ਸਨ ਜਿਨ੍ਹਾਂ ’ਚ ਜ਼ਿਆਦਾਤਰ ਸੈਲਾਨੀ ਸਨ।
ਹਮਲੇ ਵਿੱਚ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅਬਦੁੱਲਾ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਿਆ।
ਉਨ੍ਹਾਂ ਕਿਹਾ ਕਿ ਇਸ ਘਟਨਾ ਵਿਰੁੱਧ ਸੜਕਾਂ ’ਤੇ ਲੋਕਾਂ ਦਾ ਗੁੱਸਾ ਉਮੀਦ ਦੀ ਕਿਰਨ ਜਗਾਉਂਦਾ ਹੈ ਕਿ ਉਨ੍ਹਾਂ ਦੀ ਮਦਦ ਨਾਲ ਅਤਿਵਾਦ ਨੂੰ ਜਲਦੀ ਹੀ ਖਤਮ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਨਿਖੇਧੀ ਕਰਨ ਲਈ ਸਦਨ ਵਿੱਚ ਇੱਕ ਮਤੇ ’ਤੇ ਚਰਚਾ ਕਰਦਿਆਂ ਕਿਹਾ, ‘‘ਦਹਿਸ਼ਤ ਜਾਂ ਅਤਿਵਾਦ ਉਦੋਂ ਹੀ ਖਤਮ ਹੋਵੇਗਾ, ਜਦੋਂ ਲੋਕ ਸਾਡੇ ਨਾਲ ਹੋਣਗੇ। ਅਤਿਵਾਦੀ ਹਮਲੇ ਖ਼ਿਲਾਫ਼ ਲੋਕਾਂ ਦੇ ਗੁੱਸੇ ਨੂੰ ਦੇਖਦਿਆਂ ਜੇਕਰ ਅਸੀਂ ਢੁਕਵੇਂ ਕਦਮ ਚੁੱਕਦੇ ਹਾਂ ਤਾਂ ਇਹ ਇਸਦੇ ਖ਼ਤਮ ਹੋਣ ਦੀ ਸ਼ੁਰੂਆਤ ਹੈ’’
ਉਨ੍ਹਾਂ ਕਿਹਾ, ‘‘ਸਾਨੂੰ ਕੋਈ ਵੀ ਅਜਿਹੀ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਲੋਕਾਂ ਨੂੰ ਦੂਰ ਕਰ ਦੇਵੇ। ਅਸੀਂ ਬੰਦੂਕਾਂ ਨਾਲ ਅਤਿਵਾਦੀਆਂ ਨੂੰ ਕਾਬੂ ਨਹੀਂ ਕਰ ਸਕਦੇ, ਪਰ ਜੇਕਰ ਲੋਕ ਸਾਡੇ ਨਾਲ ਹਨ ਤਾਂ ਅਸੀਂ ਅਤਿਵਾਦ ਦਾ ਖਾਤਮਾ ਕਰ ਸਕਦੇ ਹਾਂ। ਮੈਨੂੰ ਜਾਪਦਾ ਹੈ ਕਿ ਹੁਣ ਸਮਾਂ ਆ ਗਿਆ ਜਦੋਂ ਲੋਕ ਉਸ ਦਿਸ਼ਾ ਵੱਲ ਵਧ ਰਹੇ ਹਨ।’’
ਜੰਮੂ-ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹਵਾਲਾ ਦਿੰਦਿਆਂ ਅਬਦੁੱਲਾ ਨੇ ਕਿਹਾ ਕਿ ਪਹਿਲੀ ਵਾਰ ਸ੍ਰੀਨਗਰ ਦੀ ਜਾਮੀਆ ਮਸਜਿਦ ਅਤੇ ਹੋਰ ਮਸਜਿਦਾਂ ਵਿੱਚ ਸ਼ੁੱਕਰਵਾਰ ਦੀ ਨਮਾਜ਼ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਰੱਖਿਆ ਗਿਆ ਹੈ।
ਮੁੱਖ ਮੰਤਰੀ ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਿਆਂ ਸਵੀਕਾਰ ਕੀਤਾ ਕਿ ਉਹ ਸੈਲਾਨੀਆਂ ਦੀ ਸੁਰੱਖਿਅਤ ਵਾਪਸੀ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਨਾਕਾਮ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਪਹਿਲਗਾਮ ਅਤਿਵਾਦੀ ਹਮਲੇ ਦਾ ਫਾਇਦਾ ਉਠਾਉਂਦਿਆਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦੇ ਦਰਜੇ ਦੀ ਬਹਾਲੀ ਲਈ ਕੇਂਦਰ ’ਤੇ ਦਬਾਅ ਨਹੀਂ ਪਾਉਣਗੇ।
ਅਬਦੁੱਲਾ ਨੇ ਕਿਹਾ, ‘‘ਜੰਮੂ ਕਸ਼ਮੀਰ ਵਿੱਚ ਸੁਰੱਖਿਆ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਚੁਣੀ ਹੋਈ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਪਰ ਮੈਂ ਇਸ ਮੌਕੇ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮੰਗਣ ਲਈ ਨਹੀਂ ਵਰਤਾਂਗਾ। ਮੈਂ ਹੁਣ ਵਿਸ਼ੇਸ਼ ਰਾਜ ਦਾ ਦਰਜਾ ਕਿਵੇਂ ਮੰਗ ਸਕਦਾ ਹਾਂ? ਮੈਂ ਸਸਤੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਕਰਦਾ। ਕੀ ਮੈਨੂੰ 26 ਜਾਨਾਂ ਗੁਆਉਣ ਵਾਲਿਆਂ ਦੀ ਕੋਈ ਪ੍ਰਵਾਹ ਨਹੀਂ ਹੋਣੀ ਚਾਹੀਦੀ ਅਤੇ ਹੁਣ ਰਾਜ ਦਾ ਦਰਜਾ ਮੰਗਦਿਆਂ ਕੇਂਦਰ ਕੋਲ ਜਾਣਾ ਚਾਹੀਦਾ ਹੈ?’’ ਉਨ੍ਹਾਂ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਸੋਸ਼ਲ ਮੀਡੀਆ ਹੈਂਡਲਰਾਂ ਨੂੰ ਵੀ ਚਿਤਾਵਨੀ ਦਿੱਤੀ। -ਪੀਟੀਆਈ
ਰਾਜਨਾਥ ਨੇ ਮੋਦੀ ਨੂੰ ਕਸ਼ਮੀਰ ਦੇ ਸੁਰੱਖਿਆ ਹਾਲਾਤ ਤੋਂ ਜਾਣੂ ਕਰਵਾਇਆ
ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਗਾਮ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਹਾਲਾਤ ਬਾਰੇ ਜਾਣਕਾਰੀ ਦਿੱਤੀ। 22 ਅਪਰੈਲ ਨੂੰ ਹੋਏ ਅਤਿਵਾਦੀ ਹਮਲੇ ਵਿੱਚ 26 ਵਿਅਕਤੀ ਮਾਰੇ ਗਏ, ਜਿਨ੍ਹਾਂ ’ਚੋਂ ਜ਼ਿਆਦਾਤਰ ਸੈਲਾਨੀ ਸਨ। ਭਾਰਤ ਨੇ ਇਸ ਹਮਲੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਅਹਿਦ ਲਿਆ ਹੈ। ਰਾਜਨਾਥ ਸਿੰਘ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਲਗਪਗ 40 ਮਿੰਟ ਦੀ ਮੀਟਿੰਗ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ। ਬੀਤੇ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਪਹਿਲਗਾਮ ਹਮਲੇ ਦੇ ‘ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ’ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਮੋਦੀ ਨੇ ਕਿਹਾ, ‘ਸਾਰੀ ਦੁਨੀਆ ਅਤਿਵਾਦ ਵਿਰੁੱਧ ਸਾਡੀ ਲੜਾਈ ਵਿੱਚ ਭਾਰਤ ਨਾਲ ਖੜ੍ਹੀ ਹੈ। -ਪੀਟੀਆਈ